ਸਿੱਖਿਅਤ ਨੌਜਵਾਨਾਂ ਨੂੰ ਵੀ ਨੌਕਰੀਆਂ ਨਾ ਮਿਲਣਾ ‘ਸ਼ਰਮ ਦੀ ਗੱਲ’: ਮਨਮੋਹਨ ਸਿੰਘ

ਨਵੀਂ ਦਿੱਲੀ– ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦਿੱਲੀ ਦੇ ਤਿਲਕ ਨਗਰ ’ਚ ਚੋਣ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਬੜੀ ਸ਼ਰਮ ਦੀ ਗੱਲ ਹੈ’ ਕਿ ਸਿੱਖਿਅਤ ਹੋਣ ਦੇ ਬਾਵਜੂਦ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਹਾਸਲ ਕਰਨ ਲਈ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਕਾਂਗਰਸ ਸਰਕਾਰ ਬਣਨ ’ਤੇ ਬੇਰੁਜ਼ਗਾਰੀ ਨਾਲ ਨਜਿੱਠਣ ਲਈ ‘ਠੋਸ ਕਦਮ’ ਚੁੱਕੇ ਜਾਣਗੇ। ਮਨਮੋਹਨ ਨੇ ਇਸ ਮੌਕੇ ਕਿਹਾ ਕਿ ਉਹ ਕਿਸੇ ਪਾਰਟੀ ਦੀ ਨਿਖੇਧੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ’ਚ ਲੰਘੇ ਚਾਰ ਮਹੀਨਿਆਂ ਦੌਰਾਨ ਬੇਰੁਜ਼ਗਾਰੀ ਦਰ ਕਾਫ਼ੀ ਉੱਚੀ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਨੇ ਇਸ ਮੌਕੇ ਲੋਕਾਂ ਤੋਂ ਰਾਜੌਰੀ ਗਾਰਡਨ ਤੇ ਤਿਲਕ ਨਗਰ ਦੇ ਪਾਰਟੀ ਉਮੀਦਵਾਰਾਂ ਲਈ ਵੋਟਾਂ ਮੰਗੀਆਂ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਜੰਗਪੁਰਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਦੋਵੇਂ ਕੇਵਲ ਸੱਤਾ ਲਈ ਲੜ ਰਹੇ ਹਨ ਤੇ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈ। ਰਾਹੁਲ ਨੇ ਕਿਹਾ ਕਿ ਮੋਦੀ-ਕੇਜਰੀਵਾਲ ਨਫ਼ਰਤ ਫੈਲਾ ਰਹੇ ਹਨ। ਨਫ਼ਰਤ-ਹਿੰਸਾ ਨਾਲ ਦੇਸ਼ ਵਾਸੀਆਂ ਦਾ ਕੋਈ ਫ਼ਾਇਦਾ ਹੋਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਦਾ ਨਿੱਘਰਦੀ ਆਰਥਿਕਤਾ ਵੱਲ ਵੀ ਕੋਈ ਧਿਆਨ ਨਹੀਂ ਹੈ। ਵਿੱਤ ਮੰਤਰੀ ਆਰਥਿਕ ਸੁਸਤੀ ਬਾਰੇ ਮੰਨਣ ਤੋਂ ਇਨਕਾਰੀ ਹੈ। ਰਾਹੁਲ ਨੇ ਕਿਹਾ ਕਿ ਕੋਈ ਵੀ ਧਰਮ ਦੂਜਿਆਂ ’ਤੇ ਹਮਲਾ ਕਰਨਾ, ਦਬਾਉਣਾ ਨਹੀਂ ਸਿਖਾਉਂਦਾ। ਉਨ੍ਹਾਂ ਸਵਾਲ ਕੀਤਾ ਕਿ ਮੋਦੀ ਤੇ ਆਰਐੱਸਐੱਸ ‘ਹਿੰਦੂ ਧਰਮ’ ਦੀ ਗੱਲ ਕਰਦੇ ਹਨ, ਪਰ ਹਿੰਦੂਤਵ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦਾ ਹੈ। ਰਾਹੁਲ ਨੇ ਦੋਸ਼ ਲਾਇਆ ਕਿ ‘ਮੋਦੀ ਸਿਰਫ਼ ਸਰਕਾਰ ਪੱਖੀ ਉਦਯੋਗਪਤੀਆਂ ਨੂੰ ਹੀ ਸਾਰੇ ਲਾਭ ਦੇ ਰਹੇ ਹਨ ਤੇ ਜਨਤਕ ਅਦਾਰੇ ਵੇਚ ਰਹੇ ਹਨ। ਉਹ ਤਾਜ ਮਹਿਲ ਵੀ ਵੇਚ ਸਕਦੇ ਹਨ।’

Previous articleਕਸ਼ਮੀਰ: ਦਰਜਨਾਂ ਪੱਤਰਕਾਰ ਅੱਠ ਕੰਪਿਊਟਰਾਂ ਨਾਲ ਕੰਮ ਸਾਰਨ ਲਈ ਮਜਬੂਰ
Next articleਕੀ ਵਧੀ ਬੇਰੁਜ਼ਗਾਰੀ ਵੀ ‘ਸੰਯੋਗ ਜਾਂ ਮੋਦੀ ਦਾ ਪ੍ਰਯੋਗ’: ਪ੍ਰਿਯੰਕਾ