ਸਿੰਗਲਾ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ਦੀ ਖਿੱਚ-ਧੂਹ

ਸਿੱਖਿਆ ਮੰਤਰੀ ਦੀ ਕੋਠੀ ਨੇੜੇ ਕਾਲੀ ਦੀਵਾਲੀ ਮਨਾਉਣ ਪੁੱਜੇ ਬੇਰੁਜ਼ਗਾਰ ਬੀ.ਐੱਡ. ਅਧਿਆਪਕਾਂ ਦੀ ਪੁਲੀਸ ਨਾਲ ਖਿੱਚ-ਧੂਹ ਹੋਈ। ਇਸ ਦੌਰਾਨ ਬੇਰੁਜ਼ਗਾਰ ਮਹਿਲਾ ਅਧਿਆਪਕਾਂ ਦੀਆਂ ਚੁੰਨੀਆਂ ਲੱਥੀਆਂ ਅਤੇ ਫ਼ਟ ਗਈਆਂ। ਧੱਕਾ-ਮੁੱਕੀ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦਾ ਗੁੱਸਾ ਉਦੋਂ ਹੋਰ ਭੜਕ ਗਿਆ ਜਦੋਂ ਇੱਕ ਬੇਰੁਜ਼ਗਾਰ ਮਹਿਲਾ ਅਧਿਆਪਕ ਨੇ ਦੋਸ਼ ਲਾਇਆ ਕਿ ਧੱਕਾ-ਮੁੱਕੀ ਦੌਰਾਨ ਡਿਊਟੀ ਮੈਜਿਸਟ੍ਰੇਟ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਹੈ ਅਤੇ ਉਸਦੇ ਥੱਪੜ ਮਾਰਿਆ ਹੈ। ਕਰੀਬ ਦਸ ਮਿੰਟ ਤੱਕ ਬੇਰੁਜ਼ਗਾਰ ਅਧਿਆਪਕਾਂ ਦੀ ਪੁਲੀਸ ਨਾਲ ਧੱਕਾ-ਮੁੱਕੀ ਚੱਲਦੀ ਰਹੀ।
ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਦੱਸਿਆ ਕਿ ਜੇ ਡਿਊਟੀ ਮੈਜਿਸਟ੍ਰੇਟ ਨੇ ਆਪਣੀ ਹਰਕਤ ਲਈ ਮੁਆਫ਼ੀ ਨਾ ਮੰਗੀ ਤਾਂ ਉਹ ਡਿਊਟੀ ਮੈਜਿਸਟ੍ਰੇਟ ਦੀ ਕੁੱਟਮਾਰ ਕਰਨ ਲਈ ਮਜਬੂਰ ਹੋਣਗੇ। ਇਸ ਦੌਰਾਨ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੁਝੇ ਹੋਏ ਦੀਵੇ ਅਤੇ ਮੋਮਬੱਤੀਆਂ ਰੱਖਣ ਵਿਚ ਸਫ਼ਲ ਰਹੇ। ਬੀਤੀ 8 ਸਤੰਬਰ ਤੋਂ ਟੈਟ ਪਾਸ ਬੀ.ਐਡ. ਬੇਰੁਜ਼ਗਾਰ ਅਧਿਆਪਕ ਇਥੇ ਡੀਸੀ ਕੰਪਲੈਕਸ ਅੱਗੇ ਪੱਕਾ ਮੋਰਚਾ ਲਗਾਈਂ ਬੈਠੇ ਹਨ। ਵਾਰ-ਵਾਰ ਪੈਨਲ ਮੀਟਿੰਗਾਂ ਅਤੇ ਹੋਰ ਭਰੋਸਿਆਂ ਦੇ ਬਾਵਜੂਦ ਅਜੇ ਤੱਕ ਬੇਰੁਜ਼ਗਾਰ ਅਧਿਆਪਕਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਅੱਜ ਬੇਰੁਜ਼ਗਾਰ ਅਧਿਆਪਕ, ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ‘ਕਾਲੀ ਦੀਵਾਲੀ’ ਮਨਾਉਣ ਲਈ ਰੋਸ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੁੱਜੇ, ਜਿਥੇ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਪ੍ਰਦਰਸ਼ਨਕਾਰੀ ਸਿੱਖਿਆ ਮੰਤਰੀ ਦੀ ਕੋਠੀ ਅੱਗੇ ‘ਬੁਝੇ ਹੋਏ ਦੀਵੇ’ ਲਗਾਉਣਾ ਚਾਹੁੰਦੇ ਸਨ। ਅੱਗੇ ਵਧਣ ਮੌਕੇ ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਪੁਲੀਸ ਨਾਲ ਖਿੱਚਧੂਹ ਹੋਈ। ਕਰੀਬ ਦਸ ਮਿੰਟ ਤੱਕ ਖਿੱਚ-ਧੂਹ ਮਗਰੋਂ ਏਡੀਸੀ ਰਾਜਿੰਦਰ ਬੱਤਰਾ ਅਤੇ ਡੀਐਸਪੀ ਸੱਤਪਾਲ ਸ਼ਰਮਾ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਦਿਆਂ ਮੰਨਿਆ ਕਿ ਕੁੱਝ ਅਧਿਆਪਕ ਕੋਠੀ ਤੱਕ ਜਾ ਸਕਦੇ ਹਨ। ਅਧਿਆਪਕਾਂ ਨੇ ਬੁਝੇ ਹੋਏ ਦੀਵੇ ਅਤੇ ਮੋਮਬੱਤੀਆਂ ਰੱਖ ਕੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕਰਦਿਆਂ ਸਰਕਾਰ ਪ੍ਰਤੀ ਰੋਸ ਪ੍ਰਗਟ ਕੀਤਾ।
ਮਹਿਲਾ ਅਧਿਆਪਕ ਕਿਰਨਪਾਲ ਕੌਰ ਨੇ ਇਸ ਮੌਕੇ ਦੋਸ਼ ਲਾਇਆ ਕਿ ਡਿਊਟੀ ਮੈਜਿਸਟ੍ਰੇਟ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਹੈ ਅਤੇ ਉਸਦੇ ਥੱਪੜ ਮਾਰਿਆ ਹੈ। ਅਧਿਆਪਕ ਗੁਰਜੀਤ ਕੌਰ ਖੇੜੀ ਨੇ ਮਰਦ ਪੁਲੀਸ ਮੁਲਾਜ਼ਮਾਂ ਉਪਰ ਮਹਿਲਾ ਅਧਿਆਪਕਾਂ ਨਾਲ ਖਿੱਚ-ਧੂਹ ਕਰਨ ਦਾ ਦੋਸ਼ ਲਾਇਆ। ਡਿਊਟੀ ਮੈਜਿਸਟ੍ਰੇਟ ਮਨਮੋਹਨ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਧੱਕਾ-ਮੁੱਕੀ ਦੌਰਾਨ ਉਸਦੀ ਪੱਗ ਲੱਥ ਗਈ ਸੀ ਜਿਸ ਨੂੰ ਉਹ ਸੰਭਾਲ ਰਹੇ ਸਨ। ਉਸ ਨੇ ਕਿਹਾ ਕਿ ਲੜਕੀਆਂ ਉਸ ਦੀਆਂ ਧੀਆਂ ਦੇ ਬਰਾਬਰ ਹਨ ਅਤੇ ਉਹ ਅਜਿਹਾ ਸੋਚ ਵੀ ਨਹੀਂ ਸਕਦੇ।
ਦੇਰ ਸ਼ਾਮ ਤੱਕ ਪ੍ਰਦਰਸ਼ਨਕਾਰੀ ਅਧਿਆਪਕ ਡਿਊਟੀ ਮੈਜਿਸਟ੍ਰੇਟ ਤੋਂ ਮੁਆਫ਼ੀ ਮੰਗਵਾਉਣ ਦੀ ਮੰਗ ’ਤੇ ਅੜੇ ਰਹੇ। ਆਖ਼ਰਕਾਰ ਪ੍ਰਸ਼ਾਸਨ ਦੀ ਤਰਫ਼ੋਂ ਇੱਕ ਅਧਿਕਾਰੀ ਵਲੋਂ ਕਿਹਾ ਗਿਆ ਕਿ ਕਿਸੇ ਵੀ ਅਧਿਕਾਰੀ ਦੀ ਅਜਿਹੀ ਕੋਈ ਮਨਸ਼ਾ ਨਹੀਂ ਸੀ, ਜੇ ਅਣਜਾਣੇ ਵਿਚ ਅਜਿਹਾ ਵਾਪਰਿਆ ਹੈ ਤਾਂ ਉਹ ਮੰਦਭਾਗਾ ਹੈ। ਡਿਊਟੀ ਮੈਜਿਸਟ੍ਰੇਟ ਨੇ ਵੱਖਰੇ ਤੌਰ ’ਤੇ ਮਹਿਲਾ ਅਧਿਆਪਕਾਵਾਂ ਨੂੰ ਮਿਲ ਕੇ ਮਾਮਲਾ ਨਿਬੇੜਨਾ ਹੀ ਬਿਹਤਰ ਸਮਝਿਆ।

Previous articleਮਹਾਰਾਸ਼ਟਰ: ਭਾਜਪਾ ਅਤੇ ਸ਼ਿਵ ਸੈਨਾ ’ਚ ਖਿੱਚੋਤਾਣ
Next articleਕਸ਼ਮੀਰ ਤੋਂ ਬਿਨਾਂ ਸੇਬ ਲੱਦੇ ਪਰਤ ਰਹੇ ਨੇ ਟਰੱਕ ਚਾਲਕ