ਸਿਹਤ ਮੁਲਾਜ਼ਮਾਂ ਨੇ ਭਲਕੇ ਮੋਤੀ ਮਹਿਲ ਘੇਰਨ ਦਾ ਵਜਾਇਆ ਬਿਗੁਲ

ਮਾਨਸਾ, 6 ਅਗਸਤ ( ਔਲਖ ) (ਸਮਾਜ ਵੀਕਲੀ) : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਸਿਹਤ ਮੁਲਾਜ਼ਮ 24 ਅਗਸਤ ਤੋਂ ਭੁੱਖ ਹੜਤਾਲ ਤੇ ਬੈਠੇ ਹਨ। ਇਸ ਭੁੱਖ ਹੜਤਾਲ ਨੂੰ ਅੱਜ 12ਵਾਂ ਦਿਨ ਹੋ ਚੁੱਕਾ ਹੈ ਪਰ ਸਿਹਤ ਮੁਲਾਜ਼ਮਾਂ ਨੂੰ ਕਰੋਨਾ ਵਾਰੀਅਰਜ਼ ਕਹਿਣ ਵਾਲੀ ਸਰਕਾਰ ਨੇ ਹਾਲੇ ਤੱਕ ਭੁੱਖ ਹੜਤਾਲ ਤੇ ਬੈਠੇ ਸਿਹਤ ਮੁਲਾਜ਼ਮਾਂ ਦੀ ਸਾਰ ਨਹੀਂ ਲਈ। ਜਿਸ ਨਾਲ ਸਿਹਤ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਨਤੀਜੇ ਵਜੋਂ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਨੇ ਸੂਬਾਈ ਮੀਟਿੰਗ ਦੌਰਾਨ 7 ਅਗਸਤ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਘੇਰਨ ਅਤੇ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ।

ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਦਫ਼ਤਰ ਵਿਖੇ ਅੱਜ  ਕਰਮਜੀਤ ਸਿੰਘ, ਵੀਰਪਾਲ ਕੌਰ, ਭਾਰਤ ਰਤਨ ਜੋਸ਼ੀ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ ਅਤੇ ਲਵਦੀਪ ਸਿੰਘ ਇਸ ਭੁੱਖ ਹੜਤਾਲ ਤੇ ਬੈਠੇ। ਮੁਲਾਜ਼ਮ ਆਗੂ ਰਾਜਪਾਲ ਕੌਰ ਨੇ ਦੱਸਿਆ ਕਿ ਸਾਡੀਆਂ ਮੰਗਾਂ ਵਿੱਚ ਐਨ. ਐਚ. ਐਮ. , 2211 ਅਤੇ ਠੇਕਾ ਆਧਾਰਿਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪੱਕੇ ਕਰਨ, 1263 ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਕਰਨ ਅਤੇ ਕੋਵਿਡ-19 ਦੌਰਾਨ ਮਲਟੀਪਰਪਜ਼ ਕਾਮਿਆਂ ਵੱਲੋਂ ਨਿਭਾਈ ਭੂਮਿਕਾ ਬਦਲੇ ਸਮੁੱਚੇ ਕੇਡਰ ਨੂੰ ਸਪੈਸ਼ਲ ਇੰਕਰੀਮੈਂਟ ਦੇਣ ਦੀ ਮੰਗਾਂ ਸ਼ਾਮਲ ਹਨ।

ਇਸ ਮੌਕੇ ਜਥੇਬੰਦੀ ਦੇ ਆਗੂਆਂ ਲਵਦੀਪ ਸਿੰਘ ਅਤੇ ਰੁਪਿੰਦਰ ਕੌਰ  ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿਹਤ ਮਹਿਕਮੇ ਵਿੱਚ ਕੰਮ ਕਰਦੇ ਸਿਹਤ ਕਾਮਿਆਂ ਨੂੰ ਅੱਖੋਂ ਪਰੋਖੇ ਕਰਕੇ ਮਹਿਕਮੇ ਵਿੱਚ ਪੱਕੇ ਤੌਰ ਤੇ ਭਰਤੀ ਕੀਤੀ ਜਾ ਰਹੀ ਹੈ ਜਦੋਂ ਕਿ 12-12 ਸਾਲ ਤੋਂ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਇਸ ਆਸ ਨਾਲ ਕੰਮ ਕਰ ਰਹੀਆਂ ਹਨ ਕਿ 12 ਸਾਲ ਬਾਅਦ ਸ਼ਾਇਦ ਉਨ੍ਹਾਂ ਦੀ ਵੀ ਸੁਣੀ ਜਾਵੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਦੇ ਵਿਰੁੱਧ ਸਿਹਤ ਕਾਮਿਆਂ ਨੇ ਇਕੱਠੇ ਹੋ ਕੇ ਸੰਘਰਸ਼ ਦਾ ਬਿਗੁਲ ਵਜਾਇਆ ਹੈ।

ਇਸ ਮੌਕੇ ਜਗਦੀਸ਼ ਸਿੰਘ ਪੱਖੋ, ਚਾਨਣ ਦੀਪ ਸਿੰਘ, ਸੰਜੀਵ ਕੁਮਾਰ, ਨਿਰਮਲ ਸਿੰਘ ਕਣਕਵਾਲੀਆ ਆਦਿ ਬੁਲਾਰਿਆਂ ਨੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਦੀ ਨਿਖੇਦੀ ਕੀਤੀ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਨੇ ਦੱਸਿਆ ਕਿ ਕੱਲ੍ਹ ਨੂੰ ਪਟਿਆਲਾ ਵੱਲ ਕੂਚ ਕਰਨ ਲਈ ਸਿਹਤ ਮੁਲਾਜ਼ਮਾਂ ਵਿੱਚ ਭਾਰੀ ਉਤਸ਼ਾਹ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਸਿਹਤ ਮੁਲਾਜ਼ਮ ਅਤੇ ਭਰਾਤਰੀ ਜਥੇਬੰਦੀਆਂ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪਹੁੰਚਣਗੀਆਂ। ਇਸ ਮੌਕੇ  ਸੁਖਵੀਰ ਸਿੰਘ, ਗਗਨਦੀਪ ਸਿੰਘ, ਅਵਤਾਰ ਸਿੰਘ, , ਨਿਰਮਲ ਸਿੰਘ ਰੱਲਾ ਅਤੇ  ਜਮੂਹਰੀ ਕਿਸਾਨ ਸਭਾ ਵੱਲੋਂ ਮੇਜ਼ਰ ਸਿੰਘ ਅਤੇ ਜੀਵਨ ਸਿੰਘ ਆਦਿ ਹਾਜ਼ਰ ਸਨ।

Previous articleCongress party’s ‘Contribution’ to build Ram Temple in Ayodhya
Next articleਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭ੍ਰਿਸ਼ਟਾਚਾਰ ਦੀਆਂ ਤੱਕੜੀਆਂ ‘ਚ ਨਾ ਤੋਲਣ ਹੁਕਮਰਾਨ – ਅਸ਼ੋਕ ਸੰਧੂ ਨੰਬਰਦਾਰ