ਸਿਰਜਣਾ ਕੇਂਦਰ ਕਪੂਰਥਲਾ ਨੇ ਆਲਮੀ ਮਾਂ ਬੋਲੀ ਦਿਵਸ ਤੇ ਕਵੀ ਦਰਬਾਰ ਕਰਵਾਇਆ

(ਸਮਾਜ ਵੀਕਲੀ)

ਕਪੂਰਥਲਾ, (ਕੇਵਲ ਸਿੰਘ ਰੱਤੜਾ)- 21 ਫਰਵਰੀ ਅੰਤਰ- ਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਜਿਲਾ ਹੈਡਕੁਆਟਰ ਵਿੱਚ ਸਥਿਤ ਖੂਬਸੂਰਤ ਵਿਰਸਾ ਵਿਹਾਰ ਵਿੱਚ ਜਿਲ੍ਹੇ ਦੀ ਸਿਰਮੌਰ ਸਾਹਿਤ , ਕਲਾ ਅਤੇ ਸਭਿਆਚਾਰ ਨੂੰ ਸਮਰਪਿਤ ਸੰਸਥਾ “ ਸਿਰਜਣਾ ਕੇਂਦਰ ਕਪੂਰਥਲਾ (ਰਜਿ) ਵਲੋਂ ਵਿਸ਼ੇਸ਼ ਸਮਾਗਮ ਅਤੇ ਕਵੀ ਦਰਬਾਰ ਦਾ ਆਯੋਜਿਨ ਕੀਤਾ ਗਿਆ। ਦਿੱਤੇ ਹੋਏ ਪ੍ਰੋਗਰਾਮ ਮੁਤਾਬਕ ਪਹਿਲਾਂ ਦੂਰੋਂ ਆਏ ਲੇਖਕ , ਕਵੀਆਂ ਅਤੇ ਕਾਲਮ ਨਵੀਸ ਮੈਂਬਰਾਂ ਅਤੇ ਹੋਰ ਮਹਿਮਾਨਾਂ ਨੂੰ ਚਾਹ ਅਤੇ ਸਨੈਕਸ ਵਰਤਾਉਣ ਦੇ ਬਾਅਦ ਕੇਂਦਰ ਦੇ ਸਕੱਤਰ ਸ਼੍ਰੀ ਰੌਸ਼ਨ ਖੈੜਾ ਨੇ ਪ੍ਰਧਾਨਗੀ ਮੰਡਲ ਵਿੱਚ ਨਾਮਵਰ ਸ਼ਾਇਰ ਚੰਨ ਮੋਮੀ , ਮੈਡਮ ਪ੍ਰੋਮਿਲਾ ਅਰੋੜਾ , ਉਸਤਾਦ ਗ਼ਜਲਗੋ ਸੁਰਜੀਤ ਸਾਜਨ, ਸਾਬਕਾ ਸਕੱਤਰ ਕੰਵਰ ਇਕਬਾਲ ਸਿੰਘ ਅਤੇ ਵਿਸ਼ੇਸ਼ ਵਿਦੇਸ਼ੀ ਮਹਿਮਾਨ , ਸੂਫੀ ਕਵੀ ਅਤੇ ਗਾਇਕ ਦੁਖਭੰਜਨ ਰੰਧਾਵਾ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਵਰਨਣਯੋਗ ਹੈ ਕਿ ਸਿਰਜਣ ਕੇਂਦਰ ਦੇ 55 ਤੋਂ ਵੱਧ ਤਾਂ ਕਵੀ ਹੀ ਪੱਕੇ ਮੈਂਬਰ ਹਨ। ਕਾਲਜ ਅਧਿਆਪਕ, ਸੇਵਾ ਮੁਕਤ ਪ੍ਰਿੰਸੀਪਲ, ਅਧਿਆਪਕ , ਪੱਤਰਕਾਰ ਲੇਖਕ ਅਤੇ ਸਵੈ ਰੁਜਗਾਰੀ ਲੇਖਕਾਂ ਤੋਂ ਇਲਾਵਾ ਵਿਦੇਸ਼ਾ ਵਿੱਚ ਵਸਦੇ ਪ੍ਰਵਾਸੀ ਸਾਇੰਸਦਾਨ ਆਦਿ ਵੀ ਸ਼ਾਮਿਲ ਹਨ।

ਸਭ ਤੋਂ ਪਹਿਲਾਂ ਕਵੀ ਦਰਬਾਰ ਵਿੱਚ ਹਾਜਰ ਕਵੀਆਂ ਨੇ ਮਾਂ ਬੋਲੀ ਨੂੰ ਸੰਬੋਧਿਤ ਆਪਣੀਆਂ ਰਚਨਾਵਾਂ ਸੁਣਾਈਆਂ। ਕਿਸਾਨੀ ਸੰਘਰਸ਼ ਨੂੰ ਵੀ ਧਰਤੀ ਮਾਂ ਅਤੇ ਪੰਜਾਬੀ ਸਭਿਆਚਾਰ ਦੇ ਪਹਿਰੇਦਾਰ ਮੰਨਦਿਆਂ ਸ਼ਾਮਲ ਕਰ ਲਿਆ ਗਿਆ।ਕਈ ਕਵੀਆਂ ਨੇ ਤਾਜ਼ਾ ਰਚਨਾਵਾਂ ਨਾਲ ਰੁਮਾਂਟਿਕ ਮਹੌਲ ਵੀ ਸਿਰਜਿਆ। ਪ੍ਰਿੰ. ਕੇਵਲ ਸਿੰਘ ਰੱਤੜਾ ਨੇ ਆਪਣੀ ਕਵਿਤਾ “ ਮੇਰੀ ਮਾਂ ਅਤੇ ਬੋਲੀ “ ਪੜਨ ਤੋਂ ਪਹਿਲਾਂ ਅੱਜ ਦੇ ਸਮੇਂ ਵਿੱਚ ਪੰਜਾਬੀ ਬੋਲੀ ਦੇ ਸਾਹਮਣੇ ਚੁਣੌਤੀਆਂ ਲਈ ਸਰਕਾਰਾਂ ਦੀ ਅਣਦੇਖੀ ਦਾ ਵਿਸ਼ੇਸ਼ ਜਿਕਰ ਕੀਤਾ। ਭਾ਼ਸ਼ਾ ਦੀ ਬਹੁਅਰਥੀ ਵਰਤੋਂ ਅਤੇ ‘ਚਿੰਤਕ’ ਸ਼ਬਦ ਦੀ ਪ੍ਰਚਲਿਤ ਵਰਤੋਂ ਬਾਰੇ ਕਈ ਵਿਰੋਧਾਭਾਸ ਹੋਣ ਬਾਰੇ ਰੌਚਕ ਜਾਣਕਾਰੀ ਸਾਂਝੀ ਕੀਤੀ। ਮਲਕੀਤ ਮੀਤ ਅਤੇ ਰਾਣਾ ਸੈਦੋਵਾਲੀਆ ਦੀਆਂ ਮਕਬੂਲ ਕਵਿਤਾਵਾਂ ਨੂੰ ਵੀ ਖੂਬ ਵਾਹ ਵਾਹ ਮਿਲੀ। ਅਖੀਰ ਵਿੱਚ ਪ੍ਰਵਾਸੀ ਕਵੀ ਦੁਖਭੰਜਨ ਰੰਧਾਵਾ ਨੇ ਆਪਣੀ ਨਵੀਂ ਕਿਤਾਬ ਵਿੱਚੋਂ ਬਾਬਾ ਨਜ਼ਮੀ ਦੇ ਰੰਗ ਵਿੱਚ ਸੁਰ ਮਈ ਤਰਨੰਮ ਜਾਦੂ ਬਿਖੇਰਿਆ ਅਤੇ ਕਵੀ ਦਰਬਾਰ ਨੂੰ ਬੁਲੰਦੀ ਤੇ ਪਹੁੰਚਾ ਦਿੱਤਾ।

ਆਖਰ ਵਿੱਚ ਸਿਰਜਣਾ ਕੇਂਦਰ ਦੇ ਪ੍ਰਧਾਨ ਡਾ ਆਸਾ ਸਿੰਘ ਘੁੰਮਣ (ਸੇਵਾ ਮੁਕਤ ਕਾਲਜ ਪ੍ਰਿੰਸੀਪਲ) ਨੇ ਪੰਜਾਬੀ ਬੋਲੀ ਦੀ ਰੁਜਗਾਰ , ਸਰਕਾਰ ਅਤੇ ਪਰਿਵਾਰ ਲ਼ਈ ਘੱਟਦੀ ਕਦਰ ਦੇ ਕਾਰਣਾ ਦਾ ਉਲੇਖ ਕੀਤਾ। ਆਈਲੈਟਸ ਕਰਕੇ ਵਿਦੇਸ਼ਾਂ ਵੱਲ ਨੂੰ ਜਾਂਦੀ ਜਵਾਨੀ ਦੀਆਂ ਡਾਰਾਂ ਵੀ ਫਿਕਰ ਅਤੇ ਜ਼ਿਕਰ ਦਾ ਕੇਂਦਰ ਬਣੀਆਂ। 7 ਮਾਰਚ ਦੇ ਸਾਲਾਨਾ ਪ੍ਰੋਗਰਾਮ ਦੀ ਰੂਪ ਰੇਖਾ ਦੇ ਨਾਲ ਹੀ ਡਾ ਘੁੰਮਣ ਨੇ ਹਾਜਰ ਮੈਂਬਰਾਂ ਅਤੇ ਮਹਿਮਾਨਾਂ ਵਿਸ਼ੇਸ਼ ਤੌਰ ਤੇ ਦੁਖਭੰਜਨ ਰੰਧਾਵਾ ਦਾ ਧੰਨਵਾਦ ਕੀਤਾ ।

Previous articleAbhishek Banerjee’s wife responds to CBI notice, ready to be quizzed
Next articleਜਦੋਂ ਮੈਨੂੰ ਪੁਰਸਕਾਰ ਮਿਲਿਆ !