ਸਿਡਨੀ ਵਿੱਚ ਸਿੱਖਾਂ ’ਤੇ ਬਦਮਾਸ਼ਾਂ ਵੱਲੋਂ ਹਮਲਾ

ਚੰਡੀਗੜ੍ਹ (ਸਮਾਜ ਵੀਕਲੀ) : ਸਿਡਨੀ ’ਚ ਕੁਝ ਸਿੱਖਾਂ ਨੇ ਨਫ਼ਰਤੀ ਹਿੰਸਾ ਦੇ ਪੀੜਤ ਹੋਣ ਦਾ ਦਾਅਵਾ ਕੀਤਾ ਹੈ। ਸਿੱਖਾਂ ਨੇ ਦੱਸਿਆ ਕਿ ਕੁਝ ਬਦਮਾਸ਼ਾਂ ਨੇ ਐਤਵਾਰ ਨੂੰ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਸਨ। ਸੀਸੀਟੀਵੀ ਫੁਟੇਜ ’ਚ ਨਜ਼ਰੀਂ ਪੈਂਦਾ ਹੈ ਕਿ ਕੁਝ ਬਦਮਾਸ਼ਾਂ ਵੱਲੋਂ ਕੀਤੇ ਗਏ ਹਮਲੇ ਮਗਰੋਂ ਸਿੱਖ ਕਾਰ ’ਚ ਭੱਜਦੇ ਨਜ਼ਰ ਆ ਰਹੇ ਹਨ। ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਬੱਲਿਆਂ ਅਤੇ ਹਥੌੜਿਆਂ ਨਾਲ ਭੰਨ ਦਿੱਤੀ ਸੀ।

‘7 ਨਿਊਜ਼’ ਦੀ ਰਿਪੋਰਟ ਮੁਤਾਬਕ ਸਿੱਖ ਵਿਅਕਤੀ ਹਮਲੇ ਵੇਲੇ ਕਾਰ ਦੇ ਅੰਦਰ ਹੀ ਸਨ। ਸਿੱਖਾਂ ਨੇ ਦਾਅਵਾ ਕੀਤਾ ਹੈ ਕਿ ਹਮਲਾਵਰਾਂ ਨੇ ਕਾਰ ਦਾ 10 ਹਜ਼ਾਰ ਡਾਲਰ ਤੋਂ ਵੱਧ ਦਾ ਨੁਕਸਾਨ ਕੀਤਾ ਹੈ। ਜਦੋਂ ਉਹ ਮੌਕੇ ਤੋਂ ਬਚ ਕੇ ਨਿਕਲ ਗਏ ਤਾਂ ਹਮਲਾਵਾਰਾਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਮੁੜ ਹਮਲਾ ਕੀਤਾ। ਇਹ ਘਟਨਾ ਐਤਵਾਰ ਨੂੰ ਸਿਡਨੀ ਵੈਸਟ ਦੇ ਹੈਰਿਸ ਪਾਰਕ ’ਚ ਵਾਪਰੀ ਜਿਥੇ ਪਹਿਲਾਂ ਤੋਂ ਹੀ ਤਣਾਅ ਬਣਿਆ ਹੋਇਆ ਹੈ। ਇਕ ਪੀੜਤ ਨੇ ਕਿਹਾ ਕਿ ਜਿਸ ਢੰਗ ਨਾਲ ਉਨ੍ਹਾਂ ’ਤੇ ਹਮਲਾ ਹੋਇਆ ਹੈ, ਉਸ ਨਾਲ ਕੋਈ ਵੀ ਮਾਰਿਆ ਜਾ ਸਕਦਾ ਸੀ। ਉਸ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਇਸ ਲਈ ਬਣਾਇਆ ਗਿਆ ਕਿਉਂਕਿ ਉਨ੍ਹਾਂ ਪੱਗਾਂ ਬੰਨ੍ਹੀਆਂ ਹੋਈਆਂ ਸਨ।

ਲਿਟਿਲ ਇੰਡੀਆ ਆਸਟਰੇਲੀਆ ਐਸੋਸੀਏਸ਼ਨ ਦੇ ਕਮਲ ਸਿੰਘ ਨੇ ਕਿਹਾ ਕਿ ਉਹ ਸ਼ਾਂਤੀ ਨਾਲ ਸਾਰੇ ਮਸਲੇ ਦਾ ਨਿਪਟਾਰਾ ਚਾਹੁੰਦੇ ਹਨ ਅਤੇ ਕੋਈ ਵੀ ਇਕ-ਦੂਜੇ ਨਾਲ ਨਾ ਲੜੇ। ‘ਟਰਬਨਜ਼ 4 ਆਸਟਰੇਲੀਆ’ ਦੇ ਅਮਰ ਸਿੰਘ ਨੇ ਕਿਹਾ ਕਿ ਗਲੈਨਵੁੱਡ ’ਚ ਦੋ ਕੁ ਹਫ਼ਤੇ ਪਹਿਲਾਂ ਗੁਰਦੁਆਰੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਪੁਲੀਸ ਤਹਿਕੀਕਾਤ ਕਰ ਰਹੀ ਹੈ ਕਿ ਇਹ ਨਸਲੀ ਹਮਲਾ ਸੀ ਜਾਂ ਕਿਸੇ ਸਿਆਸੀ ਤਣਾਅ ਕਾਰਨ ਘਟਨਾ ਵਾਪਰੀ ਹੈ। ਸਹਾਇਕ ਪੁਲੀਸ ਕਮਿਸ਼ਨਰ ਪੀਟਰ ਥੁਰਟੈੱਲ ਨੇ ਕਿਹਾ ਕਿ ਸਿੱਖ ਘੱਟ ਗਿਣਤੀ ਹਨ ਪਰ ਐੱਨਐੱਸਡਬਲਿਊ ਪੁਲੀਸ ਕਿਸੇ ਵੀ ਹਾਲਾਤ ’ਚ ਹਮਲੇ ਨੂੰ ਸਹਿਣ ਨਹੀਂ ਕਰੇਗੀ। ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

Previous articleਭਾਰਤ ਦੀ ਸੁਰੱਖਿਆ ਲਈ ਅਮਰੀਕਾ ਨੇ ਵਚਨਬੱਧਤਾ ਪ੍ਰਗਟਾਈ: ਅਮਰੀਕਾ
Next articleਪਿੰਡ ਡੱਲੀ ਦੀਆਂ ਸੰਗਤਾਂ ਵੱਲੋ ਮਨਾਇਆ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ।