ਸਿਡਨੀ ਟੈਸਟ: ਭਾਰਤ ਲੜੀ ਜਿੱਤਣ ਦੇ ਕਰੀਬ

ਮੀਂਹ ਅਤੇ ਖਰਾਬ ਰੋਸ਼ਨੀ ਕਾਰਨ ਚੌਥੇ ਤੇ ਅੰਤਿਮ ਕ੍ਰਿਕਟ ਟੈਸਟ ਦੇ ਚੌਥੇ ਦਿਨ ਭਾਰਤ ਵੱਡੀ ਜਿੱਤ ਦੇ ਕਰੀਬ ਪੁੱਜਣ ਵਿਚ ਨਾਕਾਮ ਰਿਹਾ ਪਰ 1988 ਤੋਂ ਬਾਅਦ ਪਹਿਲੀ ਵਾਰ ਆਸਟਰੇਲੀਆ ਨੂੰ ਉਸ ਦੀ ਸਰਜ਼ਮੀ ਉੱਤੇ ਫਾਲੋਆਨ ਲਈ ਮਜਬੂਰ ਕਰਕੇ ਭਾਰਤੀ ਟੀਮ ਜਿੱਤ ਦੀ ਰਾਹ ਉੱਤੇ ਹੈ। ਖ਼ਰਾਬ ਮੌਸਮ ਕਾਰਨ ਚੌਥੇ ਦਿਨ ਸਿਰਫ 25.2 ਓਵਰ ਹੀ ਖੇਡੇ ਜਾ ਸਕੇ। ਆਸਟਰੇਲੀਆ ਨੇ ਫਾਲੋਆਨ ਖੇਡਦਿਆਂ ਦੂਜੀ ਪਾਰੀ ਵਿਚ ਚਾਰ ਓਵਰਾਂ ਉੱਤੇ ਬਿਨਾਂ ਵਿਕਟ ਖੋਏ 6 ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਚਾਈਨਾਮੈਨ ਸਪਿੰਨਰ ਕੁਲਦੀਪ ਯਾਦਵ (99 ਦੌੜਾਂ ਦੇ ਕੇ ਪੰਜ ਵਿਕਟਾਂ) ਨੇ ਆਸਟਰੇਲਿਆਈ ਸਰਜ਼ਮੀ ਉੱਤੇ ਪਹਿਲੇ ਹੀ ਟੈਸਟ ਵਿਚ ਪੰਜ ਵਿਕਟਾਂ ਝਟਕੀਆਂ, ਜਿਸ ਨਾਲ ਮੇਜ਼ਬਾਨ ਟੀਮ ਪਹਿਲੀ ਪਾਰੀ ਵਿਚ 300 ਦੌੜਾਂ ਉੱਤੇ ਸਿਮਟ ਗਈ। ਖ਼ਰਾਬ ਰੋਸ਼ਨੀ ਕਾਰਨ ਜਦੋਂ ਚਾਹ ਲਈ ਸਮਾਂ ਜਲਦੀ ਲਿਆ ਗਿਆ ਤਾਂ ਮਾਰਕਸ ਹੈਰਿਸ (2) ਅਤੇ ਉਸਮਾਨ ਖ਼ਵਾਜ਼ਾ ਚਾਰ ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਤੋਂ ਬਾਅਦ ਦੁਬਾਰਾ ਖੇਡ ਸ਼ੁਰੂ ਨਹੀਂ ਹੋ ਸਕੀ। ਆਸਟਰੇਲੀਆ ਹੁਣ ਵੀ ਭਾਰਤ ਤੋਂ 316 ਦੌੜਾਂ ਪਿੱਛੇ ਹੈ। ਅੰਪਾਇਰਾਂ ਨੇ ਚਾਹ ਦੇ ਸਮੇਂ ਤੋਂ ਇੱਕ ਘੰਟਾ ਮੌਸਮ ਵਿਚ ਸੁਧਾਰ ਲਈ ਹੋਰ ਉਡੀਕ ਕੀਤੀ। ਇਸ ਤੋਂ ਬਾਅਦ ਮੀਂਹ ਫਿਰ ਸ਼ੁਰੂ ਹੋ ਗਿਆ ਅਤੇ ਸਥਾਨਕ ਸਮੇਂ ਅਨੁਸਾਰ ਸ਼ਾਮ 5:20 ਉੱਤੇ ਅੰਪਾਇਰਾਂ ਨੇ ਦਿਨ ਦੀ ਖੇਡ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ। ਇਸ ਤੋਂ ਪਹਿਲਾਂ ਕੁਲਦੀਪ ਦੀ ਫਿਰਕੀ ਦੇ ਜਾਦੂ ਸਾਹਮਣੇ ਆਸਟਰੇਲੀਆ ਦੀ ਟੀਮ ਪਹਿਲੀ ਪਾਰੀ ਵਿਚ 104.5 ਓਵਰਾਂ ਦੇ ਵਿਚ 300 ਦੌੜਾਂ ਉੱਤੇ ਆਊਟ ਹੋ ਗਈ। ਮੇਜ਼ਬਾਨ ਟੀਮ ਦੀ ਤਰਫੋਂ ਸਲਾਮੀ ਬੱਲੇਬਾਜ਼ ਮਾਰਕਸ ਹੈਰਿਸ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ। ਭਾਰਤ ਨੇ 322 ਦੌੜਾਂ ਦੀ ਲੀਡ ਹਾਸਲ ਕਰਨ ਬਾਅਦ ਆਸਟਰੇਲੀਆਂ ਨੂੰ ਫਾਲੋਆਨ ਕਰਨ ਦੇ ਲਈ ਕਿਹਾ। ਸਵੇਰ ਦਾ ਸੈਸ਼ਨ ਮੀਂਹ ਅਤੇ ਖਰਾਬ ਮੌਸਮ ਦੀ ਭੇਟ ਚੜ੍ਹਨ ਬਾਅਦ ਖੇਡ ਸਥਾਨਕ ਸਮੇਂ ਅਨੁਸਾਰ ਇੱਕ ਵੱਜ ਕੇ 50 ਮਿੰਟ ਉੱਤੇ ਸ਼ੁਰੂ ਹੋਈ। ਭਾਰਤ ਨੇ ਸਵੇਰੇ ਨਵੀਂ ਗੇਂਦ ਲਈ ਅਤੇ ਟੀਮ ਨੂੰ ਸਫਲਤਾ ਵੀ ਮਿਲੀ। ਮੁਹੰਮਦ ਸ਼ਮੀ (58 ਦੌੜਾਂ ਉੱਤੇ ਦੋ ਵਿਕਟਾਂ) ਨੇ ਖੇਡ ਸ਼ੁਰੂ ਹੁੰਦਿਆਂ ਸਾਰ ਹੀ ਛੇਵੀਂ ਗੇਂਦ ਉੱਤੇ ਪੈਟ ਕਮਿਨਸ (25) ਨੂੰ ਬੋਲਡ ਕਰ ਦਿੱਤਾ। ਕਮਿਨਸ ਸ਼ਮੀ ਦੀ ਹੇਠਾਂ ਰਹਿੰਦੀ ਗੇਂਦ ਨੂੰ ਬਿਲਕੁਲ ਵੀ ਸਮਝ ਨਹੀਂ ਸਕਿਆ ਅਤੇ ਆਪਣੇ ਸਟੰਪ ਗਵਾ ਬੈਠਾ। ਜਸਪ੍ਰੀਤ ਬੁਮਰਾਹ (61 ਦੌੜਾਂ ਉੱਤੇ ਇੱਕ ਵਿਕਟ) ਨੇ ਪੀਟਰ ਹੈਂਡਜ਼ਕੌਂਬ (37) ਦੀ ਪਾਰੀ ਦਾ ਅੰਤ ਕਰ ਦਿੱਤਾ। ਹੈਂਡਜ਼ਕੌਂਬ ਬਮਰਾਹ ਦੀ ਗੇਂਦ ਨੂੰ ਵਿਕਟਾਂ ਉੱਤੇ ਖੇਡ ਗਿਆ। ਕੁਲਦੀਪ ਨੇ ਨਾਥਨ ਲਿਓਨ (0) ਨੂੰ ਟੰਗ ਅੜਿੱਕਾ ਆਊਟ ਕਰਕੇ 9ਵਾਂ ਝਟਕਾ ਦਿੱਤਾ। ਆਸਟਰੇਲੀਆ ਨੇ ਚੁਤਾਲੀ ਗੇਂਦਾਂ ’ਚ 22 ਦੌੜਾਂ ਬਣਾਉਂਦਿਆਂ ਤਿੰਨ ਵਿਕਟਾਂ ਗਵਾ ਲਈਆਂ। ਇਸ ਦੌਰਾਨ ਕੁਲਦੀਪ ਨੂੰ ਤੁਰੰਤ ਹੀ ਪੰਜ ਵਿਕਟਾਂ ਲੈਣ ਦਾ ਮੌਕਾ ਮਿਲਿਆ ਪਰ ਹਨੁਮਾ ਬਿਹਾਰੀ ਨੇ ਮਿਡ ਆਨ ਉੱਤੇ ਜੋਸ਼ ਹੇਜਲਵੁੱਡ (21) ਦਾ ਕੈਚ ਛੱਡ ਦਿੱਤਾ ਜਦੋਂ ਕਿ ਉਸ ਨੇ ਖਾਤਾ ਵੀ ਨਹੀਂ ਖੋਲ੍ਹਿਆ ਸੀ। ਇਸ ਤੋਂ ਬਾਅਦ ਵਿਹਾਰੀ ਦੇ ਮੋਢੇ ਉੱਤੇ ਵੀ ਸੱਟ ਲੱਗ ਗਈ ਤੇ ਹਾਰਦਿਕ ਪੰਡਯ ਨੂੰ ਉਸ ਦੀ ਥਾਂ ਫੀਲਡਿੰਗ ਲਈ ਭੇਜਿਆ ਗਿਆ।

Previous articleਐਨਡੀਏ ਹੁਣ ਡੁੱਬ ਰਿਹੈ ਜਹਾਜ਼, ਛੱਡ ਕੇ ਜਾ ਰਹੇ ਨੇ ਸਹਿਯੋਗੀ: ਥਰੂਰ
Next article4000 वैज्ञानिकों की लिस्‍ट में भारत के 10 वैज्ञानिकों का नाम शामिल :- अमनदीप सिद्ध