ਸਿਆਲਾਂ ਦੀਆਂ ਧੂਣੀਆਂ

ਗੁਰਮੀਤ ਕੌਰ

(ਸਮਾਜ ਵੀਕਲੀ)

ਸ਼ਾਮ ਦੇ ਛੇ ਵਜੇ ਸਨ। ਮੈਂ ਰਸੋਈ ਵਿਚ ਰੋਟੀਆਂ ਬਣਾ ਰਹੀ ਸੀ। ਸਾਡੇ ਘਰ ਦੇ ਪਿਛਲੇ ਗੇਟ ਤੇ ਜ਼ੋਰ-ਜ਼ੋਰ ਨਾਲ ਹਾਰਨ ਵੱਜ ਰਹੇ ਸਨ। ਮੈਂ ਆਵਾਜ਼ ਸੁਣਦਿਆਂ ਹੀ ਗੇਟ ਵੱਲ ਦੌੜੀ ਗਈ, ਗੇਟ ਖੋਲ੍ਹਿਆ ਤੇ ਦੇਖਿਆ ਤਾਂ ਸਾਡਾ ਚਾਚਾ (ਪਾਲ਼ੀ) ਟਰੈਕਟਰ ਤੇ ਬੈਠਾ ਸੀ। ਟਰੈਕਟਰ ਅੰਦਰ ਵੜਦਿਆਂ ਸਾਰ ਹੀ ਮੇਰੀ ਨਿਗਾਹ ਗਲੀ ਵਿਚ ਬਲ ਰਹੀ ਧੂਣੀ ਤੇ ਪਈ ਬੱਚੇ ਧੂਣੀ ਦੇ ਦੁਆਲੇ ਗੋਲ ਘੇਰੇ ਵਿੱਚ ਬੈਠੇ ਉੱਚੀ-ਉੱਚੀ ਗੱਲਾਂ ਕਰਕੇ ਹਸ ਰਹੇ ਸਨ। ਮੈਂ ਉੱਥੇ ਖੜੀ ਮਨ ਵਿਚ ਉਹਨਾਂ ਸਿਆਲਾਂ ਦੀਆਂ ਕਾਲੀਆਂ, ਠੰਡੀਆਂ ਹਵਾਵਾਂ ਵਿਚ ਬਲਦੀਆਂ ਲਾਟਾਂ ਛੱਡ ਦੀਆਂ, ਉਹਨਾਂ ਪਤੰਗੇ ਛੱਡ ਦੀਆਂ ਸਿਆਲ ਦੀਆਂ ਧੂਣੀਆਂ ਵਿਚ ਮੁੜ ਪੁਰਾਣੇ ਬਾਹਰਲੇ ਘਰ ਚਲੀ ਗਈ।

ਜਿੱਥੇ ਮੇਰੇ ਦਾਦਾ ਜੀ ਰਾਤ ਦੀ ਰੋਟੀ ਖਾਣ ਮਗਰੋਂ ਸਾਨੂੰ ਸਾਰਿਆਂ ਭੈਣ-ਭਰਾਵਾਂ ਨੂੰ ਇੱਕਠੇ ਕਰਕੇ ਨੌਰੇ ਲੈ ਜਾਂਦੇ। ਉਹਨਾਂ ਉੱਚੀ ਆਵਾਜ਼ ਵਿਚ ਬੋਲਣਾ ਚਲੋ ਪੁੱਤਰੋ ਚੱਲੀਏ, ਅਸੀਂ ਝੱਟ ਤਿਆਰ ਹੋ ਜਾਂਦੇ। ਜਿੱਥੇ ਦਰਵਾਜ਼ੇ ਵਿਚ ਸਾਡੇ ਚਾਰ-ਪੰਜ ਮੱਝਾਂ,ਕੱਟੇ-ਕੱਟੀਆਂ ਹੁੰਦੀਆਂ। ਅਸੀਂ ਉੱਥੇ ਜਾ ਧੂਣੀ ਵਾਲਦੇ ਇੱਕ ਜਨਾ ਛਟੀਆਂ ਲਿਆਉਂਦਾ, ਇਕ ਜਣਾ ਮਿੱਟੀ ਦੇ ਤੇਲ ਵਾਲੀ ਬੋਤਲ  ਅਤੇ ਇਸ ਤਰ੍ਹਾਂ ਸਾਡੀ ਧੂਣੀ ਚੱਲ ਪੈਂਦੀ। ਦਾਦਾ ਜੀ ਖੂੰਡੀ ਮੂੜ੍ਹੇ ਨਾਲ ਟਿਕਾਉਂਦਿਆਂ ਮੂੜ੍ਹੇ ਤੇ ਬੈਠ ਜਾਂਦੇ ਅਤੇ ਫਿਰ ਹੋ ਜਾਂਦਾ ਸ਼ੁਰੂ ਨਿੱਕੀਆਂ-ਵੱਡੀਆਂ, ਔਖੀਆਂ-ਸੌਖੀਆਂ ਬੁਝਾਰਤਾਂ ਦਾ ਦੌਰ ਸ਼ੁਰੂ।

ਦਾਦਾ ਜੀ ਸਾਨੂੰ ਬੁਝਾਰਤਾਂ ਪਾਉਂਦੇ ਅਸੀਂ ਉੱਤਰ ਦਿੰਦੇ, ਇੱਕ-ਦੂਜੇ ਨੂੰ ਪੁੱਛਦੇ ਘੁਸਰ-ਮੁਸਰ ਕਰਦੇ, ਜੇ ਉੱਤਰ ਨਾ ਆਉਂਦਾ ਤਾਂ ਦਾਦਾ ਜੀ ਤੋਂ ਪੁੱਛਿਆ ਕਰਦੇ, ਉਨ੍ਹਾਂ ਹੱਸ ਕੇ ਆਖਣਾ “ਤੁਸੀਂ ਦੱਸੋ ਪੁੱਤਰੋ।”  ਇੰਝ ਕਰਦਿਆਂ ਹਾਸੇ-ਠੱਠੇ ਵਿੱਚ ਸਮਾਂ ਬੀਤਦਾ ਜਾਂਦਾ ਅਤੂ ਐਨੇ ਵਿਚ ਦਾਦੀ ਜੀ ਨੇ ਆ ਕੇ ਟਾਕੀ ਖੋਲਣੀ, ਬੂਹੇ ਵੜਦਿਆਂ ਹੀ ਉੱਚੀ ਆਵਾਜ਼ ਵਿਚ ਬੋਲਣਾ,”ਲੳ ਬੱਚੀਓ ਦੁੱਧ ਪੀ ਲਿਓ, ੳੱਠੋ।” ਅਸੀਂ ਦਾਦਾ ਜੀ ਦੇ ਮੂੰਹ ਵੱਲ ਦੇਖ ਦੇ ਤਾਂ ਦਾਦਾ ਜੀ ਨੇ ਹੋਲੀ ਜਹੀ ਮੁਸਕੁਰਾਉਣਾ ਤੇ ਖੂੰਡੀ ਚੁੱਕ ਕੇ ਖੜ੍ਹੇ ਹੋ ਜਾਂਦੇ। ਅਸੀਂ ਵੀ ਉਹਨਾਂ ਮਗਰ ਉਸ ਸਬਾਤ ਵਿਚ ਵੜ ਜਾਂਦੇ। ਦਾਦੀ ਜੀ ਵੀ ਸਾਡੇ ਮਗਰ-ਮਗਰ ਦੁੱਧ ਦੀ ਕੇਨੀ ਲੈ ਕੇ ਆ ਜਾਂਦੇ ਸਨ।

“ਸੋ ਜਾਓ ਦੁੱਧ ਪੀ ਕੇ ਫਿਰ ਸਵੇਰੇ ਜਲਦੀ ਨਹੀਂ ਉੱਠ ਦੇ , ਸਕੂਲ ਜਾਣ ਵੇਲੇ ਨਹਾਉਣ ਪਿੱਛੇ ਲੜਦੇ ਓਂ”, ਦਾਦਾ ਜੀ ਐਨਾ ਕੁ ਦਬਕਾ ਹੀ ਮਾਰਦੇ ਤੇ ਮੈਂ, ਮੇਰਾ ਵੀਰਾ, ਮੇਰੀ ਵੱਡੀ ਭੈਣ ਅਤੇ ਮੇਰੀ ਭੂਆ ਦੀ ਕੁੜੀ ਅਸੀਂ ਝੱਟ-ਪੱਟ ਰਜਾਈਆਂ ਦੱਬ ਲੈਂਦੇ ਅਤੇ ਸੋ ਜਾਂਦੇ। ਇਹਨਾਂ ਯਾਦਾਂ ਦਾ ਪਟਾਰਾ ਮੇਰੇ ਇਰਦ-ਗਿਰਦ ਘੁੰਮ ਰਿਹਾ ਸੀ।

ਨਾ ਹੁਣ ਦਾਦਾ ਜੀ ਸਾਡੇ ਵਿਚਕਾਰ ਰਹੇ ਨੇ ਅਤੇ ਉਸ ਸੁੰਗੜ-ਸਿਆਣੀ ਪਿੰਡ ਦੀਆਂ ਬੁੜੀਆਂ ਵਿਚ ਮੰਨੀ-ਪ੍ਰਮੰਨੀ ਮੇਰੀ ਦਾਦੀ ਮਾਂ ਨੂੰ ਵਿਛੜਿਆ ਨੂੰ ਵੀ ਦਸ ਵਰ੍ਹੇ ਹੋ ਗਏ ਹਨ। ਮੈਂ ਦਾਦਾ-ਦਾਦੀ ਜੀ ਦੀ ਛੋਟੀ ਲਾਡਲੀ ਪੋਤੀ ਹੁੰਦੀ ਸੀ। ਦਾਦਾ ਜੀ ਪਿਆਰ ਨਾਲ ਮੈਂਨੂੰ ਬਾਵਾ ਕਹਿ ਕੇ ਬੁਲਾਇਆ ਕਰਦੇ ਸੀ। ਹੁਣ ਮੈਂ ਸਹੁਰੇ ਘਰ ਵਿਚ ਕੰਮ ਕਰਦਿਆਂ ਉਨ੍ਹਾਂ ਪੁਰਾਣੀਆਂ ਅਭੁੱਲ ਯਾਦਾਂ ਸਿਆਲਾ ਦੀਆ ਧੂਣੀਆਂ ਵਿਚ ਗੁਆਚ ਗਈ। ਗਲੀ ਵਿੱਚ ਧੂਣੀ ਸੇਕ ਰਹੇ ਬੱਚਿਆਂ ਦੇ ਹਾਸਿਆਂ ਦੀ ਆਵਾਜ਼ ਨੇ ਮੇਰਾ ਧਿਆਨ ਤੋੜਿਆ ਅਤੇ ਮੈਂ ਮੁੜ ਗੇਟ ਬੰਦ ਕਰਕੇ ਭਰੇ ਮਨ ਨਾਲ ਰਸੋਈ ਦੇ ਕੰਮ ਵਿਚ ਜੁਟ ਗਈ।

ਗੁਰਮੀਤ ਕੌਰ
ਰਿਸਰਚ ਸਕਾਲਰ
ਪੰਜਾਬੀ ਯੂਨੀਵਰਸਿਟੀ ਪਟਿਆਲਾ।

Previous articleਆਮ ਆਦਮੀ ਪਾਰਟੀ ਵਲੋ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ
Next articleਖੈੜਾ ਦੋਨਾ ਨੇਡ਼ੇ ਝੁੱਗੀਆਂ ਦੇ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ