ਸਾਬਕਾ ਮੇਅਰ ਪੂਨਮ ਸ਼ਰਮਾ ਭਾਜਪਾ ਵਿਚ ਸ਼ਾਮਲ

ਕਾਂਗਰਸ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨਾਲ ‘ਸਿਆਸੀ ਕਿੜ’ ਕੱਢਣ ਲਈ ਅੱਜ ਭਾਜਪਾ ’ਚ ਸ਼ਾਮਲ ਹੋ ਗਈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਚੌਕੀਦਾਰ’ ਬਣ ਗਈ। ਉਹ ਅੱਜ ਆਪਣੇ ਨਜ਼ਦੀਕੀ ਸੁਭਾਸ਼ ਸ਼ਰਮਾ ਨਾਲ ਭਾਜਪਾ ਦਫਤਰ ਪਹੁੰਚੀ। ਇਸ ਮੌਕੇ ਭਾਜਪਾ ਉਮੀਦਵਾਰ ਕਿਰਨ ਖੇਰ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ, ਚੰਡੀਗੜ੍ਹ ਭਾਜਪਾ ਦੇ ਇੰਚਾਰਜ ਕੈਪਟਨ ਅਭਿਮੰਨਿਊ, ਮੇਅਰ ਰਾਜੇਸ਼ ਕੁਮਾਰ ਕਾਲੀਆ, ਚੋਣ ਪ੍ਰਚਾਰ ਕਮੇਟੀ ਦੇ ਕਨਵੀਨਰ ਰਾਮਵੀਰ ਭੱਟੀ ਨੇ ਪੂਨਮ ਨੂੰ ਸਮਾਗਮ ਦੌਰਾਨ ਭਾਜਪਾ ਵਿਚ ਸ਼ਾਮਲ ਕੀਤਾ। ਮੇਅਰ ਸਮੇਤ ਕਈ ਅਹੁਦਿਆਂ ’ਤੇ ਰਹਿ ਚੁੱਕੀ ਪੂਨਮ ਸ਼ਰਮਾ ਨੇ ਅੱਜ ਆਪਣੀ ਸੁਰ ਬਦਲਦਿਆਂ ਭਾਜਪਾ ਦਾ ਖੂਬ ਗੁਣਗਾਨ ਕੀਤਾ। ਉਸ ਨੇ ਕਿਰਨ ਖੇਰ ਅਤੇ ਸ੍ਰੀ ਮੋਦੀ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਪਰ ਸੰਜੇ ਟੰਡਨ ਨੂੰ ਵਿਸਾਰ ਦਿੱਤਾ। ਰਾਮਵੀਰ ਭੱਟੀ ਅਤੇ ਕੌਸਲਰ ਸ੍ਰੀ ਗੁਰਪ੍ਰੀਤ ਢਿੱਲੋਂ ਨੇ ਕਈ ਵਾਰ ਐਲਾਨ ਕੀਤਾ ਕਿ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਸਮਾਗਮ ਨੂੰ ਸੰਬੋਧਨ ਕਰਨਗੇ ਪਰ ਕਿਰਨ ਤੇ ਪੂਨਮ ਉਨ੍ਹਾਂ ਨੂੰ ਅੱਖੋਂ-ਪਰੋਖੇ ਕਰਕੇ ਮੀਡੀਆ ਵਿਚ ਹੀ ਰੰਗੀਆਂ ਰਹੀਆਂ। ਇਸ ਦੌਰਾਨ ਇਕ ਵਾਰ ਸ੍ਰੀ ਟੰਡਨ ਬੋਲਣ ਲਈ ਸਟੇਜ ’ਤੇ ਵੀ ਗਏ ਪਰ ਦੋਵਾਂ ਮਹਿਲਾ ਆਗੂਆਂ ਵੱਲੋਂ ਉਨ੍ਹਾਂ ਵੱਲ ਕੋਈ ਤਵੱਜੋ ਨਾ ਦੇਣ ਕਾਰਨ ਉਹ ਬਿਨਾਂ ਬੋਲੇ ਹੀ ਭਰੇ ਪੀਤੇ ਆਪਣੇ ਦਫਤਰ ਵਿਚ ਚਲੇ ਗਏ। ਇਸੇ ਮਾਹੌਲ ਦੌਰਾਨ ਕੈਪਟਨ ਅਭਿਮੰਨਿਊ ਨੂੰ ਵੀ ਬੋਲਣ ਦਾ ਸਮਾਂ ਨਾ ਮਿਲਿਆ। ਇਸ ਮੌਕੇ ਸਟੇਜ ’ਤੇ ਕਿਰਨ ਖੇਮੇ ਦੇ ਆਗੂਆਂ ਦਾ ਬੋਲਬਾਲਾ ਸੀ ਅਤੇ ਕਈ ਆਗੂ ਕੁਰਸੀਆਂ ’ਤੇ ਬੈਠੇ ਸਨ ਪਰ ਮੇਅਰ ਨੂੰ ਲੰਮਾਂ ਸਮਾਂ ਸਟੇਜ ’ਤੇ ਕੁਰਸੀ ਨਾ ਹੋਣ ਕਾਰਨ ਖੜ੍ਹੇ ਹੀ ਰਹਿਣਾ ਪਿਆ। ਪੂਨਮ ਬਾਅਦ ਵਿਚ ਪ੍ਰਧਾਨ ਦੇ ਦਫਤਰ ਆਈ ਪਰ ਫਿਰ ਸ੍ਰੀ ਟੰਡਨ ਨੇ ਵੀ ਉਸ ਨਾਲ ਨਾ ਤਾਂ ਅੱਖ ਮਿਲਾਈ ਅਤੇ ਨਾ ਹੀ ਗੱਲ ਕੀਤੀ ਅਤੇ ਉਹ ਉਸ ਨੂੰ ਬਿਨਾਂ ਬੁਲਾਏ ਹੀ ਦਫ਼ਤਰ ਵਿਚੋਂ ਚਲੇ ਗਏ। ਪਹਿਲਾਂ ਪੂਨਮ ਨੇ ਭਾਜਪਾ ਵਿਚ ਸ਼ਾਮਲ ਹੁੰਦਿਆਂ ਹੀ ਭਾਸ਼ਣ ਦਿੰਦਿਆਂ ਕਿਹਾ ਕਿ ਉਸ ਦੇ ਦਿਲ ਨੂੰ ਸ੍ਰੀ ਮੋਦੀ ਦੀ ਕਾਰਗੁਜ਼ਾਰੀ ਛੂਹ ਗਈ ਹੈ ਅਤੇ ਉਸ ਨੂੰ ਕਈ ਸਾਲਾਂ ਬਾਅਦ ਚੰਗਾ ਸਿਆਸੀ ਪਲੈਟਫਾਰਮ ਮਿਲਿਆ ਹੈ। ਇਸ ਕਾਰਨ ਅੱਜ ਉਹ ‘ਚੌਕੀਦਾਰ’ ਬਣ ਗਈ ਹੈ ਅਤੇ ਹੁਣ ਉਹ ਕਦੇ ਵੀ ਕਾਂਗਰਸ ਵੱਲ ਮੂੰਹ ਨਹੀਂ ਕਰੇਗੀ। ਉਹ ਇਸ ਸਵਾਲ ਦਾ ਜਵਾਬ ਦੇਣ ਤੋਂ ਅਸਮਰਥ ਰਹੀ ਕਿ ਜੇ ਕਾਂਗਰਸ ਦੀ ਟਿਕਟ ਸ੍ਰੀ ਬਾਂਸਲ ਦੀ ਥਾਂ ਡਾ. ਨਵਜੋਤ ਕੌਰ ਸਿੱਧੂ ਨੂੰ ਮਿਲ ਜਾਂਦੀ ਤਾਂ ਵੀ ਉਹ ਭਾਜਪਾ ਵਿਚ ਸ਼ਾਮਲ ਹੁੰਦੀ? ਪੂਨਮ ਨੇ ਕਿਹਾ ਕਿ ਪਿਛਲੇ ਦਿਨੀਂ ਕਾਂਗਰਸ ਭਵਨ ਵਿਚ ਸ੍ਰੀ ਬਾਂਸਲ ਨੇ ਉਸ (ਪੂਨਮ) ਨਾਲ ਤਸਵੀਰ ਖਿਚਾਉਣ ਤੋਂ ਨਾਂਹ ਕਰਕੇ ਉਸ ਦੀ ਤੌਹੀਨ ਕੀਤੀ ਸੀ। ਉਸ ਦੇ ਇਨ੍ਹਾਂ ਬੋਲਾਂ ਤੋਂ ਸਾਫ ਹੋ ਗਿਆ ਕਿ ਉਹ ਭਾਜਪਾ ਵਿਚ ਕਿਸੇ ਵਿਚਾਰਧਾਰਾ ਕਰਕੇ ਨਹੀਂ ਸਗੋਂ ਭਾਜਪਾ ਦੇ ਪਲੈਟਫਾਰਮ ਤੋਂ ਸ੍ਰੀ ਬਾਂਸਲ ਵਿਰੁੱਧ ਸਿਆਸੀ ਕਿੜ ਕੱਢਣ ਆਈ ਹੈ। ਇਸ ਮੌਕੇ ਕਈ ਭਾਜਪਾ ਆਗੂ ਵੀ ਇਹ ਕਹਿੰਦੇ ਸੁਣ ਗਏ ਕਿ ਉਨ੍ਹਾਂ ਨੂੰ ਪੂਨਮ ਦੇ ਰੂਪ ਵਿਚ ਸ੍ਰੀ ਬਾਂਸਲ ਉਪਰ ਸਿਆਸੀ ਹਮਲੇ ਕਰਨ ਦਾ ਹਥਿਆਰ ਮਿਲ ਗਿਆ ਹੈ। ਇਸ ਮੌਕੇ ਕਿਰਨ ਖੇਰ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਆਗੂ ਮਿਲ ਗਈ ਹੈ ਤੇ ਪੂਨਮ ਨੂੰ ਭਾਜਪਾ ਦੇ ਵਿਮੈੱਨ ਵਿੰਗ ਵਿਚ ਯੋਗ ਅਹੁਦਾ ਦਿੱਤਾ ਜਾਣਾ ਚਾਹੀਦਾ ਹੈ।

Previous articleਬੇਅਦਬੀ ਕਾਂਡ: ਬਾਦਲਾਂ ਨੂੰ ਪਿੰਡਾਂ ’ਚ ਨਾ ਵੜਨ ਦੇਣ ਦਾ ਸੱਦਾ
Next articleਥਰਮਲ ਪਲਾਂਟ ਦੇ ਟਾਵਰ ਨੇੜੇ ਸੈਂਕੜੇ ਏਕੜ ਕਣਕ ਸੜੀ