ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ ਮੌਕੇ ਅੱਜ ਉਨ੍ਹਾਂ ਦੀ ਯਾਦਗਾਰ ‘ਸਦੈਵ ਅਟਲ’ ’ਤੇ ਇਕ ਪ੍ਰਾਰਥਨਾ ਸਭਾ ਕੀਤੀ ਗਈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਾਜਪਈ ਦੇ ਪਰਿਵਾਰ ਦੇ ਮੈਂਬਰਾਂ ਨੇ ਭਾਜਪਾ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਾਬਕਾ ਪ੍ਰਧਾਨ ਮੰਤਰੀ ਦੀ ਯਾਦ ’ਚ ਇਹ ਸਮਾਰਕ ਪਿਛਲੇ ਵਰ੍ਹੇ ਦਸੰਬਰ ਵਿਚ ਦੇਸ਼ ਨੂੰ ਸਮਰਪਿਤ ਕੀਤਾ ਗਿਆ ਸੀ। ਵਾਜਪਈ (93) ਦਾ ਪਿਛਲੇ ਵਰ੍ਹੇ 16 ਅਗਸਤ ਨੂੰ ਦੇਹਾਂਤ ਹੋ ਗਿਆ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਅਟਲ ਬਿਹਾਰੀ ਵਾਜਪਈ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕੀਤਾ। ਵਾਜਪਈ ਸਰਕਾਰ ਵਿਚ ਰੇਲ ਮੰਤਰੀ ਰਹੀ ਤ੍ਰਿਣਮੂਲ ਕਾਂਗਰਸ ਮੁਖੀ ਨੇ ਲੋਕਾਂ ਨੂੰ ਉਨ੍ਹਾਂ ਵੱਲੋਂ ਦਿੱਤੇ ਸਿਧਾਂਤਾਂ- ਇਨਸਾਨੀਅਤ, ਜਮਹੂਰੀਅਤ ਤੇ ਕਸ਼ਮੀਰੀਅਤ ਨੂੰ ਯਾਦ ਰੱਖਣ ਲਈ ਕਿਹਾ। ਬੈਨਰਜੀ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੇ ਸ਼ਬਦ ‘ਬੰਦੂਕ ਕਿਸੇ ਮਸਲੇ ਦਾ ਹੱਲ ਨਹੀਂ’ ਯਾਦ ਕਰਨੇ ਚਾਹੀਦੇ ਹਨ। ਵਾਜਪਈ ਦੀ ਕਸ਼ਮੀਰ ਨੀਤੀ ਇਨ੍ਹਾਂ ਸਿਧਾਂਤਾਂ ’ਤੇ ਕੇਂਦਰਤ ਸੀ।

Previous articleਪਾਈਲਟ ਨੇ ਮੱਕੀ ਦੇ ਖੇਤਾਂ ‘ਚ ਉਤਾਰਿਆ ਜਹਾਜ਼, ਸਮਝਦਾਰੀ ਨਾਲ ਬਚਾਈਆਂ 226 ਜਾਨਾਂ
Next articleGovt focusses on four specific groups for maintaining calm in J&K