ਸਾਬਕਾ ਕੇਂਦਰੀ ਮੰਤਰੀ ਰਘੂਵੰਸ਼ ਪ੍ਰਸਾਦ ਸਿੰਘ ਦਾ ਦੇਹਾਂਤ

ਪਟਨਾ  (ਸਮਾਜ ਵੀਕਲੀ) : ਸਾਬਕਾ ਕੇਂਦਰੀ ਮੰਤਰੀ ਰਘੂਵੰਸ਼ ਪ੍ਰਸਾਦ ਸਿੰਘ (74) ਦਾ ਅੱਜ ਸਵੇਰੇ ਕਰੀਬ 11 ਵਜੇ ਦਿੱਲੀ ਦੇ ਏਮਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਸਾਹ ’ਚ ਪ੍ਰੇਸ਼ਾਨੀ ਤੇ ਹੋਰ ਤਕਲੀਫ਼ਾਂ ਕਾਰਨ ਹਸਪਤਾਲ ਵਿੱਚ ਭਰਤੀ ਕੀਤੇ ਗਏ ਸਨ। ਉਨ੍ਹਾਂ ਦੇ ਦੋ ਪੁੱਤਰ ਤੇ ਇਕ ਧੀ ਹੈ ਜਦੋਂ ਕਿ ਉਨ੍ਹਾਂ ਦੀ ਪਤਨੀ ਦਾ ਦੇਹਾਂਤ ਪਹਿਲਾਂ ਹੀ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਹੀ ਉਨ੍ਹਾਂ ਨੇ ਹਸਪਤਾਲ ਵਿੱਚ ਆਪਣੇ ਬਿਸਤਰੇ ਤੋਂ ਹੀ ਰਾਸ਼ਟਰੀ ਜਨਤਾ ਦਲ ਛੱਡਣ ਦਾ ਐਲਾਨ ਕੀਤਾ ਸੀ ਜਿਸ ਕਾਰਨ ਉਹ ਖ਼ਬਰਾਂ ’ਚ ਰਹੇ ਸਨ। ਉਹ ਬਿਹਾਰ ਦੀ ਰਾਜਨੀਤੀ ਵਿੱਚ ਕਾਫੀ ਸਰਗਰਮ ਰਹੇ।

ਉਨ੍ਹਾਂ ਦੇ ਨਜ਼ਦੀਕੀ ਕੇਦਾਰ ਯਾਦਵ ਨੇ ਪੀਟੀਆਈ ਨਾਲ ਫੋਨ ’ਤੇ ਕੀਤੀ ਗੱਲਬਾਤ ਦੌਰਾਨ ਦੱਸਿਆ ਕਿ ਸਾਬਕਾ ਮੰਤਰੀ ਦੀ ਮ੍ਰਿਤਕ ਦੇਹ ਨੂੰ ਆਖ਼ਰੀ ਰਸਮਾਂ ਲਈ ਪਟਨਾ ਲਿਆਂਦਾ ਜਾਵੇਗਾ। ਸ਼ੁੱਕਰਵਾਰ ਰਾਤ ਨੂੰ ਸ੍ਰੀ ਸਿੰਘ ਦੀ ਹਾਲਤ ਕਾਫ਼ੀ ਵਿਗੜ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਏਮਜ਼ ਦਿੱਲੀ ’ਚ ਵੈਂਟੀਲੇਟਰ ’ਤੇ ਰੱਖਿਆ ਹੋਇਆ ਸੀ। ਇਸ ਤੋਂ ਪਹਿਲਾਂ ਜੂਨ ਮਹੀਨੇ ਦੇ ਸ਼ੁਰੂ ਵਿੱਚ ਉਹ ਕਰੋਨਾਵਾਇਰਸ ਲਾਗ ਤੋਂ ਪੀੜਤ ਪਾਏ ਗਏ ਸਨ ਜਿਸ ਕਾਰਨ ਉਨ੍ਹਾਂ ਨੂੰ ਪਟਨਾ ਦੇ ਏਮਜ਼ ’ਚ ਭਰਤੀ ਕੀਤਾ ਗਿਆ ਸੀ। ਕਰੋਨਾਵਾਇਰਸ ਤੋਂ ਬਾਅਦ ਹੋਈਆਂ ਤਕਲੀਫ਼ਾਂ ਕਰ ਕੇ ਉਨ੍ਹਾਂ ਨੂੰ ਕੌਮੀ ਰਾਜਧਾਨੀ ਸਥਿਤ ਏਮਜ਼ ’ਚ ਭਰਤੀ ਕੀਤਾ ਗਿਆ ਸੀ।

ਸਾਬਕਾ ਕੇਂਦਰੀ ਮੰਤਰੀ ਰਘੂਵੰਸ਼ ਪ੍ਰਸਾਦ ਸਿੰਘ ਦੀ ਮੌਤ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਸਿੰਘ ਦੀ ਮੌਤ ਨਾਲ ਬਿਹਾਰ ਤੇ ਕੌਮੀ ਰਾਜਨੀਤੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ੍ਰੀ ਮੋਦੀ ਨੇ ਰਘੂਵੰਸ਼ ਪ੍ਰਸਾਦ ਸਿੰਘ ਨੂੰ ਗ਼ਰੀਬੀ ਤੇ ਗ਼ਰੀਬਾਂ ਦੀਆਂ ਸਮੱਸਿਆਵਾਂ ਦੀ ਸਮਝ ਰੱਖਣ ਵਾਲਾ ਜ਼ਮੀਨੀ ਪੱਧਰ ਦਾ ਆਗੂ ਕਰਾਰ ਦਿੱਤਾ। ਉਨ੍ਹਾਂ ਮਰਹੂਮ ਆਗੂ ਨਾਲ ਹੋਈਆਂ ਕੁਝ ਮੁਲਾਕਾਤਾਂ ਨੂੰ ਵੀ ਚੇਤੇ ਕੀਤਾ।

ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਾਬਕਾ ਕੇਂਦਰੀ ਮੰਤਰੀ ਦੀ ਮੌਤ ’ਤੇ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਸ੍ਰੀ ਸਿੰਘ ਦੇ ਗ਼ਰੀਬਾਂ ਤੇ ਦੱਬੇ-ਕੁਚਲੇ ਵਰਗਾਂ ਦੀ ਭਲਾਈ ਸਬੰਧੀ ਸਮਰਪਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਰੁਜ਼ਗਾਰ ਗਾਰੰਟੀ ਸਕੀਮ ਦੇ ਲਾਗੂ ਕਰਨ ਵਿੱਚ ਸ੍ਰੀ ਸਿੰਘ ਦੀ ਭੂਮਿਕਾ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਸਾਬਕਾ ਮੰਤਰੀ ਰਘੂਵੰਸ਼ ਪ੍ਰਸਾਦ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ੍ਰੀ ਸਿੰਘ ਦੀ ਮੌਤ ਨਾਲ ਪਿੰਡਾਂ ਤੇ ਕਿਸਾਨਾਂ ਦੀ ਮਜ਼ਬੂਤ ਆਵਾਜ਼ ਹਮੇਸ਼ਾਂ ਲਈ ਗੁਆਚ ਗਈ ਹੈ। ਇਸੇ ਦੌਰਾਨ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੇ ਮੁਖੀ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀ ਸ੍ਰੀ ਸਿੰਘ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ।

Previous articleਲੌਂਗੋਵਾਲ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ
Next articleਕੇਂਦਰੀ ਨੇਪਾਲ ’ਚ ਢਿੱਗਾਂ ਡਿੱਗਣ ਕਾਰਨ 11 ਹਲਾਕ; 20 ਲਾਪਤਾ