ਸਾਡੀ ਮਾਂ ਬੋਲੀ ਪੰਜਾਬੀ ਨੂੰ ਕਿੱਥੋਂ ਕਿਹੜਾ ਖਤਰਾ ਹੈ ?

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

 

 ਮੈਂ ਆਪਣੀ ਉਮਰ ਦੇ ਪੰਜ ਦਹਾਕੇ ਗੁਜ਼ਾਰ ਚੁੱਕਿਆ ਹਾਂ ਜਦੋਂ ਹੋਸ਼ ਸੰਭਾਲੀ ਮੇਲੇ ਤੇ ਧਾਰਮਿਕ ਸਮਾਗਮ ਦੇਖਣਾ ਮੇਰਾ ਖਾਸ ਸ਼ੌਕ ਸੀ ਸਾਰੇ ਪ੍ਰੋਗਰਾਮਾਂ ਵਿੱਚ ਢਾਡੀ ਤੇ ਕਵੀਸ਼ਰੀ ਆਮ ਸੁਨਣ ਨੂੰ ਮਿਲਦੇ ਸੀ. ਆਪਣੀਆਂ ਕਵਿਤਾਵਾਂ ਦੇ ਦੌਰਾਨ ਨੀਲੀ ਪੱਗ ਤੇ ਚਿੱਟੇ ਕੁੜਤੇ ਪਜਾਮੇ ਵਾਲਾ ਕੋਈ ਸੰਤ ਬਾਬਾ. ਜੇ ਅੱਜ ਦੇ ਪਹਿਰਾਵੇ ਨੂੰ ਪਰਖ ਕੇ ਵੇਖੀਏ ਤਾਂ ਕੋਈ ਨੇਤਾ ਸਰਕਾਰ ਦੀਆਂ ਨੀਤੀਆਂ ਸਬੰਧੀ ਕੋਈ ਨਾ ਕੋਈ ਭਾਸ਼ਣ ਦੇਣ ਲੱਗ ਜਾਂਦਾ ਸੀ. ਦੋ ਚਾਰ ਗੱਲਾਂ ਤੋਂ ਬਾਅਦ ਹਮੇਸ਼ਾ ਇੱਕ ਗੱਲ ਕਹੀ ਜਾਂਦੀ ਸੀ ਪੰਥ ਨੂੰ ਖਤਰਾ ਹੈ. ਬਚਪਨ ਸੀ ਨਾ ਤਾਂ ਬੋਲਣ ਵਾਲੇ ਬਾਰੇ ਕੋਈ ਜਾਣਕਾਰੀ ਸੀ ਨਾ ਪੰਥ ਤੇ ਖ਼ਤਰਾ? ਕੋਈ ਜਾਣਕਾਰੀ ਨਹੀਂ ਹੁੰਦੀ ਸੀ. ਪ੍ਰੋਗਰਾਮ ਦੇ ਖਤਮ ਹੋਣ ਦਾ ਇੰਤਜ਼ਾਰ ਰਹਿੰਦਾ ਸੀ ਕਿਉਂਕਿ ਖੁੱਲ੍ਹਾ ਕੜਾਹ ਪ੍ਰਸ਼ਾਦ ਤੇ ਲੰਗਰ ਛੱਕਣਾ ਹੁੰਦਾ ਸੀ.

ਥੋੜ੍ਹਾ ਸਮਝਦਾਰ ਹੋਇਆ ਵੋਟਾਂ ਦੀਆਂ ਮੀਟਿੰਗਾਂ ਵੇਖਣ ਨੂੰ ਮਿਲਦੀਆਂ. ਇੱਕ ਰਾਜਨੀਤਕ ਪਾਰਟੀ ਜਦੋਂ ਵੀ ਚੋਣਾਂ ਹੁੰਦੀਆਂ ਉਨ੍ਹਾਂ ਦਾ ਨਾਅਰਾ ਇੱਕੋ ਹੀ ਹੁੰਦਾ ਸੀ ਪੰਥ ਨੂੰ ਖਤਰਾ ਹੈ. ਮੈਂ ਆਪਣੇ ਬਾਬਾ ਜੀ ਤੋਂ ਇਸ ਖ਼ਤਰੇ ਸਬੰਧੀ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੇ ਦੱਸਿਆ, ਕਾਕਾ ਜੀ ਕਿਹੜਾ ਪੰਥ? ਇਹ ਧਰਮ ਦੇ ਨਾਂ ਤੇ ਵੋਟਾਂ ਮੰਗ ਰਹੇ ਹਨ ਤਾਂ ਜੋ ਕੁਰਸੀ ਮਿਲ ਜਾਵੇ. ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ. ਨੇਤਾਵਾਂ ਦੇ ਪਹਿਰਾਵੇ ਤੇ ਭਾਸ਼ਣ ਬਦਲਦੇ ਰਹਿੰਦੇ ਹਨ ਪਰ ਹੁਣ ਵੋਟਰ ਬਹੁਤ ਸਮਝਦਾਰ ਹੈ. ਇਹ ਗੱਲ ਮੈਂ ਪਾਠਕਾਂ ਨਾਲ ਇੱਕ ਉਦਾਹਰਨ ਦੇਣ ਲਈ ਸਾਂਝੀ ਕੀਤੀ ਹੈ.

ਸਾਡੇ ਬੁੱਧੀਜੀਵੀ ਤੇ ਸਾਹਿਤਕਾਰਾਂ ਨੂੰ ਮੌਸਮ ਦੇ ਹਾਲਾਤ ਦੇਖ ਕੇ ਕਦੇ ਸੜਕਾਂ ਦੇ ਮੀਲ ਪੱਥਰਾਂ ਤੇ ਪੰਜਾਬੀ ਮਾਂ ਬੋਲੀ ਦਾ ਥੱਲੇ ਸਥਾਨ ਵਿਖਾਈ ਦੇਣ ਲੱਗਦਾ ਹੈ ਜਾਂ ਫਿਰ ਸਰਕਾਰੀ ਦਫ਼ਤਰਾਂ ਦੇ ਅੱਗੇ ਲਿਖੇ ਬੋਰਡ ਅੰਗਰੇਜ਼ੀ ਵਿੱਚ ਉੱਕਰੇ ਨਜ਼ਰ ਆਉਣ ਲੱਗਦੇ ਹਨ. ਹੁਣ ਸਰਕਾਰ ਦੀ ਪਤਾ ਨਹੀਂ ਕੀ ਸੋਚ ਹੋਵੇਗੀ ਉਸ ਨੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਬੋਲੀ ਨੂੰ ਸਰਕਾਰੀ ਭਾਸ਼ਾਵਾਂ ਵਿੱਚ ਕੋਈ ਥਾਂ ਨਹੀਂ ਦਿੱਤੀ. ਹੁਣ ਕਰੋਨਾ ਕਰਕੇ ਸਾਡੇ ਬੁੱਧੀਜੀਵੀ ਤੇ ਸਾਹਿਤਕਾਰ ਥੋੜ੍ਹਾ ਡਰ ਰਹੇ ਹਨ ਨਹੀਂ ਤਾਂ ਧਰਨੇ ਤੇ ਪੁਤਲੇ ਫੂਕਣ ਲਈ ਏਨਾ ਕੁ ਜੁਗਾੜੀ ਬਹਾਨਾ ਬਹੁਤ ਸੀ. ਫਿਰ ਵੀ ਜ਼ਿਲ੍ਹਾ ਪ੍ਰਸ਼ਾਸਕਾਂ ਨੂੰ ਬੁੱਧੀਜੀਵੀ ਤੇ ਸਾਹਿਤਕਾਰ ਮੰਗ ਪੱਤਰ ਦੇ ਰਹੇ ਹਨ ਕਿ ਮਾਂ ਬੋਲੀ ਪੰਜਾਬੀ ਨੂੰ ਕਸ਼ਮੀਰ ਵਿੱਚ ਥਾਂ ਮਿਲਣੀ ਚਾਹੀਦੀ ਹੈ. ਠੀਕ ਹੈ ਆਪਣੀ ਮਾਂ ਬੋਲੀ ਨਾਲ ਹਰ ਇੱਕ ਨੂੰ ਪਿਆਰ ਹੁੰਦਾ ਹੈ ਪਰ ਉਸ ਦਾ ਆਧਾਰ ਕੀ ਹੈ, ਕੀ ਹੋਣਾ ਚਾਹੀਦਾ ਹੈ, ਇਸ ਸਬੰਧੀ ਪਹਿਲਾਂ ਵਿਚਾਰਨਾ ਚਾਹੀਦਾ ਹੈ. ਸੜਕਾਂ ਤੇ ਲੱਗੇ ਮੀਲ ਪੱਥਰਾਂ ਉਪਰ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਲਿਖਣਾ ਵੀ ਅੱਜ ਜ਼ਰੂਰਤ ਬਣ ਗਈ ਹੈ.

ਦੋ ਕੁ ਦਹਾਕੇ ਤੋਂ ਜਦੋਂ ਦੇ ਆਪਣੇ ਕੋਲ ਰੀਫਰ ਫਰਿੱਜ ਟਰੱਕਾਂ ਦੇ ਰੂਪ ਵਿੱਚ ਆ ਗਏ ਹਨ, ਜਿਸ ਵਿੱਚ ਸਬਜ਼ੀਆਂ ਭਾਜੀਆਂ ਮੀਟ ਤੇ ਮੱਛੀਆਂ ਸਹੀ ਰੂਪ ਵਿੱਚ ਪੂਰੀ ਦੁਨੀਆਂ ਵਿੱਚ ਭੇਜੀਆਂ ਜਾਂਦੀਆਂ ਹਨ. ਆਂਧਰਾ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਪੂਰਾ ਸਾਲ ਪੈਦਾ ਹੁੰਦੀਆਂ ਰਹਿੰਦੀਆਂ ਹਨ. ਉਹ ਸਮਾਂ ਯਾਦ ਕਰੋ ਆਪਾਂ ਜਦੋਂ ਗੋਭੀ ਜਾਂ ਕਰੇਲੇ ਦੀ ਸਬਜ਼ੀ ਦੇ ਮੌਸਮ ਦੀ ਉਡੀਕ ਕਰਿਆ ਕਰਦੇ ਸੀ, ਹੁਣ ਪੂਰਾ ਸਾਲ ਮੰਡੀਆਂ ਵਿੱਚ ਮਿਲਦੀ ਹੈ. ਰੀਫਰ ਟਰੱਕ ਲੈ ਕੇ ਆਉਣ ਵਾਲੇ ਵੱਖ ਵੱਖ ਰਾਜਾਂ ਦੇ ਡਰਾਈਵਰ ਹੁੰਦੇ ਹਨ. ਕੀ ਉਹ ਸੜਕ ਤੇ ਲੱਗੇ ਮੀਲ ਪੱਥਰਾਂ ਤੋਂ ਪੰਜਾਬੀ ਵਿੱਚ ਆਪਣਾ ਰਸਤਾ ਪੜ੍ਹ ਲੈਣਗੇ? ਠੀਕ ਹੈ ਮਾਂ ਬੋਲੀ ਨੂੰ ਪਹਿਲ ਮਿਲਣੀ ਚਾਹੀਦੀ ਹੈ ਪਰ ਜ਼ਰੂਰਤ ਸਭ ਤੋਂ ਜ਼ਰੂਰੀ ਹੈ.

ਪਿਛਲੇ ਸਾਲ ਸਾਹਿਤ ਸਭਾਵਾਂ ਬੁੱਧੀਜੀਵੀਆਂ, ਜਿਨ੍ਹਾਂ ਦੇ ਨਾਲ ਵਕੀਲ ਵੀ ਮਿਲੇ ਹੋਏ ਸਨ, ਕਿ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਅਧਿਕਾਰੀਆਂ ਦੇ ਨਾਮ ਦੇ ਬੋਰਡ ਮਾਂ ਬੋਲੀ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ. ਬਿਲਕੁਲ ਠੀਕ ਹੈ ਪਰ ਦਫ਼ਤਰਾਂ ਦੇ ਅੰਦਰ ਕਿਹੜੀ ਭਾਸ਼ਾ ਵਰਤੀ ਜਾ ਰਹੀ ਹੈ ਉਸ ਸਬੰਧੀ ਕਦੇ ਵਿਚਾਰਿਆ ਹੈ. ਮਾਲ ਵਿਭਾਗ ਦੇ ਸਾਰੇ ਕਾਗਜ਼ਾਤ ਗੁਰਮੁਖੀ ਲਿੱਪੀ ਵਿੱਚ ਲਿਖੇ ਹੁੰਦੇ ਹਨ ਪਰ ਭਾਸ਼ਾ ਮੁਗਲਾਂ ਦੇ ਸਮੇਂ ਦੀ ਉਰਦੂ ਹੁੰਦੀ ਹੈ ਜੋ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ, ਉਸ ਨੂੰ ਸਿਰਫ ਮਾਲ ਵਿਭਾਗ ਦੇ ਕਰਮਚਾਰੀ ਪੜ੍ਹ ਸਕਦੇ ਹਨ.

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ. ਕੀ ਮਾਲ ਵਿਭਾਗ ਦਾ ਸਾਰਾ ਕੰਮਕਾਜ ਤੇ ਕਾਗਜ਼ਾਤ ਮਾਂ ਬੋਲੀ ਪੰਜਾਬੀ ਵਿੱਚ ਨਹੀਂ ਹੋਣੇ ਚਾਹੀਦੇ? ਕਦੇ ਕਿਸੇ ਨੇ ਆਵਾਜ਼ ਉਠਾਈ ਹੈ? ਅਦਾਲਤਾਂ ਵਿੱਚ ਕੰਮ ਅੰਗਰੇਜ਼ੀ ਭਾਸ਼ਾ ਵਿੱਚ ਹੁੰਦਾ ਹੈ ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਤੇ ਜੱਜ ਹੀ ਪੜ੍ਹ ਸਕਦੇ ਹਨ. ਆਪਣਾ ਛੋਟਾ ਮੋਟਾ ਕੰਮ ਕਰਵਾਉਣ ਲਈ ਜਨਤਾ ਨੂੰ ਵਕੀਲ ਲੈਣਾ ਪੈਂਦਾ ਹੈ. ਕੀ ਇਹ ਸਾਰਾ ਕੰਮ ਮਾਂ ਬੋਲੀ ਪੰਜਾਬੀ ਵਿੱਚ ਨਹੀਂ ਹੋਣਾ ਚਾਹੀਦਾ? ਪੰਜਾਬ ਦੀਆਂ ਵੱਖ ਵੱਖ ਸਮੇਂ ਬਣੀਆਂ ਸਰਕਾਰਾਂ ਬੁੱਧੀਜੀਵੀ ਤੇ ਸਾਹਿਤਕਾਰਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ. ਇੱਥੇ ਪੰਜਾਬੀ ਨੂੰ ਥਾਂ ਕਦੋਂ ਮਿਲੇਗੀ? ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਤੇ ਵਕੀਲ ਆਵਾਜ਼ ਨਹੀਂ ਉਠਾਉਣਗੇ ਕਿਉਂਕਿ ਕੰਮ ਉਨ੍ਹਾਂ ਦੇ ਆਪਣੇ ਹੱਥਾਂ ਵਿੱਚ ਰਹਿੰਦਾ ਹੈ ਜੇ ਮਾਂ ਬੋਲੀ ਪੰਜਾਬੀ ਵਿੱਚ ਕਰਵਾ ਲਿਆ ਤਾਂ ਹਰ ਕੋਈ ਬੀਏ ਪਾਸ ਬਿਨਾਂ ਵਕੀਲ ਤੋਂ ਸਿੱਧੇ ਰੂਪ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਜੱਜਾਂ ਤੋਂ ਆਪਣਾ ਕੰਮ ਕਰਵਾ ਸਕੇਗਾ.

ਸਾਡੀ ਤਕਨੀਕੀ ਸਾਇੰਸ ਤੇ ਡਾਕਟਰੀ ਉੱਚ ਸਿੱਖਿਆ ਵਿਦੇਸ਼ੀ ਭਾਸ਼ਾ ਵਿੱਚ ਹੈ. ਜੇ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਪ੍ਰੀਖਿਆ ਹੋਵੇ, ਪਾਸ ਕਰਨੀ ਆਸਾਨ ਨਹੀਂ ਹੋ ਜਾਵੇਗੀ? ਆਪਣੇ ਜ਼ਿਆਦਾਤਰ ਵਿਦਿਆਰਥੀ ਆਰਟਸ ਪੜ੍ਹਨ ਨੂੰ ਹੀ ਪਹਿਲ ਦਿੰਦੇ ਹਨ. ਮੁਸ਼ਕਿਲ ਕੀ ਹੈ ਅੰਗਰੇਜ਼ੀ ਕੀ ਸਾਰੀਆਂ ਸਿੱਖਿਆਵਾਂ ਸਾਡੀ ਭਾਸ਼ਾ ਵਿੱਚ ਨਹੀਂ ਹੋਣੀਆਂ ਚਾਹੀਦੀਆਂ . ਪੂਰੀ ਦੁਨੀਆਂ ਵਿੱਚ 7000 ਮੁੱਖ ਭਾਸ਼ਾਵਾਂ ਹਨ. ਸਾਡੀ ਮਾਂ ਬੋਲੀ ਪੰਜਾਬੀ ਦਾ ਪੂਰੀ ਦੁਨੀਆਂ ਦੀਆਂ ਭਾਸ਼ਾਵਾਂ ਵਿੱਚ 10 ਵਾਂ ਸਥਾਨ ਹੈ. ਅਜਿਹਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਕਰਕੇ ਹੀ ਹੋਇਆ ਹੈ ਇਸ ਲਈ ਸਾਨੂੰ ਕੋਈ ਧਰਨੇ ਤੇ ਪ੍ਰਮਾਣ ਪੱਤਰ ਨਹੀਂ ਦੇਣੇ ਪਏ. ਆਸਟਰੇਲੀਆ ਵਿੱਚ ਸਾਡੀ ਭਾਸ਼ਾ ਨੂੰ ਦੂਸਰਾ ਸਥਾਨ ਪ੍ਰਾਪਤ ਹੈ. ਇੰਗਲੈਂਡ ਤੇ ਕੈਨੇਡਾ ਵਿੱਚ ਤੀਸਰਾ ਸਥਾਨ. ਸਾਡੇ ਲਈ ਇਹ ਇੱਕ ਮਹਾਨ ਪ੍ਰਾਪਤੀ ਨਹੀਂ ਹੈ ਬਾਬਾ ਨਾਨਕ ਤੇ ਮਰਦਾਨਾ ਜੀ ਉਦਾਸੀਆਂ ਦੌਰਾਨ ਪੈਦਲ ਸਫਰ ਕਰਦੇ ਸਨ. ਰਾਤ ਹੋ ਗਈ ਇੱਕ ਪਿੰਡ ਵਿੱਚ ਰੁਕਣਾ ਸੀ ਉਹ ਪਿੰਡ ਵਾਲਿਆਂ ਨੇ ਇਨ੍ਹਾਂ ਨੂੰ ਕੋਈ ਥਾਂ ਨਾ ਦਿੱਤੀ. ਪਿੰਡ ਵਿੱਚੋਂ ਨਿਕਲਦੇ ਸਮੇਂ ਬਾਬਾ ਨਾਨਕ ਜੀ ਨੇ ਕਿਹਾ ਤੁਸੀਂ ਖੁਸ਼ੀ ਖੁਸ਼ੀ ਇੱਥੇ ਵੱਸਦੇ ਰਹੋ. ਭੁੱਖਣ ਭਾਣੇ ਪਤਾ ਨਹੀਂ ਕਿਵੇਂ ਰਾਤ ਨਿਕਲੀ ਹੋਵੇਗੀ. ਦੂਸਰੀ ਰਾਤ ਜਿਹੜੇ ਪਿੰਡ ਵਿੱਚ ਰੁਕੇ ਉਹ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਬਹੁਤ ਸਤਿਕਾਰ ਕੀਤਾ. ਦਿਨ ਚੜ੍ਹਨ ਤੇ ਅਗਲੇ ਸਫ਼ਰ ਤੇ ਜਾਣ ਲੱਗੇ ਤਾਂ ਸਾਰੇ ਪਿੰਡ ਨਿਵਾਸੀ ਬੜੇ ਪ੍ਰੇਮ ਭਾਵ ਨਾਲ ਉਨ੍ਹਾਂ ਨੂੰ ਪਿੰਡ ਦੀ ਜੂਹ ਤੱਕ ਛੱਡਣ ਗਏ. ਪਿੰਡ ਨਿਵਾਸੀ ਜਦੋਂ ਛੱਡ ਕੇ ਵਾਪਸ ਮੁੜਨ ਲੱਗੇ ਤਾਂ ਬਾਬਾ ਨਾਨਕ ਜੀ ਨੇ ਕਿਹਾ ਤੁਸੀਂ ਉੱਜੜ ਜਾਓ. ਇਹ ਗੱਲ ਸੁਣ ਕੇ ਮਰਦਾਨਾ ਜੀ ਨੇ ਤੁਰੰਤ ਸੁਆਲ ਕੀਤਾ ਬਾਬਾ ਜੀ ਜਿਹੜੇ ਪਿੰਡ ਵਾਲਿਆਂ ਨੇ ਸਾਡੀ ਪੁੱਛ ਗਿੱਛ ਨਹੀਂ ਕੀਤੀ ਸੀ, ਤੁਸੀਂ ਉਨ੍ਹਾਂ ਨੂੰ ਖੁਸ਼ੀ ਖੁਸ਼ੀ ਰਹਿਣ ਦੀ ਅਸੀਸ ਦੇ ਕੇ ਆਏ ਹੋ. ਇਹ ਪਿੰਡ ਵਾਲਿਆਂ ਨੇ ਆਪਾਂ ਨੂੰ ਬਹੁਤ ਪ੍ਰੇਮ ਭਾਵਨਾ ਨਾਲ ਰੱਖਿਆ, ਤੁਸੀਂ ਉੱਜੜ ਜਾਣ ਦੀ ਗੱਲ ਕਰਦੇ ਹੋ. ਬਾਬਾ ਨਾਨਕ ਜੀ ਨੇ ਕਿਹਾ ਜਿਨ੍ਹਾਂ ਨੂੰ ਇਨਸਾਨੀਅਤ ਦਾ ਕੋਈ ਸਬਕ ਨਾ ਪਤਾ ਹੋਵੇ ਉਹ ਆਪਣੇ ਘਰ ਵਿੱਚ ਹੀ ਬੈਠੇ ਰਹਿਣ, ਜੋ ਚੰਗੇ ਲੋਕ ਹਨ ਜਿੱਥੇ ਜਾਣਗੇ ਉਨ੍ਹਾਂ ਨਾਲ ਮਿਲ ਕੇ ਹੋਰ ਲੋਕ ਚੰਗੇ ਹੋ ਜਾਣਗੇ. ਹੁਣ ਇੱਥੋਂ ਉੱਜੜ ਕੇ ਗਿਆ ਨੇ ਮਾਂ ਬੋਲੀ ਪੰਜਾਬੀ ਦੀ ਸ਼ਾਨ ਵਧਾਈ ਹੈ.

ਪੰਜਾਬੀ ਮਾਂ ਬੋਲੀ ਦਾ ਜਿੱਥੇ ਜਨਮ ਹੋਇਆ ਉੱਥੇ ਉਸ ਦਾ ਬਹੁਤ ਬੁਰਾ ਹਾਲ ਹੈ. ਸਾਡੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਕਮੀ ਹੈ. ਸਾਡੇ ਬੁੱਧੀਜੀਵੀ ਤੇ ਸਾਹਿਤ ਸਭਾਵਾਂ ਦੇ ਮੁਖੀਆਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਦੇ ਹਨ. ਧਰਨੇ ਲਗਾਉਣ ਤੇ ਭਾਸ਼ਾਵਾਂ ਲਈ ਪਰਚੇ ਦੇਣ ਦਾ ਕੀ ਫਾਇਦਾ ਹੈ ਜਦੋਂ ਤੱਕ ਆਪਣੀ ਪੀੜ੍ਹੀ ਥੱਲੇ ਸੋਟਾ ਨਾ ਫੇਰਿਆ. ਤੁਹਾਡੀ ਗੱਲ ਕੌਣ ਸੁਣੇਗਾ.

ਪਾਠਕੋ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਉਚ ਪੱਧਰ ਦੀਆਂ ਪ੍ਰੀਖਿਆਵਾਂ ਵਿੱਚ ਸਾਡੇ ਸੂਬੇ ਵਿੱਚ ਆ ਕੇ ਬਾਹਰ ਤੋਂ ਆ ਕੇ ਵੱਸੇ ਯੂ ਪੀ ਤੇ ਬਿਹਾਰ ਦੇ ਬੱਚਿਆਂ ਨੇ ਪੰਜਾਬੀ ਮਾਂ ਬੋਲੀ ਵਿੱਚ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ. ਸਾਡੇ ਆਪਣੇ ਬੱਚੇ ਪਾਸ ਹੋਣ ਲਈ ਵੀ ਬਹੁਤ ਘੱਟ ਪ੍ਰਤੀਸ਼ਤ ਨੰਬਰ ਪ੍ਰਾਪਤ ਕਰਦੇ ਹਨ. ਕੀ ਅਸੀਂ ਸਾਡੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਬਾਰੇ ਕੁਝ ਨਹੀਂ ਦੱਸਦੇ?

ਭਾਰਤ ਸਰਕਾਰ ਵੱਲੋਂ ਹਰੇਕ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਕਾਸ਼ਵਾਣੀ ਤੇ ਦੂਰਦਰਸ਼ਨ ਬਿਜਲਈ ਮੀਡੀਆ ਹੈ. ਦੂਰਦਰਸ਼ਨ ਸਾਡਾ ਇਕੋ ਇਕ ਚੈਨਲ ਜਲੰਧਰ ਵਿੱਚ ਸਥਾਪਤ ਦੂਰਦਰਸ਼ਨ ਪੰਜਾਬੀ ਹੈ ਪੰਜ ਸਾਲ ਤੋਂ ਇਸ ਕੇਂਦਰ ਤੋਂ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਕੁਝ ਨਹੀਂ ਕੀਤਾ ਜਾ ਰਿਹਾ. ਪਿਛਲੇ ਚਾਰ ਸਾਲ ਪ੍ਰੋਗਰਾਮ ਮੁਖੀ ਨੂੰ ਪੰਜਾਬੀ ਮਾਂ ਬੋਲੀ ਤੋਂ ਬਿਲਕੁਲ ਕੋਰੇ ਸਨ, ਉਨ੍ਹਾਂ ਦੇ ਪ੍ਰੋਗਰਾਮ ਕੀ ਚਲਾਉਣੇ ਸਨ. ਕੇਂਦਰ ਨਿਰਦੇਸ਼ਕ ਦਾ ਪੰਜ ਸਾਲ ਤੋਂ ਵਾਧੂ ਚਾਰਜ ਚੀਫ਼ ਇੰਜੀਨੀਅਰ ਨੂੰ ਦਿੱਤਾ ਹੋਇਆ ਹੈ. ਉਹ ਪੰਜਾਬੀ ਲਿਖਣੀ ਪੜ੍ਹਨੀ ਜਾਣਦੇ ਨਹੀਂ, ਕੀ ਨਿਰਦੇਸ਼ਨ ਹੋਵੇਗਾ.

ਮਈ ਮਹੀਨੇ ਵਿੱਚ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਨੂੰ ਬਣਾਇਆ ਗਿਆ ਜੋ ਕਿ ਡਰਾਮਾ ਵਿਭਾਗ ਦੀ ਉੱਚ ਸਿੱਖਿਆ ਪ੍ਰਾਪਤ ਹਨ. ਪ੍ਰੋਗਰਾਮ ਮੁਖੀ ਨੂੰ ਆਪਣੇ ਸਾਹਿਤ ਤੇ ਪਹਿਰਾਵੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਹੀ ਵਧੀਆ ਪ੍ਰੋਗਰਾਮ ਬਣਨਗੇ. ਸਰੋਤਿਆਂ ਨੂੰ ਆਸ ਸੀ ਕਿ ਇਹ ਪੰਜਾਬੀ ਮਾਂ ਬੋਲੀ ਜਾਣਦੇ ਹਨ, ਪ੍ਰੋਗਰਾਮਾਂ ਵਿੱਚ ਪੂਰਨ ਸੁਧਾਰ ਹੋਵੇਗਾ. ਕਰੋਨਾ ਦਾ ਬਹਾਨਾ ਲਗਾ ਕੇ ਪੂਰਾ ਦਿਨ ਕਮਰਸ਼ੀਅਲ ਪ੍ਰੋਗਰਾਮ ਚੱਲਦੇ ਰਹਿੰਦੇ ਹਨ ਕਿ ਬੁੱਧੀਜੀਵੀਆਂ ਤੇ ਸਾਹਿਤ ਸਭਾਵਾਂ ਵਾਲਿਆਂ ਨੂੰ ਕਦੇ ਦੂਰਦਰਸ਼ਨ ਪੰਜਾਬੀ ਦੇਖਣ ਨੂੰ ਸਮਾਂ ਨਹੀਂ ਮਿਲਦਾ ?

ਆਕਾਸ਼ਬਾਣੀ ਜਲੰਧਰ ਦੇ ਪੰਜ ਚੈਨਲ ਹਨ ਜਿੱਥੇ ਸਿਰਫ ਮਨੋਰੰਜਨ ਲਈ ਗੀਤ ਵੱਜਦੇ ਰਹਿੰਦੇ ਹਨ. ਐਂਕਰਜ਼ ਦੀ ਭਾਸ਼ਾ ਸਿਰਫ਼ ਕੰਮ ਚਲਾਊ ਹੈ ਸਾਹਿਤ ਵਿਰਸੇ ਅਤੇ ਸੱਭਿਆਚਾਰ ਸਬੰਧੀ ਕੋਈ ਪ੍ਰੋਗਰਾਮ ਪੇਸ਼ ਨਹੀਂ ਕੀਤਾ ਜਾਂਦਾ. ਕੀ ਪੰਜਾਬੀ ਮਾਂ ਬੋਲੀ ਦੇ ਸੇਵਕਾਂ ਨੇ ਕਦੇ ਆਵਾਜ਼ ਸੁਣੀ ਹੈ. ਮੈਂ ਤਿੰਨ ਦਹਾਕੇ ਤੋਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਹੋਏ ਦੁਨੀਆਂ ਵਿੱਚ ਜਿੱਥੇ ਵੀ ਪੰਜਾਬੀ ਵਸੇ ਹੋਏ ਹਨ ਆਪਣੇ ਆਪਣੇ ਤਰੀਕੇ ਨਾਲ ਉਨ੍ਹਾਂ ਨੇ ਆਪਣੇ ਐਫ ਐਮ ਰੇਡੀਓ ਤੇ ਟੀਵੀ ਸਟੇਸ਼ਨ ਚਾਲੂ ਕੀਤੇ ਹੋਏ ਹਨ, ਜੋ ਸਿਰ ਤੋੜ ਯਤਨਾਂ ਨਾਲ ਮਾਂ ਬੋਲੀ ਪੰਜਾਬੀ ਦੀ ਹਰ ਪੱਧਰ ਤੇ ਸੇਵਾ ਤੇ ਕਮਾਈ ਕਰਦੇ ਹਨ. ਸਾਡੇ ਪੰਜਾਬੀ ਦੇ ਅਖ਼ਬਾਰ ਸਾਡੇ ਮਹਾਨ ਪੰਜਾਬ ਦੇ ਪੰਜਾਬੀ ਅਖਬਾਰ ਖਬਰਾਂ ਦੇ ਨਾਲ ਸਾਹਿਤ ਦੇ ਹਰ ਰੂਪ ਨਾਲ ਜੁੜੇ ਹੋਏ ਹਨ ਪਰ ਖ਼ਬਰਾਂ ਸਭ ਇੱਕੋ ਹੀ ਹੁੰਦੀਆਂ ਹਨ. ਸਾਹਿਤ ਲਈ ਹਰੇਕ ਅਖਬਾਰ ਨੇ ਆਪਣੇ ਆਪਣੇ ਖਾਸ ਲੇਖਕ ਜਿਨ੍ਹਾਂ ਨੂੰ ਮਿੱਤਰ ਕਹਿ ਸਕਦੇ ਹਾਂ ਉਹ ਰੱਖੇ ਹੋਏ ਹਨ. ਅਖ਼ਬਾਰ ਵਾਲੇ ਰਚਨਾ ਨਹੀਂ ਸਿਰਫ਼ ਲੇਖਕ ਦਾ ਨਾਮ ਛਾਪਣ ਵੇਲੇ ਤੋਲਦੇ ਹਨ.

ਵਿਦੇਸ਼ਾਂ ਵਿੱਚ ਵਸੇ ਆਪਣੇ ਅਨੇਕਾਂ ਭੈਣ ਭਰਾਵਾਂ ਨੇ ਅਖ਼ਬਾਰ ਚਾਲੂ ਕੀਤੇ ਹਨ ਜੋ ਪ੍ਰਿੰਟਿੰਗ ਧਿਆਨ ਲਾਈਨ ਉੱਤੇ ਹਰ ਰੋਜ਼ ਛਪਦੇ ਹਨ. ਇਹਨਾਂ ਅਖਬਾਰਾਂ ਵਿੱਚ ਯੋਗ ਸਾਹਿਤਕ ਲੇਖ ਤੇ ਹੋਰ ਰਚਨਾਵਾਂ ਛਪਦੀਆਂ ਹਨ. ਲੇਖਕਾਂ ਨੂੰ ਨਾਪਣ ਲਈ ਉਨ੍ਹਾਂ ਨੇ ਕੋਈ ਤੱਕੜੀ ਨਹੀਂ ਰੱਖੀ ਹੋਈ. ਪੰਜਾਬੀ ਮਾਂ ਬੋਲੀ ਦਾ ਬਹੁਤ ਸੋਹਣੇ ਤਰੀਕੇ ਨਾਲ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ. ਸਾਡੇ ਬੁੱਧੀਜੀਵੀ ਤੇ ਸਾਹਿਤਕਾਰ ਪੰਜਾਬ ਵਿੱਚ ਛੱਪਦੇ ਅਖਬਾਰਾਂ ਉੱਤੇ ਮਾਫ਼ੀਆ ਰੂਪੀ ਮੱਕੜ ਜਾਲ ਸੁੱਟ ਕੇ ਬੈਠੇ ਹੋਏ ਹਨ ਇਹ ਨਾਂ ਤੇ ਇਨ੍ਹਾਂ ਦੇ ਮਿੱਤਰਾਂ ਲਈ ਅਖ਼ਬਾਰਾਂ ਵਿੱਚ ਥਾਂ ਰਾਖਵੀਂ ਹੈ, ਉੱਭਰ ਰਹੇ ਨਵੇਂ ਲੇਖਕਾਂ ਲਈ ਕਦੇ ਬੁੱਧੀਜੀਵੀ ਤੇ ਸਾਹਿਤਕਾਰਾਂ ਨੇ ਕੋਈ ਰਾਗ ਅਲਾਪਿਆ ਹੈ?

ਪੰਜਾਬੀ ਮਾਂ ਬੋਲੀ ਦੀ ਅਸਲੀਅਤ ਪ੍ਰਸੰਗ ਵਿਚ ਵਿਆਖਿਆ –

ਸਾਡੀ ਪੰਜਾਬੀ ਮਾਂ ਬੋਲੀ ਦਾ ਆਧਾਰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੇਕਾਂ ਧਾਰਮਿਕ ਗ੍ਰੰਥ ਤੇ ਕਿੱਸਾ ਕਾਵਿ ਹਨ, ਇਨ੍ਹਾਂ ਨੂੰ ਲਿਖਿਆ ਸੈਂਕੜੇ ਸਾਲ ਗੁਜ਼ਰ ਗਏ, ਸਭ ਲੋਕ ਪੜ੍ਹਦੇ ਹਨ. ਇਨ੍ਹਾਂ ਦੀ ਉਹੋ ਹੀ ਮਹਾਨਤਾ ਹੈ ਜੋ ਲਿਖਣ ਸਮੇਂ ਸੀ, ਇਨ੍ਹਾਂ ਨੂੰ ਪੜ੍ਹਨ ਲਈ ਪੰਜਾਬੀ ਭਾਸ਼ਾ ਦੀ ਜ਼ਰੂਰਤ ਹੈ ਤਾਂ ਹੀ ਤਾਂ ਪੜ੍ਹ ਰਹੇ ਹਨ. ਸਾਡੀ ਮਾਂ ਬੋਲੀ ਪੰਜਾਬੀ ਦਾ ਉਚਾਰਨ ਏਨਾ ਸ਼ੁੱਧ ਹੈ, ਭਾਰਤ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਬੋਲੋ ਉਥੋਂ ਦੇ ਬਸ਼ਿੰਦੇ ਗੱਲ ਸਮਝ ਹੀ ਲੈ ਲੈਂਦੇ ਹਨ. ਦੱਖਣ ਦੀਆਂ ਭਾਸ਼ਾਵਾਂ ਕਿਸੇ ਵੀ ਉੱਤਰ ਵਾਲੇ ਨੂੰ ਸਮਝ ਨਹੀਂ ਆਉਂਦੀਆਂ. ਦੱਖਣ ਵਾਲੇ ਭਾਰਤ ਦੇ ਮੂਲ ਨਿਵਾਸੀ ਹਨ, ਕੀ ਉਨ੍ਹਾਂ ਨੇ ਆਪਣੀ ਭਾਸ਼ਾ ਪੰਜਾਬ ਵਿੱਚ ਲਾਗੂ ਕਰਨ ਲਈ ਕਦੇ ਝੰਡਾ ਚੁੱਕਿਆ ਹੈ? ਉਨ੍ਹਾਂ ਨੂੰ ਆਪਣੀ ਭਾਸ਼ਾ ਤੇ ਪਹਿਰਾਵੇ ਉੱਤੇ ਮਾਣ ਹੈ. ਇੱਕ ਆਪਾਂ ਪੰਜਾਬੀ ਹਾਂ ਭਾਸ਼ਾ ਦੇ ਨਾਲ ਨਾਲ ਖਾਣੇ ਤੇ ਪਹਿਰਾਵਾ ਵੀ ਵਿਦੇਸ਼ੀ ਅਪਣਾਉਂਦੇ ਜਾ ਰਹੇ ਹਨ. ਵਿਦੇਸ਼ਾਂ ਵਿੱਚ ਜਾ ਕੇ ਆਪਾਂ ਆਪਣੀ ਭਾਸ਼ਾ ਖਾਣੇ ਤੇ ਪਹਿਰਾਵੇ ਦਾ ਪ੍ਰਚਾਰ ਨਹੀਂ ਕਰਦੇ ਉਨ੍ਹਾਂ ਦੀ ਕਾਪੀ ਕਰਨਾ ਆਪਣਾ ਮਾਣ ਸਮਝਦੇ ਹਾਂ.

ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਹਿਲਾਂ ਵੀ ਆ ਕੇ ਪੰਜਾਬ ਵਿੱਚ ਸਿੱਖਿਆ ਪ੍ਰਾਪਤ ਕਰਦੇ ਸਨ ਤੇ ਹੁਣ ਵੀ ਕਰ ਰਹੇ ਹਨ. ਉਦਾਹਰਨ ਦੇ ਤੌਰ ਤੇ ਪੰਡਿਤ ਧਰੇਨਵਰ ਰਾਓ ਜੀ ਨੇ ਕਰਨਾਟਕ ਤੋਂ ਆ ਕੇ ਪੰਜਾਬੀ ਦੀ ਐਮ ਫਿਲ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਦਾ ਕੰਨੜ ਭਾਸ਼ਾ ਵਿੱਚ ਤਰਜਮਾ ਕੀਤਾ ਤੇ ਸਾਡੀ ਮਾਂ ਬੋਲੀ ਪੰਜਾਬੀ ਲਈ ਝੰਡਾ ਚੁੱਕ ਕੇ ਸੜਕਾਂ ਤੇ ਘੁੰਮ ਰਹੇ ਹਨ. ਕੀ ਇਹ ਮਾਂ ਬੋਲੀ ਪੰਜਾਬੀ ਨੂੰ ਦੂਸਰੇ ਸੂਬਿਆਂ ਵੱਲੋਂ ਮਾਣ ਨਹੀਂ ? ਆਪਣੀਆਂ ਬੀਬੀਆਂ ਭੈਣਾਂ ਦਾ ਪਹਿਰਾਵਾ ਪੰਜਾਬੀ ਜਾਂ ਪਟਿਆਲਾ ਸੂਟ ਦੱਖਣ ਤੇ ਵਿਦੇਸ਼ੀ ਕੁੜੀਆਂ ਪਹਿਨਣ ਲੱਗੀਆਂ ਹਨ. ਸਾਡੀਆਂ ਬੀਬੀਆਂ ਭੈਣਾਂ ਕੀ ਕਰਦੀਆਂ ਹਨ ਡਰਬਨ ਦੱਖਣੀ ਅਫਰੀਕਾ ਦੀ ਡੀ ਸੀ ਇੱਕ ਬੀਬਾ ਜੀ ਸਨ ਉਨ੍ਹਾਂ ਨੂੰ ਜਹਾਜ਼ ਵਿੱਚ ਕੋਈ ਕੰਮ ਸੀ, ਉਹ ਸਾਡੀ ਭਾਸ਼ਾ ਤੇ ਵਿਰਸੇ ਬਾਰੇ ਗੱਲ ਕਰਨ ਲੱਗੇ. ਅਨੇਕਾਂ ਗੱਲਾਂ ਕੀਤੀਆਂ ਪਰ ਖਾਸ ਗੱਲ ਇਹ ਰਹੀ ਕਿ ਸਾਡੇ ਇੱਕ ਬੰਦੇ ਨੇ ਸ਼ਹੀਦੀ ਦਿੱਤੀ, ਅਸੀਂ ਸਾਰੀ ਦੁਨੀਆਂ ਨੂੰ ਦੱਸ ਦਿੱਤਾ ਤੁਹਾਡਾ ਪੰਜਾਬ ਦਾ ਸਾਰਾ ਇਤਿਹਾਸ ਖ਼ੂਨ ਨਾਲ ਲਿਖਿਆ ਹੋਇਆ ਹੈ, ਤੁਹਾਨੂੰ ਖੁਦ ਨੂੰ ਪਤਾ ਨਹੀਂ. ਇਹ ਇੱਕ ਵਿਦੇਸ਼ੀ ਉੱਚ ਪੱਧਰੀ ਸਿੱਖਿਆ ਪ੍ਰਾਪਤ ਬੀਬੀ ਦਾ ਸੁਨੇਹਾ ਹੈ. ਸਾਡੇ ਪੰਜਾਬ ਦੀਆਂ ਸਰਕਾਰਾਂ ਬੁੱਧੀਜੀਵੀ ਤੇ ਸਾਹਿਤਕਾਰ ਸਮੇਂ ਸਮੇਂ ਤੇ ਢੋਲ ਕੁੱਟਦੇ ਰਹਿਣਗੇ. ਜਦੋਂ ਤੱਕ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਦੇ, ਸਾਡੀ ਮਾਂ ਬੋਲੀ ਪੰਜਾਬੀ ਵਿਚਾਰੀ ਹੀ ਬਣੀ ਰਹੇਗੀ. ਪੰਜਾਬੀ ਮਾਂ ਬੋਲੀ ਨੂੰ ਕਿੱਥੋਂ ਖਤਰਾ ਹੈ ਪਹਿਲਾਂ ਇਸ ਦੀ ਖੋਜ ਕਰੋ ਨਤੀਜਾ ਆਪਣੇ ਆਪ ਨਿਕਲ ਆਵੇਗਾ.

– ਰਮੇਸ਼ਵਰ ਸਿੰਘ ਪਟਿਆਲਾ, ਸੰਪਰਕ ਨੰਬਰ 9914880392

Previous articlePakistan takes diplomatic corps to LoC
Next articleDemocracy without debate