ਸਾਈਬਾਬਾ ਦੀ ਪੈਰੋਲ ਅਰਜ਼ੀ ’ਤੇ ਊਧਵ ਸਰਕਾਰ ਦੀ ਜਵਾਬ ਤਲਬੀ

ਨਾਗਪੁਰ (ਸਮਾਜ ਵੀਕਲੀ) : ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐੱਨ.ਸਾਈਬਾਬਾ(51) ਵੱਲੋਂ ਹੈਦਰਾਬਾਦ ਵਿੱਚ ਆਪਣੀ ਮਰਹੂਮ ਮਾਂ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਮੰਗੀ ਹੰਗਾਮੀ ਪੈਰੋਲ ’ਤੇ ਮਹਾਰਾਸ਼ਟਰ ਸਰਕਾਰ ਤੋਂ ਜਵਾਬ ਮੰਗ ਲਿਆ ਹੈ।

ਮਾਓਵਾਦੀਆਂ ਨਾਲ ਸਬੰਧਾਂ ਕਰਕੇ ਨਾਗਪੁਰ ਕੇਂਦਰੀ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਾਈਬਾਬਾ ਦੀ 74 ਸਾਲਾ ਮਾਂ ਦਾ ਪਹਿਲੀ ਅਗਸਤ ਨੂੰ ਦੇਹਾਂਤ ਹੋ ਗਿਆ ਸੀ। ਸਾਈਬਾਬਾ ਦੇ ਵਕੀਲ ਹਾਲਾਂਕਿ ਇਸ ਦੌਰਾਨ ਮਾਂ ਪੁੱਤ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਵਾਉਣ ਲਈ ਕੋਸ਼ਿਸ਼ਾਂ ਕਰਦੇ ਰਹੇ। ਜੇਲ੍ਹ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਸਾਈਬਾਬਾ ਦੀ ਆਪਣੀ ਮਾਂ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਹੋਣ ਸਬੰਧੀ ਪੈਰੋਲ ਅਰਜ਼ੀ ਰੱਦ ਕਰ ਦਿੱਤੀ ਸੀ।

ਇਸ ਮਗਰੋਂ ਸਾਬਕਾ ਪ੍ਰੋਫੈਸਰ ਨੇ ਆਪਣੇ ਵਕੀਲ ਮਿਹਿਰ ਦੇਸਾਈ ਰਾਹੀਂ ਹਾਈ ਕੋਰਟ ਦਾ ਰੁਖ਼ ਕਰਦਿਆਂ ਐਮਰਜੰਸੀ ਪੈਰੋਲ ਮੰਗੀ ਸੀ ਤਾਂ ਕਿ ਉਹ ਹੈਦਰਾਬਾਦ ਜਾ ਕੇ ਆਪਣੀ ਮਾਂ ਦੇ ਭੋਗ ਸਬੰਧੀ ਰਸਮਾਂ ਨੂੰ ਪੂਰਾ ਕਰ ਸਕੇ। ਉਧਰ, ਸਰਕਾਰ ਵੱਲੋਂ ਪੇਸ਼ ਵਕੀਲ ਪੀ.ਕੇ.ਸਾਥੀਨਾਥਨ ਨੇ ਸਾਈਬਾਬਾ ਦੀ ਅਪੀਲ ’ਤੇ ਜਵਾਬ ਦਾਅਵਾ ਦਾਖ਼ਲ ਕਰਨ ਲਈ ਸਮਾਂ ਮੰਗਿਆ ਹੈ। ਜਸਟਿਸ ਏ.ਐੱਸ.ਚੰਦੁਰਕਰ ਤੇ ਏ.ਬੀ.ਬੋਰਕਰ ਦੇ ਬੈਂਚ ਨੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 18 ਅਗਸਤ ਤੱਕ ਜਵਾਬ ਦਾਖ਼ਲ ਕਰਨ ਦੀ ਹਦਾਇਤ ਕੀਤੀ ਹੈ।

ਸਾਈਬਾਬਾ ਦੀ ਮਾਂ ਕੈਂਸਰ ਤੋਂ ਪੀੜਤ ਸੀ ਤੇ ਸਾਬਕਾ ਪ੍ਰੋਫੈਸਰ ਨੇ ਜੇਲ੍ਹ ਪ੍ਰਸ਼ਾਸਨ ਤੋਂ ਆਪਣੀ ਮਾਂ ਨੂੰ ਮਿਲਣ ਦੀ ਇਜਾਜ਼ਤ ਮੰਗੀ ਸੀ, ਜੋ ਰੱਦ ਕਰ ਦਿੱਤੀ ਗਈ। ਸਾਈਬਾਬਾ ਸਰੀਰਕ ਤੌਰ ’ਤੇ 90 ਫੀਸਦ ਤੋਂ ਵਧ ਅਪਾਹਜ ਹੈ ਤੇ ਵ੍ਹੀਲਚੇਅਰ ’ਤੇ ਨਿਰਭਰ ਹੈ। ਹਾਈ ਕੋਰਟ ਨੇ 28 ਜੁਲਾਈ ਨੂੰ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।ਇਸ ਦੌਰਾਨ ਹਾਈ ਕੋਰਟ ਨੇ ਸਾਈਬਾਬਾ ਨਾਲ ਮਿਲਦੇ ਜੁਲਦੇ ਕੇਸ ਵਿੱਚ ਦੋਸ਼ੀ ਠਹਿਰਾਏ ਸਾਬਕਾ ਪੱਤਰਕਾਰ ਪ੍ਰਸ਼ਾਂਤ ਰਾਹੀ ਦੀ ਜ਼ਮਾਨਤ ਅਰਜ਼ੀ ’ਤੇ ਵੀ ਸੂਬਾ ਸਰਕਾਰ ਤੋਂ ਜਵਾਬ ਮੰਗ ਲਿਆ ਹੈ।

Previous articleਟਰੰਪ ਦੀ ਪ੍ਰੈਸ ਕਾਨਫਰੰਸ ਦੌਰਾਨ ਵਾਈਟ ਹਾਊਸ ਨੇੜੇ ਗੋਲੀ ਚੱਲੀ
Next articleਦੇਸ ’ਚ ਸਨਅਤੀ ਉਤਪਾਦਨ 16.6 ਫੀਸਦ ਡਿੱਗਿਆ