ਸਾਈਕਲ ਫੈਕਟਰੀ ’ਚ ਅੱਗ ਕਾਰਨ ਕਰੋੜਾਂ ਦਾ ਨੁਕਸਾਨ

ਲੁਧਿਆਣਾ- ਸਨਅਤੀ ਸ਼ਹਿਰ ਦੇ ਫੋਕਲ ਪੁਆਇੰਟ ਵਿੱਚ ਸਾਈਕਲ ਬਣਾਉਣ ਵਾਲੀ ਫੈਕਟਰੀ ਐੱਸਕੇ ਬਾਈਕਸ ’ਚ ਅੱਜ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ ਜਿਸ ਨਾਲ ਫੈਕਟਰੀ ਅੰਦਰ ਖੜ੍ਹੇ 25 ਹਜ਼ਾਰ ਕੇ ਕਰੀਬ ਸਾਈਕਲਾਂ ਤੇ ਮਸ਼ੀਨਾਂ ਸੜ ਗਈਆਂ। ਅੱਗ ਕਾਰਨ ਫੈਕਟਰੀ ਦੀ ਦੋ ਮੰਜ਼ਿਲਾ ਇਮਾਰਤ ਨੂੰ ਵੀ ਨੁਕਸਾਨ ਪੁੱਜਿਆ। ਫੈਕਟਰੀ ਮਾਲਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਫੋਕਲ ਪੁਆਇੰਟ 7 ’ਚ ਸਾਈਕਲ ਬਣਾਉਣ ਵਾਲੀ ਐੱਸਕੇ ਬਾਈਕਸ ਪ੍ਰਾਈਵੇਟ ਲਿਮਟਿਡ ਦੀ ਫੈਕਟਰੀ ਤੇ ਗੁਦਾਮ ਹੈ। ਤਿੰਨ ਪਲਾਂਟਾਂ ਵਿੱਚ ਫੈਕਟਰੀ ਬਣੀ ਹੋਈ ਹੈ, ਜਿਸ ’ਚ ਗੁਦਾਮ ਅਤੇ ਪੇਂਟ ਕਰਨ ਵਾਲੀ ਯੂਨਿਟ ਵੀ ਹੈ। ਅੱਜ ਫੈਕਟਰੀ ਮਾਲਕ ਦੇ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਜਾਣ ਕਾਰਨ ਸਾਰੇ ਮੁਲਾਜ਼ਮਾਂ ਨੂੰ ਸਾਢੇ ਕੁ 12 ਵਜੇ ਛੁੱਟੀ ਕਰ ਦਿੱਤੀ ਗਈ ਸੀ। ਫੈਕਟਰੀ ਮਾਲਕ ਨੂੰ ਦੁਪਹਿਰ ਡੇਢ ਕੁ ਵਜੇ ਇੱਕ ਵਰਕਰ ਦਾ ਫੋਨ ਆਇਆ ਕਿ ਫੈਕਟਰੀ ’ਚ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਫੈਕਟਰੀ ਮਾਲਕ ਮੌਕੇ ’ਤੇ ਪੁੱਜੇ। ਸੂਚਨਾ ਮਿਲਣ ’ਤੇ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ, ਪਰ ਉਦੋਂ ਤੱਕ ਅੱਗ ਗੁਦਾਮ ਤੱਕ ਫੈਲ ਚੁੱਕੀ ਸੀ। ਰਾਤ ਤੱਕ 100 ਤੋਂ ਵੱਧ ਅੱਗ ਬੁਝਾਊ ਗੱਡੀਆਂ ਮੌਕੇ ’ਤੇ ਭੇਜੀਆਂ ਜਾ ਚੁੱਕੀਆਂ ਸਨ ਪਰ ਫਿਰ ਵੀ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸੱਕਿਆ। ਫੈਕਟਰੀ ’ਚ ਰੱਖੀਆਂ ਸਾਰੀਆਂ ਮਸ਼ੀਨਾਂ ਤੇ ਗੁਦਾਮ ’ਚ ਰੱਖੇ 25 ਹਜ਼ਾਰ ਤੋਂ ਵੱਧ ਸਾਈਕਲ ਸੜ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਖ਼ਬਰ ਲਿਖੇ ਜਾਣ ਤੱਕ ਫੈਕਟਰੀ ਵਿੱਚ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸੱਕਿਆ ਸੀ। ਜ਼ਿਕਰਯੋਗ ਹੈ ਕਿ ਇਸ ਫੈਕਟਰੀ ਵਿੱਚ ਹਮੇਸ਼ਾ 500 ਦੇ ਕਰੀਬ ਵਰਕਰ ਕੰਮ ਕਰਦੇ ਹਨ, ਪਰ ਅੱਜ ਛੁੱਟੀ ਹੋਣ ਕਾਰਨ ਸੁਰੱਖਿਆ ਮੁਲਾਜ਼ਮਾਂ ਤੋਂ ਇਲਾਵਾ ਕੋਈ ਵੀ ਫੈਕਟਰੀ ਵਿੱਚ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

Previous articleਬੀਐੱਸਐੱਫ ਦੇ ਬਰਖਾਸਤ ਜਵਾਨ ਵੱਲੋਂ ਆਤਮਹੱਤਿਆ
Next articleਅਕਾਲੀ ਦਲ ਨੇ ‘ਸਿਆਸੀ ਕਤਲ’ ਹੋਣ ਦਾ ਖਦਸ਼ਾ ਪ੍ਰਗਟਾਇਆ