ਸਾਂਸਦ ਔਜਲਾ ਨੇ ਸੰਸਦ ‘ਚ ਉਠਾਇਆ ਭਾਰਤ-ਪਾਕਿ ਵਪਾਰ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਮੁੱਦਾ

ਅੰਮਿ੍ਤਸਰ : ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਰਦ ਰੁੱਤ ਦੇ ਸ਼ੁਰੂ ਹੋਏ ਸੰਸਦੀ ਸ਼ੈਸ਼ਨ ‘ਚ ਆਪਣੇ ਪਲੇਠੇ ਭਾਸ਼ਣ ‘ਚ ਸੰਸਦ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਦੀ ਵਧਾਈ ਦਿੰਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਤੇ ਮੰਗ ਕੀਤੀ ਕਿ ਪਿਛਲੇ ਸਮੇਂ ‘ਚ ਅਟਾਰੀ ਸਰਹੱਦ ਰਾਹੀਂ ਬੰਦ ਪਏ ਭਾਰਤ-ਪਾਕਿਸਤਾਨ ਵਪਾਰ ਨੂੰ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕੀਤਾ ਜਾਵੇ।

ਸੰਸਦ ‘ਚ ਬੋਲਦਿਆਂ ਔਜਲਾ ਨੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੁੁੱਲ੍ਹਣ ‘ਤੇ ਕਿਹਾ ਕਿ ਰੋਜ਼ਾਨਾ ਅਰਦਾਸ ‘ਚ ਵਿੱਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਮੰਗ ਕਰਨ ਵਾਲੇ ਸਿੱਖਾਂ ਦੀ 72 ਸਾਲਾਂ ਤੋਂ ਲਟਕਦੀ ਮੰਗ ਨੂੰ ਬੂਰ ਪਿਆ ਹੈ ਅਤੇ ਸਿੱਖ ਬਿਨਾਂ ਵੀਜ਼ਾ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਦੇ ਹਨ।

ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਲਈ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰਨ ਲਈ ਕਦਮ ਉਠਾਏ ਤੇ ਦਰਸ਼ਨ ਦੀਦਾਰੇ ਕਰਨ ਲਈ 20 ਡਾਲਰ ਦੀ ਰੱਖੀ ਗਈ ਫੀਸ ਤੋਂ ਵੀ ਸਿੱਖ ਸੰਗਤਾਂ ਨੂੰ ਨਿਜਾਤ ਦਿਵਾਈ ਜਾਵੇ। ਔਜਲਾ ਨੇ ਸੰਸਦ ‘ਚ ਮੰਗ ਕੀਤੀ ਕਿ ਪਿਛਲੇ ਸਮੇਂ ‘ਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਬੰਦ ਪਏ ਭਾਰਤ-ਪਾਕਿਸਤਾਨ ਵਪਾਰ ਨੂੰ ਤੁਰੰਤ ਸ਼ੁਰੂ ਕੀਤਾ ਜਾਵੇ ਕਿਉਂਕਿ ਅਟਾਰੀ-ਵਾਹਗਾ ਸਰਹੱਦ ਰਾਹੀਂ ਹੁੰਦੇ ਸਾਲਾਨਾ 1500 ਕਰੋੜ ਰੁਪਏ ਦੇ ਵਪਾਰ ਦੇ ਬੰਦ ਹੋਣ ਕਾਰਨ ਸਿੱਧੇ ਤੌਰ ‘ਤੇ 5 ਹਜ਼ਾਰ ਲੋਕ ਅਤੇ ਅਸਿੱਧੇ ਤੌਰ ‘ਤੇ 10 ਹਜ਼ਾਰ ਲੋਕ ਬੇਰੁਜ਼ਗਾਰ ਹੋਏ ਹਨ।

Previous articleSwedish prosecutor drops rape investigation against Assange
Next articleNew Sri Lankan President to visit India on Nov 29