ਸਾਂਈ ਮੀਆ ਮੀਰ ਦਰਬਾਰ, ਲਾਹੌਰ ‘ਚ ਸ੍ਰੀ ਦਰਬਾਰ ਸਾਹਿਬ ਸਥਾਪਨਾ ਦਿਵਸ ਤੇ ਵਿਸ਼ੇਸ਼ ਸਮਾਗਮ

 

ਲਾਹੌਰ (ਸਮਾਜ ਵੀਕਲੀ)- ਗੁਰੂ ਅਰਜਨ ਦੇਵ ਜੀ ਵੱਲੋਂ ੧ ਮਾਘ ੧੫੮੮ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਹਜ਼ਰਤ ਸਾਈਂ ਮੀਆਂ ਮੀਰ ਕਾਦਰੀ ਵੱਲੋਂ ਰਖਵਾਏ ਜਾਣ ਦੇ ਦਿਹਾੜੇ ਨੂੰ ਸਾਈਂ ਮੀਆ ਮੀਰ ਮੁਅਈਨ-ਉਲ-ਇਸਲਾਮ ਦੇ ਦਰਬਾਰ ਲਾਹੌਰ ਵਿਖੇ ‘ਵਿਸ਼ੇਸ਼ ਸਮਾਗਮ’ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਅਲੀ ਰਜ਼ਾ ਕਾਦਰੀ ਅਤੇ ਦਰਬਾਰ ਕਮੇਟੀ ਵੱਲੋਂ ਰੱਖੇ ਗਏ। ਜਿਸ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਨਨਕਾਣਾ ਸਾਹਿਬ, ਲਾਹੌਰ ਦੀ ਸਿੱਖ ਮੁਸਲਿਮ ਸੰਗਤ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਨਨਕਾਣਾ ਸਾਹਿਬ ਗੱਤਕਾ ਦਲ ਦੇ ਬੱਚਿਆਂ ਨੇ ਗੱਤਕੇ ਦੇ ਜੌਹਰ ਦਿਖਾਏ। ਇਸ ਮੌਕੇ ‘ਤੇ ਗਿਆਨੀ ਜਨਮ ਸਿੰਘ ਵੱਲੋਂ ਸਿੱਖ ਧਰਮ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਸਥਾਪਨਾ ਪੁਰਬ ਦੀ ਮਹੱਤਤਾ ਬਾਰੇ ਆਪਣੇ ਵੀਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਦੀ ਸ਼ਾਨ ਅਤੇ ਮਹਾਨਤਾ ਪੰਜਾਬ ਦੀ ਧਰਤੀ ‘ਤੇ ਲੱਗੀ ਹੋਈ ਰੱਬੀ ਮੋਹਰ ਹੈ। ਇਹ ਰੱਬੀ ਰੰਗ ਵਿਚ ਰੰਗੀਆਂ ਰੂਹਾਂ ਦਾ ਜਗਤ ਦਾ ਅਜੂਬਾ ਹੈ, ਜਿੱਥੇ ਕੀਰਤਨ ਅਤੇ ਪਾਠ ਦੇ ਅਖੰਡ ਪ੍ਰਵਾਹ, ਸੇਵਾ ਤੇ ਸਿਮਰਨ ਦਾ ਸੰਗਮ ਹੁੰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਸਿੱਖੀ ਮੁਸਲਿਮ ਭਾਈਚਾਰੇ ਦਾ ਰੌਸ਼ਨ ਮੀਨਾਰ ਹੈ।
ਸ੍ਰ, ਰਮੇਸ਼ ਸਿੰਘ ਅਰੌੜਾ ਐਮ.ਪੀ.ਏ ਪੰਜਾਬ ਅਸੈਬਲੀ ਪਾਕਿਸਤਾਨ, ਸ੍ਰ, ਅਮੀਰ ਸਿੰਘ ਜਰਨਲ ਸਕੱਤਰ (ਪੀ.ਐਸ.ਜੀ.ਪੀ.ਸੀ), ਸ੍ਰ. ਬਿਸ਼ਨ ਸਿੰਘ ਸਾਬਕਾ ਪ੍ਰਧਾਨ (ਪੀ.ਐਸ.ਜੀ.ਪੀ.ਸੀ), ਗ੍ਰੰਥੀ ਭਾਈ ਦਇਆ ਸਿੰਘ, ਬਾਬਾ ਰਵੇਲ ਸਿੰਘ ‘ਮਾਲ ਜੀ ਸਾਹਿਬ’ ਵਾਲੇ, ਸ੍ਰ. ਚਰਨ ਸਿੰਘ ਗ੍ਰੰਥੀ ਗੁਰਦੁਆਰਾ ਮਾਲ ਜੀ ਸਾਹਿਬ, ਸ੍ਰ. ਸੁਖਬੀਰ ਸਿੰਘ ਗ੍ਰੰਥੀ ਗੁਰਦੁਆਰਾ ਬਾਲ ਲੀਲਾ ਸਾਹਿਬ, ਸ੍ਰ. ਸੰਤ ਸਿੰਘ ਗ੍ਰੰਥੀ ਗੁਰਦੁਆਰਾ ਪਾਤਸ਼ਾਹੀ ਛੇਂਵੀ, ਸ੍ਰ. ਹਰਭਜਨ ਸਿੰਘ ਗ੍ਰੰਥੀ ਗੁਰਦੁਆਰਾ ਪੱਟੀ ਸਾਹਿਬ, ਸ੍ਰ. ਸੇਵਾ ਸਿੰਘ ਵੱਲੋਂ ਸਾਂਝੇ ਤੌਰ ‘ਤੇ ਪਾਕਿਸਤਾਨ ਦੀ ਸਮੂਹ ਸਿੱਖ ਸੰਗਤ ਵੱਲੋਂ ਫੁੱਲ਼ਾਂ ਦੀ ਦਰਬਾਰ ਵਿਖੇ ਚਾਦਰ ਚੜ੍ਹਾਈ ਗਈ ਅਤੇ ਸਾਈਂ ਅਲੀ ਰਜ਼ਾ ਕਾਦਰੀ ਵੱਲੋਂ ਸਰਬੱਤ ਦੇ ਭਲੇ ਲਈ ਦੁਆ ਕੀਤੀ ਗਈ।
ਵਿਸ਼ੇਸ਼ ਸਮਾਗਮ ਦੇ ਮੌਕੇ ‘ਤੇ ਬੋਲਦਿਆਂ ਸ੍ਰ. ਰਮੇਸ਼ ਸਿੰਘ ਅਰੌੜਾ ਨੇ ਕਿਹਾ ਕਿ ਅੱਜ ਸਾਈਂ ਮੀਆਂ ਮੀਰ ਜੀ ਦੇ ਦਰਬਾਰ ‘ਚ ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਸਾਂਝੇ ਤੌਰ ‘ਤੇ ਗੁਰੂ ਅਰਜਨ ਦੇਵ ਜੀ ਅਤੇ ਹਜ਼ਰਤ ਸਾਈਂ ਮੀਆਂ ਮੀਰ ਜੀ ਵੱਲੋਂ ਜੋ ਦੋ ਧਰਮਾਂ ਦੇ ਪਿਆਰ ਦੀ ਸਾਂਝ ਦੀ ਨੀਂਹ ਰੱਖੀ ਗਈ ਸੀ ਉਸ ਨੂੰ ਸਾਂਝੇ ਤੌਰ ‘ਤੇ ਮਨਾ ਕੇ ਅਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਵੀ ਪਾਕਿਸਤਾਨ ਵਿਚ ਘੱਟਗਿਣਤੀਆਂ ਨੂੰ ਵੱਧ ਅਧਿਕਾਰ ਹੀ ਨਹੀਂ ਦਿੱਤੇ ਜਾਂਦੇ ਹਨ ਬਲਕਿ ਰਿਆਸਤੇ ਪਾਕਿਸਤਾਨ ਹਮੇਸ਼ਾਂ ਘੱਟਗਿਣਤੀਆਂ ਦੇ ਧਾਰਮਿਕ/ਸਮਾਜਿਕ/ਆਰਥਿਕ ਪੱਖੋਂ ਵੀ ਵੱਧ ਧਿਆਨ ਰੱਖਦੀ ਹੈ।
ਲੇਕਿਨ ਪਤਾ ਨਹੀਂ ਕੁਝ ਤਾਕਤਾਂ ਪਾਸੋਂ ਇਹ ਸਭ ਕੁਝ ਬਰਦਾਸ਼ਤ ਕਿਉਂ ਨਹੀਂ ਹੁੰਦਾ ਅਤੇ ਇਸ ਲਈ ਉਹ ਪਾਕਿਸਤਾਨ ਦੇ ਖਿਲਾਫ਼ ਨਕਾਰਾਤਮਕ ਪ੍ਰਚਾਰ ਕਰਦੀਆਂ ਰਹਿੰਦੀਆਂ ਹਨ। ਖਾਸ ਤੌਰ ‘ਤੇ ਗੋਦੀ ਮੀਡੀਆ। ਉਨ੍ਹਾਂ ਕਿਹਾ ਲੇਕਿਨ ਦੁਨੀਆ ਅੱਜ ਸਮਝਦਾਰ ਹੋ ਗਈ ਹੈ ਅਤੇ ਦੇਖ ਰਹੀ ਹੈ ਕਿ ਕਿਵੇਂ ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਕਿੱਡਾ ਵੱਡਾ ਕਦਮ ਚੁੱਕਿਆ ਜਿਹੜਾ ਸਿੱਖ ਅਤੇ ਮੁਸਲਮਾਨ ਦੋਹਾਂ ਕੌਮਾਂ ਦੇ ਵਿਸ਼ਵਾਸ਼, ਏਕਤਾ ਅਤੇ ਸਾਂਝ ਦਾ ਪ੍ਰਤੀਕ ਹੈ। ਹਿੰਦੁਸਤਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿਆਸਤ ਨੂੰ ਇਕ ਪਾਸੇ ਰੱਖ ਕੇ ਛੇਤੀ ਤੋਂ ਛੇਤੀ ਇਸ ਨੂੰ ਖੋਲ੍ਹੇ।
ਸ੍ਰ, ਅਮੀਰ ਸਿੰਘ ਜਰਨਲ ਸਕੱਤਰ ਹੋਣਾ ਇਸ ਮੌਕੇ ‘ਤੇ ਆਪਣੇ ਵੀਚਾਰ ਰੱਖਦਿਆਂ ਕਿਹਾ ਕਿ ਅੱਜ ਦੇ ਦਿਨ ਹਜ਼ਰਤ ਸਾਈਂ ਮੀਆਂ ਮੀਰ ਜੀ ਦੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨ੍ਹਾ ਕੇ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝ ਰਹੇ ਹਾਂ ਲੇਕਿਨ ਓਥੇ ਹੀ ੧੯੮੪ ਦੇ ਜੂਨ ਦੇ ਮਹੀਨੇ ਨੂੰ ਯਾਦ ਕਰਦਿਆਂ ਹੀ ਦਿਲ ਖੂਨ ਦੇ ਅਥਰੂ ਰੋਂਦਾ ਹੈ। ਦੁਨੀਆਂ ਆਪ ਹੀ ਦੇਖ ਲਵੇ ਇਕ ਤਰਫ਼ ਮੁਸਲਮਾਨ ਸੂਫ਼ੀ ਫ਼ਕੀਰ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖ  ਰਿਹਾ ਹੈ ਅਤੇ ਦੂਸਰੀ ਤਰਫ਼ ਭਾਰਤ ਦੀ ਪ੍ਰਧਾਨ ਮੰਤਰੀ ੬ ਜੂਨ ੧੯੮੪ ਆਪਣੀ ਭਾਰਤੀ ਫ਼ੌਜ ਦੇ ਲਸ਼ਕਰ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਵਾਉਂਦੀ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਬਜ਼ੁਰਗਾਂ/ਮਾਤਾਵਾਂ, ਅਤੇ ਬੱਚਿਆਂ ਦਾ ਕਤਲੇਆਮ ਕੀਤਾ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਕੀਤੀ ਗਈ ਬਲਕਿ ਪੂਰੇ ਹਿੰਦੁਸਤਾਨ ਵਿਚ ਕਈ ਹਜ਼ਾਰ ਸਿੱਖ ਗੁਰਦੁਆਰਾ ਸਾਹਿਬ ਸ਼ਹੀਦ ਕਰ ਦਿੱਤੇ ਗਏ। ਸਿੱਖ ਧਰਮ ਅਤੇ ਇਸਲਾਮ ਧਰਮ ਦੀਆਂ ਸਾਂਝਾ ਦੀ ਹਜ਼ਾਰਾਂ ਉਦਾਹਰਣਾਂ ਨਾਲ ਇਤਿਹਾਸ ਭਰਿਆ ਪਇਆ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿੱਚ ਤੋੜਨ ਨਹੀਂ ਦਿੱਤਾ ਜਾਵੇਗਾ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ,ਬਿਸ਼ਨ ਸਿੰਘ ਨੇ ਵੀ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕੀਤੇ ਗਏ। ਉਨ੍ਹਾਂ ਨੇ ਸਿੱਖ ਕੌਮ ਅਤੇ ਮੁਸਲਿਮ ਵੀਰਾਂ ਨੂੰ ਬਹੁਤ-੨ ਵਧਾਈ ਦਿੱਤੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਅਤੇ ਸਾਈਂ ਮੀਆਂ ਦਰਬਾਰ ਲਾਹੌਰ ਦੇ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ‘ਤੇ ਮਨਾਏ ਜਾਣ ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਦੁਨੀਆਂ ਭਰ ਦੇ ਗੁਰਦੁਆਰਾ ਸਾਹਿਬਾਨ ਵੱਲੋਂ ਇਸ ਦਿਨ ਨੂੰ ਉਚੇਚੇ ਤੌਰ ‘ਤੇ ਮਨਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਨਨਕਾਣਾ ਸਾਹਿਬ ਗੱਤਕਾ ਦਲ ਦੇ ਬੱਚਿਆਂ ਵੱਲੋਂ ਹਜ਼ਰਤ ਸਾਈਂ ਮੀਆਂ ਮੀਰ ਦਰਬਾਰ ਦੀ ਪ੍ਰਕਰਮਾ ਵਿੱਚ ਗੱਤਕਾ ਖੇਡਿਆ ਗਿਆ। ਜਿਸ ਨੂੰ ਪਾਕਿਸਤਾਨੀ ਮੀਡੀਆ, ਪ੍ਰਬੰਧਕਾ ਅਤੇ ਮੁਸਲਿਮ ਭਾਈਚਾਰੇ ਵੱਲੋਂ ਬਹੁਤ ਪਸੰਦ ਕੀਤਾ ਗਿਆ। ਦਰਬਾਰ ਦੇ ਪ੍ਰਬੰਧਕਾ ਵੱਲੋਂ ਗੱਤਕਾ ਦਲ ਦੇ ਸਮੂਹ ਮੈਂਬਰਾਂ, ਗ੍ਰੰਥੀ ਸਾਹਿਬਾਨ, ਪੀ.ਐਸ.ਜੀ.ਪੀ.ਸੀ. ਦੇ ਮੈਂਬਰਾਂ ਅਤੇ ਸੰਗਤਾਂ ਨੂੰ ਸਿਰੋਪਾਉ ਦੇ ਕੇ ਨਿਵਾਜਿਆ ਗਿਆ। ਗੱਦੀ ਨਸ਼ੀਨ ਸਾਈਂ ਅਲੀ ਰਜ਼ਾ ਵੱਲੋਂ ਗੱਤਕੇ ਦੇ ਬੱਚਿਆਂ ਨੂੰ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਮਾਲਾ ਅਤੇ ਕੜੇ ਵੀ ਵੰਡੇ। ਉਨ੍ਹਾਂ ਵੱਲੋਂ ਵੀ ਪੂਰੀ ਸਿੱਖ ਕੌਮ ਨੂੰ ਬਹੁਤ-ਬਹੁਤ ਵਧਾਈ ਦਿੰਦੇ ਕਿਹਾ ਕਿ ਮੈਂ ਆਪ ਸਭ ਦਾ ਚਾਕਰ ਅੱਗੇ ਤੋਂ ਵੀ ਉਮੀਦ ਕਰਦਾ ਹਾਂ ਆਪ ਇਸ ਫਕੀਰ ਨੂੰ ਇਸੀ ਤਰ੍ਹਾਂ ਪਿਆਰ ਮਹੁੱਬਤਾਂ ਬਖ਼ਸ਼ਦੇ ਰਹੋਂਗੇ। ‘ਵਿਸ਼ੇਸ਼ ਸਮਾਗਮ’ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
Previous articleਫੋਟੋਗ੍ਰਾਫੀ ਪ੍ਰਤਿਯੋਗਿਤਾ : ਇੱਕ ਅਨੁਭਵ
Next articleDon’t crowd vaccination rooms, offer inoculated person flower: Javadekar