ਸ਼ੀ ਵੱਲੋਂ ‘ਨਵਾਂ ਆਧੁਨਿਕ ਸਮਾਜਵਾਦੀ’ ਤਿੱਬਤ ਬਣਾਉਣ ਦਾ ਸੱਦਾ

ਪੇਈਚਿੰਗ (ਸਮਾਜ ਵੀਕਲੀ) : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ‘ਨਵੇਂ ਆਧੁਨਿਕ ਸਮਾਜਵਾਦੀ’ ਤਿੱਬਤ ਦੇ ਨਿਰਮਾਣ ਦਾ ਸੱਦਾ ਦਿੰਦਿਆਂ ਹਿਮਾਲਿਆ ਖਿੱਤੇ ’ਚ ਵੱਖਵਾਦ ਖਿਲਾਫ਼ ‘ਅਜਿੱਤ ਦੀਵਾਰ’ ਬਣਾਉਣ ਦਾ ਸੱਦਾ ਦਿੱਤਾ ਹੈ। ਸ਼ੀ ਨੇ ਤਿੱਬਤੀ ਬੁੱਧ ਧਰਮ ਨੂੰ ਚੀਨੀ ਪ੍ਰਭਾਵ ਹੇਠ ਲਿਆਉਣ ਦੀ ਵਕਾਲਤ ਵੀ ਕੀਤੀ ਹੈ।

ਹੁਕਮਰਾਨ ਕਮਿਊਨਿਸਟ ਪਾਰਟੀ ਆਫ਼ ਚੀਨ ਦੇ ਜਨਰਲ ਸਕੱਤਰ ਸ਼ੀ ਨੇ ਤਿੱਬਤ ਬਾਰੇ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿੱਬਤ ਨੂੰ ਇਕਜੁੱਟ, ਖੁਸ਼ਹਾਲ, ਸਭਿਆਚਾਰਕ ਪੱਖੋਂ ਅਤੇ ਖੂਬਸੂਰਤ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਿਨਹੂਆ ਖ਼ਬਰ ਏਜੰਸੀ ਮੁਤਾਬਕ ਸ਼ੀ ਜਿਨਪਿੰਗ ਨੇ ਤਿੱਬਤ ਲਈ ਪਾਰਟੀ ਦੀਆਂ ਨੀਤੀਆਂ ਪੂਰੀ ਤਰ੍ਹਾਂ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਦੋ ਦਿਨਾਂ ਗੋਸ਼ਟੀ ’ਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੌਮੀ ਸੁਰੱਖਿਆ, ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਤਾਂ ਜੋ ਲੋਕਾਂ ਦੇ ਜੀਵਨ ’ਚ ਸੁਧਾਰ ਆ ਸਕੇ।

ਇਸ ਤੋਂ ਇਲਾਵਾ ਸਰਹੱਦੀ ਸੁਰੱਖਿਆ ਨੂੰ ਵੀ ਮਜ਼ਬੂਤ ਕੀਤਾ ਜਾਵੇ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਤਿੱਬਤ ’ਚ ਕੌਮੀ ਏਕਤਾ ਨੂੰ ਬਹਾਲ ਰਖਦਿਆਂ ਕੰਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ’ਤੇ ਲੋਕਾਂ ਨੂੰ ਸਿੱਖਿਅਤ ਬਣਾਉਣ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਦੀ ਲੋੜ ਹੈ।

Previous articleਕੈਨੇਡਾ ਵੱਲੋਂ ਕੌਮਾਂਤਰੀ ਸਫ਼ਰ ’ਤੇ ਪਾਬੰਦੀ ’ਚ 30 ਸਤੰਬਰ ਤੱਕ ਵਾਧਾ
Next article‘ਬਲੈਕ ਪੈਂਥਰ’ ਸਟਾਰ ਚੈਡਵਿਕ ਬੋਸਮੈਨ ਦੀ ਮੌਤ