ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ) ਜੀ ਦੇ ਨਾਂ ਤੇ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕਰਨ ਦੀ ਮੁਹਿੰਮ ਜੋਰਾਂ ਤੇ

ਪੰਜਾਬ (ਸਮਾਜ ਵੀਕਲੀ)- ਕਾਫ਼ੀ ਸਮੇਂ ਤੋਂ ਵੱਖ ਵੱਖ ਸਮਾਜਿਕ ਅਤੇ ਰਾਜਨੀਤਕ ਹਲਕਿਆਂ ਤੋਂ ਇਹ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿ ਸਿੱਖ ਕੌਮ ਦੇ ਸਰਬੰਸਦਾਨੀ ਸਿੱਖ ਭਾਈ ਜੀਵਨ ਸਿੰਘ ਜੀ (ਰੰਘਰੇਟੇ ਗੁਰੂ ਕੇ ਬੇਟੇ) ਦੇ ਨਾਂ ਉੱਤੇ ਪੰਜਾਬ ਦੀ ਕਿਸੇ ਵੀ ਸਰਕਾਰੀ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਲਾਸਾਨੀ ਜੀਵਨ ਉੱਤੇ ਹੋਰ ਵੱਡਮੁੱਲੀ ਅਤੇ ਵਿਸਥਾਰਿਤ ਖੋਜ ਕਰਨ ਦਾ ਮੁੱਢ ਬੱਝੇ। ਸਾਰੀ ਦੁਨੀਆਂ ਜਾਣਦੀ ਹੈ ਕਿ ਨੌਂਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਦੀ ਦਿੱਲੀ ਵਿੱਚ ਔਰੰਗਜੇਬ ਬਾਦਸ਼ਾਹ ਵਲੋਂ ਵਹਿਸ਼ੀਆਨਾ ਜਬਰ ਨਾਲ ਕੀਤੀ ਸ਼ਹੀਦੀ ਵੇਲੇ ਗੁਰੂ ਜੀ ਦਾ ਸੀਸ ਅਤੇ ਧੜ੍ਹ ਭਾਈ ਜੀਵਨ ਸਿੰਘ ਜੀ ਨੇ ਬੜੀ ਹੁਸ਼ਿਆਰੀ ਨਾਲ ਆਪਣੇ ਸਾਥੀਆਂ ਨਾਲ ਮਿਲਕੇ ਆਪਣੇ ਪਿਤਾ ਸ੍ਰੀ ਸਦਾ ਨੰਦ ਜੀ ਦੇ ਸੀਸ ਅਤੇ ਧੜ੍ਹ ਨਾਲ ਅਦਲਾ ਬਦਲੀ ਕਰਕੇ ਗੁਰੂ ਜੀ ਦੇ ਧੜ ਦਾ ਸੰਸਕਾਰ ਦਿੱਲੀ ਵਿਖੇ ਕੀਤਾ ਅਤੇ ਸੀਸ ਤੇਜ ਰਫਤਾਰ ਘੋੜੇ ਰਾਹੀਂ ਔਖੇ ਅਤੇ ਜੋਖ਼ਮ ਭਰੇ ਰਸਤਿਆਂ ਰਾਹੀਂ ਖੁੱਦ ਅਨੰਦਪੁਰ ਸਾਹਿਬ ਦਸਮ ਗੁਰੂ ਸ੍ਰੀ ਗੋਬਿੰਦ ਰਾਏ ਜੀ ਨੂੰ ਭੇਂਟ ਕੀਤਾ ਸੀ। ਭਾਈ ਜੀਵਨ ਸਿੰਘ ਜੀ ਦੇ ਜੀਵਨ ਨਾਲ ਸਬੰਧਿਤ ਇਤਿਹਾਸਕ ਪੁਸਤਕਾਂ ਨੇ ਸੰਗਤਾਂ ਵਿੱਚ ਬਹੁਤ ਮਾਣ ਅਤੇ ਸਤਿਕਾਰ ਹਾਸਲ ਕੀਤਾ ਹੈ ਅਤੇ ਇੱਕ ਔਰਤ ਵਿਦਵਾਨ ਡਾ਼ ਰਾਗਿਨੀ ਸ਼ਰਮਾ ਨੇ ਪੀ ਐਚ ਡੀ ਦੀ ਸਰਵੋਤਮ ਵਿਦਿਅਕ ਡਿਗਰੀ ਵੀ ਹਾਸਲ ਕੀਤੀ ਹੈ।

ਪੰਜਾਬ ਭਰ ਤੋਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਜਿਸ ਦੀ ਅਗਵਾਈ ਆਲ ਇੰਡੀਆ ਰੰਘਰੇਟਾ ਦਲ ਪੰਜਾਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਖਾਲਸਾ ਕਰ ਰਹੇ ਨੇ ਆਪਣੀਆਂ ਸਮੂਹ ਜਿਲਾ ਇਕਾਈਆਂ ਰਾਹੀਂ ਫਰੀਦਕੋਟ, ਫਿਰੋਜਪੁਰ, ਮੁਕਤਸਰ, ਫਾਜਿਲਕਾ, ਬਠਿੰਡਾ, ਬਰਨਾਲਾ, ਮੋਹਾਲੀ, ਜਲੰਧਰ ਅਤੇ ਲੁਧਿਆਣਾ ਵਿਖੇ ਜਿਲੇ ਦੇ ਡਿਪਟੀ ਕਮਿਸ਼ਨਰ ਰਾਹੀ ਮੰਗ ਪੱਤਰ ਦੇਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਚੇਅਰ ਸਥਾਪਤੀ ਦਾ ਐਲਾਨ ਜਲਦ ਕੀਤਾ ਜਾਵੇ। ਉਹਨਾਂ ਦੇ ਜਨਮ ਦਿਨ ਤੇ ਸਰਕਾਰੀ ਛੁੱਟੀ ਕੀਤੀ ਜਾਵੇ ਅਤੇ ਪੰਜਾਬ ਪੱਧਰੀ ਭਵਨ ਰਾਜਧਾਨੀ ਚੰਡੀਗੜ੍ਹ ਵਿਖੇ ਬਣਾਇਆ ਜਾਵੇ। ਉੁਹਨਾਂ ਨੇ ਪੰਜਾਬ ਸਕੂਲ ਬੋਰਡ ਤੋਂ ਵੀ ਇਹ ਵੀ ਮੰਗ ਕੀਤੀ ਕਿ ਭਾਈ ਜੀਵਨ ਸਿੰਘ ਜੀ ਦੇ ਜੀਵਨ ਸਬੰਧੀ ਇੱਕ ਲੇਖ ਸਿਲੇਬਸ ਵਿੱਚ ਵੀ ਸ਼ਾਮਿਲ ਕੀਤਾ ਜਾਵੇ ਤਾਂ ਕਿ ਨੌਜਵਾਨ ਉੁਹਨਾਂ ਦੇ ਜੀਵਨ ਤੋਂ ਚੰਗੇਰੀ ਸੇਧ ਲੈ ਸਕਣ। ਕੋਵਿਡ ਨਿਯਮਾਂ ਕਰਕੇ ਚੋਣਵੇਂ ਮੈਂਬਰਾਂ ਨੂੰ ਹੀ ਅੰਦਰ ਡੀ ਸੀ ਸਾਹਿਬਾਨ ਨੇ ਮੰਗ ਪੱਤਰ ਭੇਂਟ ਕਰਨ ਲਈ ਬੁਲਾਇਆ ਅਤੇ ਸਰਕਾਰ ਨੂੰ ਮੰਗ ਪੱਤਰ ਭੇਜਣ ਦਾ ਵਿਸ਼ਵਾਸ ਦਿੱਤਾ।

– Kewal Singh Ratra
Bureau Chief

Previous articleDGP orders probe as cops use chair, basket as riot gear
Next articleIndian, Chinese nationals missing in Nepal flash flood