ਸ਼ਰਾਰਤੀ ਰਾਜਵੰਤ

(ਸਮਾਜ ਵੀਕਲੀ)
ਕਦੇ ਕਦੇ ਸੋਚਦਾਂ ਕਿ ਗੁਰਮੁਖੀ ਦੇ ਕੈਦਿਆਂ ‘ਚ ਜੱਜਾ ਜੱਗ ਨਹੀਂ ਜੱਜਾ ਜਨਮੇਜਾ ਲਿਖ ਦੇਣਾ ਚਾਹੀਦੈ ਕਿਉਂਕਿ ਜਿਹੋ ਜਿਹੀ ਜ਼ਿੰਦਗੀ ਦਾ ਸੁਪਨਾ ਆਮ ਇਨਸਾਨ ਲੈਂਦੇ ਜਨਮੇਜਾ ਜੌਹਲ ਉਹ ਜ਼ਿੰਦਗੀ ਪਲ ਪਲ ਜਿਉੰਦੈ।
ਬੰਦੇ ਦਾ ਸੁਪਨਾ ਹੁੰਦੈ ਕਿ ਬੇਫਿਕਰੀ, ਆਜਾਦ ਤੇ ਫੱਕਰਾਂ ਵਾਲੀ ਜਿ਼ੰਦਗੀ ਮਿਲੇ, ਜਨਮੇਜੇ ਹੋਰਾਂ ਨੇ ਉਹ ਸੁਪਨਾ ਜੇਬ ‘ਚ ਪਾਇਆ ਹੋਇਐ।
ਉਂਝ ਤਾਂ ਭਾਵੇਂ ਉਹ ਪੰਜਾਬ ਦੇ ਸਭ ਤੋਂ ਸਤਿਕਾਰਯੋਗ ਅਰਥ ਸ਼ਾਸ਼ਤਰੀ ਸ: ਸਰਦਾਰਾ ਸਿੰਘ ਦਾ ਸਪੂਤ ਹੈ ਪਰ ਅਰਥ ਵਿਗਿਆਨ ਦੀ ਅਤੇ ਮਾਇਆ ਦੀ ਤਾਂਗ ਅਤੇ ਲੱਲਕ ਉਹਦੇ ਵਜੂਦ ‘ਚੋਂ ਮਨਫੀ ਹੈ। ਇਹ ਉਹਦੀ ਪ੍ਰਾਪਤੀ ਹੈ।
ਬਾਈ ਨਾਲ ਮੇਰੀ ਸਾਂਝ ਕਈ ਦਹਾਕੇ ਪੁਰਾਣੀ ਹੈ ਤੇ ਰਿਸ਼ਤਾ ਕਲਾਤਮਿਕ ਹੈ। ਜਨਮੇਜੇ ਨਾਲ ਗੱਲ ਕਰੋ ਤਾਂ ਉਹ ਆਰਟ ਦੀਆਂ ਗੱਲਾਂ ਕਰਦੈ, ਕਿਤਾਬਾਂ ਦੀਆਂ ਗੱਲਾਂ ਕਰਦੈ, ਮਾਂ ਬੋਲੀ ਦੀਆਂ ਗੱਲਾਂ ਕਰਦੈ। ਉਹਦੀ ਗੱਲ ਬਾਤ ‘ਚੋਂ ਜੁਗਾੜ ਗਾਇਬ ਹੈ, ਸਵੈ ਹੰਕਾਰ ਦੀ ਬੋਅ ਵੀ ਗਾਇਬ ਹੈ। ਸਾਦ ਮੁਰਾਦਾ, ਸਪਾਟ ਤੇ ਮੂੰਹ ਫਟ ਜਨਮੇਜਾ ਸਾਡੇ ਵਰਗਿਆਂ ਵਧੀਆ ਲੱਗਦਾ।
ਉਹਦੇ ਕੈਮਰੇ ਦੀ ਅੱਖ ਬੋਲਦੀ ਹੈ। ਕਈ ਸਾਲਾਂ ਤੋ ਬੋਲ ਰਹੀ ਹੈ। ਜਿਹੜੇ ਮੁੱਦਿਆਂ ਤੇ ਬੋਲ ਰਹੀ ਹੈ ਕਾਸ਼ ਪੰਜਾਬੀਆਂ ਨੇ ਸੁਣ ਲਈ ਹੁੰਦੀ। ਉਹ ਸਾਫ ਸਫਾਈ ਬਾਰੇ, ਵਾਤਾਵਰਣ ਬਾਰੇ, ਪੰਜਾਬ ਦੀ ਖੂਬਸੂਰਤੀ ਬਾਰੇ ਆਤਮ ਨਿਰਭਰਤਾ ਬਾਰੇ ਲਗਾਤਾਰ ਬੋਲ ਰਿਹੈ। ਸੁੱਤੇ ਹੋਏ ਪੰਜਾਬੀਆਂ ਨੇ ਉਹਦੇ ਇਸ ਨਿੱਕੇ ਜਿਹੇ ਕਾਲਮ ਦੀ ਰੂਹ ਵੱਲ ਧਿਆਨ ਦਿੱਤਾ ਹੁੰਦਾ ਤਾਂ ਪੰਜਾਬ ਕੁਝ ਹੋਰ ਹੁੰਦਾ।
ਜਨਮੇਜੇ ਦੀ ਸਾਦਗੀ ਨੂੰ ਅਸੀਂ ਬੀਤੇ ਕਈ ਸਾਲਾਂ ਤੋਂ ਮਾਣਿਆ ਹੈ, ਉਹਦੀ ਸਿਧਰੀ ਜਿਹੀ ਦਸਤਾਰ, ਸਿਧਰੀ ਜਿਹੀ ਪੁਸ਼ਾਕ ਤੇ ਠੇਠ ਗੁਫਤਾਰ ਸਾਨੂੰ ਟੁੰਬਦੀ ਰਹੀ ਹੈ। ਉਹਦੀ ਪਿੱਠ ਪਿੱਛੇ ਤੇ ਕਦੇ ਕਦੇ ਸਾਹਮਣੇ ਵੀ ਉਹਦੀ ਸਾਦਗੀ ਪਿੱਛੇ ਲੁਕੇ ਵੱਡੇ ਇਨਸਾਨ ਦੇ ਕਿੱਸੇ ਸਾਡੇ ਹਾਸਿਆਂ ਦੇ ਕਾਰਣ ਹਨ।
ਸਾਡੇ ਸਾਂਝੇ ਮਿੱਤਰ ਨਿਰਮਲ ਜੌੜਾ, ਜਸਵਿੰਦਰ ਭੱਲਾ, ਮਾਮਾ ਅਵਤਾਰ ਕੋਲ ਉਹਦੀਆਂ ਕਹਾਣੀਆਂ ਦਾ ਐਡਾ ਭੰਡਾਰ ਹੋਏਗਾ ਕਿ ਸਾਰੀ ਰਾਤ ਢਿੱਡੀਂ ਪੀੜਾਂ ਪਾ ਸਕਦੇ ਨੇ। ਮੈਨੂੰ ਪੱਕਾ ਪਤੈ ਕਿ ਜਨਮੇਜੇ ਹੋਰਾਂ ਨੂੰ ਵੀ ਇਸਦਾ ਸਵਾਦ ਆਉਦੈ।
ਪਰ ਅੱਜਕੱਲ ਜਨਮੇਜੇ ਨੂੰ ਸੁਹਣੇ ਬਣਨ ਦਾ ਨਵਾਂ ਚਾਅ ਚੜਿਆ ਹੋਇਐ। ਇੱਕ ਤਾਂ ਜਦੋਂ ਦਾ ਉਹ ਸਿਡਨੀ ‘ਚ ਮੇਰੇ ਸਦ ਜਵਾਨ ਵੱਡੇ ਵੀਰ ਪ੍ਰਭਜੋਤ ਸੰਧੂ ਕੋਲ ਰਹਿ ਕੇ ਗਿਐ ਪ੍ਰਭ ਭਾਅ ਨੇ ਉਹਦੀ ਦਸਤਾਰ ਦਾ ਹੁਲੀਆ ਬਦਲ ਦਿੱਤੇ।
ਪ੍ਰਭ ਭਾਅ ਨੇ ਉਸਨੂੰ ਪੱਗ ਦੀ ਪੂਣੀ ਕਰਨ ਦੀ ਨਵੀਂ ਜੁਗਤ ਕੀ ਦੱਸ ਦਿੱਤੀ,  ਉਹ ‘ਤੇ ਦਸਤਾਰ ਦੇ ਲੜ ਚਿਣ-ਚਿਣ ਕੇ ਲਾਉਣ ਲੱਗ ਪਿਐ ਤੇ ਪਹਿਲਾਂ ਨਾਲੋਂ ਵਿਗੜਿਆ ਹੋਇਆ ਜਨਮੇਜਾ ਜਾਪਦੈ।
ਉਹਦੀ ਕਰੜ ਬਰੜੀ ਦਾਹੜੀ ਵੀ ਜਾਪਦੈ ਹੁਣ ਕੈਂਚੀ ਦੇ ਦਰਸ਼ਨ ਹਰ ਦੂਏ ਤੀਏ ਦਿਨ ਕਰਦੀ ਹੈ।
ਜਨਮੇਜਾ ਟੌਹਰੀ ਹੁੰਦਾ ਜਾ ਰਿਹੈ। ਸ਼ਾਇਦ ਉਹਨੂੰ ਲੱਗਦਾ ਹੋਣਾ ਕਿ ਉਹਦੀ ਸਾਦਗੀ ਦੇ ਕਿੱਸੇ ਬਹੁਤ ਹੋਗੇ ਹੁਣ ਬੱਸ। ਪਰ ਉਹ ਨਹੀਂ ਜਾਣਦਾ ਕਿ ਉਹਦੇ ਸਾਰੇ ਮਿੱਤਰ ਵੀ ਨਗੋਚੀ ਮਿੱਟੀ ਦੇ ਬਣੇ ਨੇ, ਹੁਣ ਨਵੇਂ ਕਿੱਸੇ ਘੜਨਗੇ ਤੇ ਸਵਾਦ ਲੈਣੋ ਬਾਜ ਨਹੀਂ ਆਉਣਗੇ।
ਸਾਡੀਆਂ ਮਹਿਫਲਾਂ ‘ਚੋਂ ਜੱਜਾ ਜਨਮੇਜਾ ਕਦੇ ਗਾਇਬ ਨਹੀਂ ਹੋਣਾ ਭਾਵੇਂ ਸੋਨੇ ਦਾ ਬਣ ਜਾਵੇ।
ਰੇਖਾ ਚਿਤਰ: ਜੱਜਾ ਜਨਮੇਜਾ
ਲਿਖਤੁਮ: ਰਾਜਵੰਤ ਸਿੰਘ (ਸਿਡਨੀ)
Previous articleਅਮਰੀਕਾ 33593 ਭਾਰਤੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਵਿਚ ਲੱਗਾ-ਸਤਨਾਮ ਸਿੰਘ ਚਾਹਲ
Next articleਜੀਜਾ ਮੇਰਾ ਲੱਕ ਮਿਣ ਲੈ, ਗੜਬੇ ਵਰਗੀ ਰੰਨ ਵੇ !!