ਸਹਿਜ ਪਾਠ ਨਾਲ ਪ੍ਰਕਾਸ਼ ਪੁਰਬ ਸਮਾਗਮ ਸ਼ੁਰੂ

* ਮੁੱਖ ਮੰਤਰੀ ਵਲੋਂ ਪਹਿਲੇ ਪਾਤਸ਼ਾਹ ਦੇ ਸਹਿਣਸ਼ੀਲਤਾ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਅਪਣਾਉਣ ਦਾ ਸੱਦਾ

ਸੁਲਤਾਨਪੁਰ ਲੋਧੀ– ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਫ਼ਤਾ ਭਰ ਚੱਲਣ ਵਾਲੇ ਸਮਾਗਮ ਅੱਜ ਪਵਿੱਤਰ ਵੇਈਂ ਕਿਨਾਰੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਮੁੱਖ ਪੰਡਾਲ ਵਿੱਚ ਸਹਿਜ ਪਾਠ ਦੀ ਆਰੰਭਤਾ ਨਾਲ ਸ਼ੁਰੂ ਹੋਏ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿਮਾਣੇ ਸਿੱਖ ਵਜੋਂ ਆਪਣੇ ਸਿਰ ’ਤੇ ਚੁੱਕ ਕੇ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ। ਪੰਡਾਲ ਵਿੱਚ ਬੈਂਡ ਵਾਜਿਆਂ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਆਂਦੇ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਤ ਨੂੰ ਧਾਰਮਿਕ ਅਸਹਿਣਸ਼ੀਲਤਾ ਦੀਆਂ ਵਧ ਰਹੀਆਂ ਚੁਣੌਤੀਆਂ ਨਾਲ ਨਿਪਟਣ ਲਈ ਗੁਰੂ ਨਾਨਕ ਦੇਵ ਜੀ ਵੱਲੋਂ ਸਹਿਣਸ਼ੀਲਤਾ ਅਤੇ ਸਦਭਾਵਨਾ ਦੇ ਦਿੱਤੇ ਸੰਦੇਸ਼ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਇਕ ਨਿਮਾਣੇ ਸਿੱਖ ਵਜੋਂ ਫਰਜ਼ ਨਿਭਾਉਣ ਦੇ ਮਿਲੇ ਸੁਭਾਗ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸੂਬਾ ਭਰ ਤੋਂ ਇੱਥੇ ਇਕੱਤਰ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਸਾਰੇ ਭਾਗਾਂ ਵਾਲੇ ਹਾਂ, ਜਿਨ੍ਹਾਂ ਦੇ ਜੀਵਨ ਵਿੱਚ ਇਹ ਮਹਾਨ ਮੌਕਾ ਆਇਆ ਹੈ।’’ ਮੁੱਖ ਮੰਤਰੀ ਨੇ 12 ਨਵੰਬਰ ਨੂੰ ਕਰਵਾਏ ਜਾ ਰਹੇ ਮੁੱਖ ਸਮਾਗਮ ਵਿੱਚ ਸਮੁੱਚੀ ਸੰਗਤ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਆਗਾਜ਼ ਕਰਨਗੇ ਤਾਂ ਸਾਡਾ ਦਹਾਕਿਆਂ ਦਾ ਸੁਪਨਾ ਸਾਕਾਰ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਨਵੇਂ ਪ੍ਰਸ਼ਾਸਕੀ ਕੰਪਲੈਕਸ ਅਤੇ ਸੁਲਤਾਨਪੁਰ ਲੋਧੀ ਦੇ ਵਿਰਾਸਤੀ ਸ਼ਹਿਰ ਦੁਆਲੇ 150 ਕਰੋੜ ਰੁਪਏ ਦੀ ਲਾਗਤ ਨਾਲ ਰਿੰਗ ਰੋਡ ਬਣਾਉਣ ਦਾ ਐਲਾਨ ਕੀਤਾ, ਜਿਸ ਨਾਲ ਬਾਕੀ ਸ਼ਹਿਰਾਂ ਨਾਲ ਸੰਪਰਕ ਵਧਾਇਆ ਜਾ ਸਕੇਗਾ।
ਇਸ ਮੌਕੇ ਮੁੱਖ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ’ਤੇ ਸੁਰਜੀਤ ਪਾਤਰ ਜਿਹੇ ਉੱਘੇ ਪੰਜਾਬੀ ਲੇਖਕਾਂ ਵੱਲੋਂ ਲਿਖੀਆਂ ਅਤੇ ਸੰਪਾਦਨ ਕੀਤੀਆਂ ਚਾਰ ਪੁਸਤਕਾਂ ਵੀ ਜਾਰੀ ਕੀਤੀਆਂ। ਇਹ ਕਿਤਾਬਾਂ ‘ਗੁਰੂ ਨਾਨਕ ਬਲੈਜ਼ਡ ਟ੍ਰੇਲ’, ‘ਗੁਰੂ ਨਾਨਕ ਬਾਣੀ’, ‘ਸੋਇਨੇ ਕਾ ਬਿਰਖ’ ਅਤੇ ‘ਗੁਰੂ ਨਾਨਕ ਦੇਵ ਜੀ ਲਾਈਫ ਐਂਡ ਰੇਲਿਕਸ’, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਨਿਸ਼ਾਨੀਆਂ, ਦੁਰਲੱਭ ਹੱਥ ਲਿਖਤਾਂ ਅਤੇ ਵਿਲੱਖਣ ਪੁਸਤਕਾਂ ’ਤੇ ਆਧਾਰਿਤ ਦੋ ਨੁਮਾਇਸ਼ਾਂ ਦਾ ਵੀ ਉਦਘਾਟਨ ਕੀਤਾ। ਇਨ੍ਹਾਂ ਵਿੱਚੋਂ ਇਕ ਨੁਮਾਇਸ਼ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਲਾਈ ਗਈ ਹੈ, ਜਿੱਥੇ ਪਹਿਲੇ ਸਿੱਖ ਪਾਤਸ਼ਾਹ ਦੇ ਜੀਵਨ ਨੂੰ ਦਰਸਾਉਂਦੇ 53 ਪੈਨਲ ਸਨ ਜਦਕਿ ਦੂਜੀ ਨੁਮਾਇਸ਼ ਪੰਜਾਬ ਲਘੂ ਉਦਯੋਗ ਬਰਾਮਦ ਨਿਗਮ ਵੱਲੋਂ ਲਾਈ ਗਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਬਲਬੀਰ ਸਿੰਘ ਸਿੱਧੂ, ਓਪੀ ਸੋਨੀ, ਸੁਖਬਿੰਦਰ ਸਿੰਘ ਸਰਕਾਰੀਆ, ਰਜ਼ੀਆ ਸੁਲਤਾਨਾ, ਸੁੰਦਰ ਸ਼ਾਮ ਅਰੋੜਾ, ਭਾਰਤ ਭੂਸ਼ਣ ਆਸ਼ੂ ਅਤੇ ਵਿਜੈਇੰਦਰ ਸਿੰਗਲਾ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਹੋਏ। ਪੰਜਾਬ ਸਰਕਾਰ ਦੀ ਸਟੇਜ ’ਤੇ ਅੱਜ ਸੰਤ ਸਮਾਜ ਦੀਆਂ ਪ੍ਰਮੱਖ ਸ਼ਖਸ਼ੀਅਤਾਂ ਹਾਜ਼ਰ ਸਨ। ਇਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਅੰਸ਼-ਵੰਸ਼ ਵਿੱਚੋਂ ਬਾਬਾ ਸਰਬਜੋਤ ਸਿੰਘ ਬੇਦੀ, ਨਿਰਮਲਾ ਪੰਚਾਇਤੀ ਅਖਾੜਾ ਦੇ ਮੁਖੀ ਸ੍ਰੀਮਹੰਤ ਗਿਆਨਦੇਵ, ਲੰਗਰਾਂ ਵਾਲੇ ਬਾਬਿਆਂ ਵਿੱਚ ਹਜ਼ੂਰ ਸਾਹਿਬ ਵਾਲੇ ਬਾਬੇ ਨਰਿੰਦਰ ਸਿੰਘ, ਸੰਤ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਬਿਧੀ ਚੰਦ ਦਲ ਦੇ ਮੁਖੀ ਸੰਤ ਅਵਤਾਰ ਸਿੰਘ, ਨਿਹੰਗ ਜਥੇਬੰਦੀਆਂ ਅਤੇ ਨਾਮਧਾਰੀ ਸੰਪ੍ਰਦਾ ਦੇ ਆਗੂ ਹਾਜ਼ਰ ਸਨ।

Previous articleNo compromise with opposition over protest: Imran
Next articleਦਿੱਲੀ ’ਚ ਪੁਲੀਸ ਮੁਲਾਜ਼ਮਾਂ ਵੱਲੋਂ ਹੈੱਡਕੁਆਰਟਰ ’ਤੇ ਧਰਨਾ