ਸਰੀ ਸਿਟੀ ਕੌਂਸਲ ਨੇ ਨਵੰਬਰ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਮਹੀਨਾ ਐਲਾਨਿਆ

ਵੈਨਕੂਵਰ (ਸਮਾਜ ਵੀਕਲੀ) : ਸਰੀ ਸਿਟੀ ਕੌਂਸਲ ਵਲੋਂ ਨਵੰਬਰ ਮਹੀਨੇ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਮਹੀਨਾ ਐਲਾਨਿਆ ਗਿਆ ਹੈ। ਮੇਅਰ ਡੱਗ ਮੁਕਲਮ ਨੇ ਇਸ ਸਬੰਧੀ ਪੱਤਰ ਜਨਤਕ ਕੀਤਾ।

ਮੇਅਰ ਵਲੋਂ ਕੌਂਸਲਰਾਂ ਦੀ ਸਹਿਮਤੀ ਨਾਲ ਜਾਰੀ ਕੀਤੇ ਪੱਤਰ ਵਿਚ ਕਿਹਾ ਗਿਆ ਹੈ ਕਿ ਨਵੰਬਰ 1984 ਵਿਚ ਭਾਰਤ ਵਿੱਚ ਜਿਵੇਂ ਮਨੁੱਖੀ ਹੱਕਾਂ ਦਾ ਘਾਣ ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਹ ਬਹੁਤ ਘਿਨਾਉਣਾ ਸੀ ਅਤੇ ਯੂਐੱਨਓ ਚਾਰਟਰ ਦੀ ਮਾਣਹਾਨੀ ਸੀ। ਮੇਅਰ ਨੇ ਕਿਹਾ ਕਿ ਸਰੀ ਤੇ ਆਲੇ-ਦੁਆਲੇ ਦੇ ਖੇਤਰ ਵਿੱਚ ਵਸਦੇ ਵੱਡੀ ਗਿਣਤੀ ਸਿੱਖਾਂ ਦੇ ਦਰਦ ਨੂੰ ਸਮਝਦਿਆਂ ਉਹ ਇਸ ਮਹੀਨੇ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਮਹੀਨੇ ਵਜੋਂ ਮਾਨਤਾ ਦੇ ਰਹੇ ਹਨ ਤਾਂ ਜੋ ਨਸਲਕੁਸ਼ੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਯਾਦ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਉਹ ਕੋਈ ਅਹਿਸਾਨ ਨਹੀਂ ਕਰ ਰਹੇ ਸਗੋਂ ਭਾਈਚਾਰਕ ਏਕਤਾ ਤੇ ਮਨੁੱਖੀ ਹੱਕਾਂ ਦੀ ਰਖਵਾਲੀ ਦਾ ਹੋਕਾ ਦੇਣ ਦਾ ਯਤਨ ਕਰ ਰਹੇ ਹਨ। ਦੱਸਣਯੋਗ ਹੈ ਕਿ ਸਿਟੀ ਕੌਂਸਲ ਨੂੰ ਅਜਿਹੇ ਐਲਾਨ ਲਈ ਰਾਜ਼ੀ ਕਰਨ ਵਿਚ ਕੌਂਸਲਰ ਮਨਦੀਪ ਸਿੰਘ ਨਾਗਰਾ ਨੇ ਅਹਿਮ ਭੂਮਿਕਾ ਨਿਭਾਈ। ਇਸੇ ਦੌਰਾਨ ਸਿੱਖ ਕੌਂਸਲ ਵਲੋਂ ਸੂਬੇ ਵਿਚ ਸਾਲਾਨਾ ਖੂਨਦਾਨ ਕੈਂਪ ਲਾਏ ਜਾ ਰਹੇ ਹਨ। ਕਰੋਨਾਵਾਇਰਸ ਮਹਾਮਾਰੀ ਕਾਰਨ ਇਸ ਵਾਰ ਅਗਾਊਂ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ।

Previous articleBihar polls: Mixed demographic vote share for NDA, Mahagathbandhan
Next articleਫੌਜ ’ਚ ਬਗਾਵਤ ਖੜ੍ਹੀ ਕਰਨਾ ਚਾਹੁੰਦੇ ਹਨ ਸ਼ਰੀਫ਼: ਇਮਰਾਨ