ਸਰਹੱਦ ’ਤੇ ਤਿੰਨ ਥਾਵਾਂ ਤੋਂ 41 ਕਿਲੋ ਤੋਂ ਵੱਧ ਹੈਰੋਇਨ ਬਰਾਮਦ

ਅਟਾਰੀ- ਤਸਕਰਾਂ ਨੇ ਅੱਜ ਪਈ ਸੰਘਣੀ ਧੁੰਦ ਦਾ ਲਾਹਾ ਲੈਂਦਿਆਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਵੱਡਾ ਯਤਨ ਕੀਤਾ। ਉਂਜ ਬੀਐੱਸਐੱਫ ਦੇ ਚੌਕਸ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੇ ਇਸ ਯਤਨ ਨੂੰ ਅਸਫ਼ਲ ਕਰ ਦਿੱਤਾ। ਮਾਝੇ ਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਦੇ ਸਰਹੱਦੀ ਇਲਾਕਿਆਂ ਤੋਂ 41 ਕਿਲੋ ਤੋਂ ਵੱਧ ਹੈਰੋਇਨ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ।
ਬੀਐੱਸਐੱਫ ਦੀ 58 ਬਟਾਲੀਅਨ ਨੇ ਸਰਹੱਦ ਦੀ ਚੌਂਤਰਾ ਪੋਸਟ ’ਤੇ ਪਾਕਿਸਤਾਨ ਵੱਲੋਂ ਤਸਕਰੀ ਰਾਹੀਂ ਭੇਜੀ ਗਈ 22 ਕਿਲੋ ਹੈਰੋਇਨ ਫੜੀ ਜਿਸ ਦਾ ਕੌਮਾਂਤਰੀ ਬਾਜ਼ਾਰ ਵਿਚ ਮੁੱਲ ਇੱਕ ਅਰਬ ਦਸ ਕਰੋੜ ਰੁਪਏ ਦੱਸਿਆ ਗਿਆ ਹੈ। ਹੈਰੋਇਨ ਦੀ ਖੇਪ ਦੇ ਨਾਲ ਨੱਬੇ ਕਾਰਤੂਸ, ਦੋ ਮੈਗਜ਼ੀਨ, ਦੋ ਸਮਾਰਟ ਫ਼ੋਨ ਅਤੇ ਇਕ ਵਾਈ-ਫਾਈ ਡੋਂਗਲ ਵੀ ਬਰਾਮਦ ਕੀਤਾ ਗਿਆ ਹੈ। ਇਸ ਨੂੰ ਪਲਾਸਟਿਕ ਦੀ ਪਾਈਪ ਰਾਹੀਂ ਕੰਡਿਆਲੀ ਤਾਰ ਵਿੱਚੋਂ ਭਾਰਤ ਭੇਜਿਆ ਗਿਆ ਸੀ। ਮੌਕੇ ’ਤੇ ਤਸਕਰਾਂ ਦੇ ਚਾਰ ਜੋੜੇ ਬੂਟ, ਇੱਕ ਰੱਸੀ, ਇਕ ਟੋਪੀ ਅਤੇ ਇੱਕ ਸ਼ਾਲ ਵੀ ਮਿਲਿਆ ਹੈ। ਬੀਐੱਸਐੱਫ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਧੁੰਦ ਕਾਰਨ ਦਿਖਾਈ ਘੱਟ ਦੇ ਰਿਹਾ ਸੀ ਜਿਸ ਕਾਰਨ ਜਵਾਨ ਨੇ ਚਾਰ ਰਾਊਂਡ ਫਾਇਰ ਵੀ ਕੀਤੇ ਅਤੇ ਮੌਕੇ ਤੋਂ ਉਕਤ ਸਾਮਾਨ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਅੰਦਾਜ਼ੇ ਮੁਤਾਬਕ ਪਾਕਿਸਤਾਨ ਵੱਲੋਂ ਦੋ ਅਤੇ ਭਾਰਤ ਵੱਲੋਂ ਇੱਕ ਵਿਅਕਤੀ ਮੌਜੂਦ ਸੀ। ਉਧਰ ਡੀਆਈਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰਾਜਾਤਾਲ ਨੇੜੇ ਪਾਕਿਸਤਾਨੀ ਤਸਕਰਾਂ ਦੀ ਹਰਕਤ ਨੂੰ ਦੇਖ ਕੇ ਬੀਐੱਸਐੱਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਵੰਗਾਰਿਆ ਤਾਂ ਉਹ ਵਾਪਸ ਭੱਜ ਗਏ ਪਰ ਉਨ੍ਹਾਂ ਦਾ ਸਾਮਾਨ ਉਥੇ ਹੀ ਡਿੱਗ ਗਿਆ। ਜਾਂਚ ਦੌਰਾਨ ਹੈਰੋਇਨ ਦੇ 12 ਪੈਕੇਟ ਮਿਲੇ, ਜਿਸ ਵਿਚ 12.522 ਕਿਲੋ ਹੈਰੋਇਨ ਸੀ। ਇਸ ਤੋਂ ਇਲਾਵਾ ਇਕ ਚੀਨ ਦਾ ਬਣਿਆ ਹੋਇਆ 9 ਐੱਮਐੱਮ ਦਾ ਪਿਸਤੌਲ, ਇਕ ਮੈਗਜ਼ੀਨ ਅਤੇ 9 ਕਾਰਤੂਸ ਬਰਾਮਦ ਹੋਏ। ਤਸਕਰਾਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਪਰ ਮੌਕੇ ਤੋਂ ਦੋ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ। ਇਸ ਦੌਰਾਨ ਬੀਐੱਸਐੱਫ ਹੈੱਡਕੁਆਰਟਰ ਅਮਰਕੋਟ ਦੀ ਚੌਕੀ ਰਾਜੋਕੇ ਵਿਖੇ ਤੜਕਸਾਰ ਚਲਾਈ ਗਈ ਤਲਾਸ਼ੀ ਮੁਹਿੰਮ ਤਹਿਤ 6 ਪੈਕੇਟ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ 6 ਕਿਲੋ 90 ਗ੍ਰਾਮ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 84 ਯੂਐੱਸ ਡਾਲਰ ਅਤੇ ਹੋਰ ਕਰੰਸੀ ਮਿਲੀ ਹੈ ਜੋ ਭਾਰਤੀ ਕਰੰਸੀ ਮੁਤਾਬਕ 2 ਲੱਖ 98 ਹਜ਼ਾਰ 200 ਰੁਪਏ ਹੈ। ਫੜੇ ਗਏ ਸਾਮਾਨ ਦੇ ਨਾਲ ਉਰਦੂ ’ਚ ਲਿਖੀ ਇਕ ਪਰਚੀ ਵੀ ਬਰਾਮਦ ਹੋਈ ਹੈ।

Previous articleOver 600 school kids to take part in Delhi’s R-Day parade
Next articleNirbhaya case: Pawan moves SC against rejection of minor plea