ਸਰਹੱਦ ’ਤੇ ਤਣਾਅ ਘਟਾਉਣ ਲਈ ਕੰਮ ਕਰ ਰਹੇ ਨੇ ਚੀਨ ਅਤੇ ਭਾਰਤ

ਚੀਨੀ ਵਿਦੇਸ਼ ਮੰਤਰਾਲੇ ਮੁਤਾਬਕ ਹਾਲਾਤ ਸੁਖਾਵੇਂ ਬਣਾਉਣ ਦੇ ਹੋ ਰਹੇ ਨੇ ਯਤਨ

ਪੇਈਚਿੰਗ (ਸਮਾਜਵੀਕਲੀ):  ਚੀਨ ਅਤੇ ਭਾਰਤ ਕੂਟਨੀਤਕ ਅਤੇ ਫ਼ੌਜੀ ਪੱਧਰ ਦੀ ਗੱਲਬਾਤ ਦੌਰਾਨ ਬਣੀ ਆਮ ਸਹਿਮਤੀ ਦੇ ਆਧਾਰ ’ਤੇ ਸਰਹੱਦ ਉਪਰ ਤਣਾਅ ਘਟਾਉਣ ਲਈ ਕੰਮ ਕਰ ਰਹੇ ਹਨ ਅਤੇ ਇਸ ਮੁੱਦੇ ਦਾ ਢੁੱਕਵੇਂ ਢੰਗ ਨਾਲ ਹੱਲ ਕੱਢ ਰਹੇ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜ਼ਮਾਨ ਹੁਆ ਚੁਨਯਿੰਗ ਦੀ ਇਹ ਟਿੱਪਣੀ ਪੂਰਬੀ ਲੱਦਾਖ ’ਚ ਸਰਹੱਦ ’ਤੇ ਟਕਰਾਅ ਖ਼ਤਮ ਕਰਨ ਲਈ ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਦੀ ਸਾਰਥਕ ਗੱਲਬਾਤ ਹੋਣ ਦੇ ਇਕ ਦਿਨ ਬਾਅਦ ਆਈ ਹੈ।

ਇਸ ਤੋਂ ਇਲਾਵਾ ਇਹ ਵੀ ਰਿਪੋਰਟਾਂ ਆਈਆਂ ਸਨ ਕਿ ਦੋਵੇਂ ਮੁਲਕ ਪਹਾੜੀ ਇਲਾਕਿਆਂ ’ਚ ਟਕਰਾਅ ਵਾਲੇ ਕਈ ਸਥਾਨਾਂ ਤੋਂ ਫ਼ੌਜ ਨੂੰ ਸੀਮਤ ਗਿਣਤੀ ’ਚ ਹਟਾ ਰਹੇ ਹਨ। ਤਣਾਅ ਘਟਾਉਣ ਲਈ ਦੋਵੇਂ ਮੁਲਕਾਂ ਵੱਲੋਂ ਉਠਾਏ ਜਾ ਰਹੇ ਕਦਮਾਂ ਬਾਰੇ ਵਿਸਥਾਰ ਨਾਲ ਪੁੱਛਣ ’ਤੇ ਚੁਨਯਿੰਗ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਮੌਕੇ ਦੇ ਹਾਲਾਤ ਬਾਰੇ ਉਸ ਕੋਲ ਵਧੇਰੇ ਜਾਣਕਾਰੀ ਨਹੀਂ ਹੈ ਪਰ ਉਹ ਦੱਸ ਸਕਦੀ ਹੈ ਕਿ ਕੂਟਨੀਤਕ ਅਤੇ ਫ਼ੌਜੀ ਮਾਧਮਾਂ ਰਾਹੀਂ ਦੋਵੇਂ ਮੁਲਕ ਮੁੱਦਿਆਂ ਦਾ ਹਲ ਕੱਢ ਰਹੇ ਹਨ।

ਇਸ ਦੌਰਾਨ ਨਵੀਂ ਦਿੱਲੀ ’ਚ ਅਧਿਕਾਰੀਆਂ ਨੇ ਕਿਹਾ ਕਿ ਮੇਜਰ ਜਨਰਲ ਪੱਧਰ ਦੀ ਗੱਲਬਾਤ ਦੌਰਾਨ ਬੁੱਧਵਾਰ ਨੂੰ ਭਾਰਤੀ ਵਫ਼ਦ ਨੇ ਪਹਿਲਾਂ ਦੀ ਸਥਿਤੀ ਬਹਾਲ ਕਰਨ ਅਤੇ ਪੈਂਗੌਂਗ ਤਸੋ ਝੀਲ ਨੇੜਲੇ ਇਲਾਕੇ ’ਚੋਂ ਹਜ਼ਾਰਾਂ ਚੀਨੀ ਫ਼ੌਜੀਆਂ ਨੂੰ ਫੌਰੀ ਵਾਪਸ ਸੱਦਣ ’ਤੇ ਜ਼ੋਰ ਦਿੱਤਾ ਹੈ।

Previous article‘Symonds didn’t want to play in IPL because of blowout with Harbhajan’
Next articleMost of the times it is because of ignorance: Chhetri on racism