ਸਰਪੰਚ ਦੀ ਮੁਅੱਤਲੀ ਵਿਰੁੱਧ ਬਠਿੰਡਾ-ਬਾਦਲ ਸੜਕ ਜਾਮ

ਪਿਛਲੇ ਦਿਨੀ ਪੰਚਾਇਤੀ ਦੁਕਾਨਾਂ ਦੀ ਬੋਲੀ ਵਿੱਚ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਮੁਅੱਤਲ ਕੀਤੀ ਗਈ ਪਿੰਡ ਘੁੱਦਾ ਦੀ ਸਰਪੰਚ ਸੀਮਾ ਰਾਣੀ ਵੱਲੋਂ ਆਪਣੇ ਪੰਚਾਂ ਤੇ ਪਿੰਡ ਵਾਸੀਆਂ ਸਣੇ ਮੁਅੱਤਲੀ ਦੇ ਵਿਰੋਧ ਵਿੱਚ ਅੱਜ ਪਿੰਡ ਘੁੱਦਾ ਵਿੱਚ ਧਰਨਾ ਦੇ ਕੇ ਬਠਿੰਡਾ-ਬਾਦਲ ਸੜਕ ਜਾਮ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਪਿੰਡ ਵਾਸੀਆਂ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਬਕਾ ਓਐੱਸਡੀ ਜਗਤਾਰ ਸਿੰਘ ਵਾਸੀ ਪਿੰਡ ਘੁੱਦਾ ’ਤੇ ਸਰਪੰਚ ਸੀਮਾ ਰਾਣੀ ਦੀ ਮੁਅੱਤਲੀ ਕਰਵਾਉਣ ਦੇ ਦੋਸ਼ ਲਾਏ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਰਪੰਚ ਸੀਮਾ ਰਾਣੀ ਨੇ ਦੱਸਿਆ ਕਿ ਉਸ ਖ਼ਿਲਾਫ਼ ਮਨਪ੍ਰੀਤ ਬਾਦਲ ਦੇ ਓਐੱਸਡੀ ਜਸਵੀਰ ਸਿੰਘ ਤੇ ਸਾਬਕਾ ਓਐੱਸਡੀ ਜਗਤਾਰ ਸਿੰਘ ਦੇ ਨੇੜਲੇ ਪਰਿਵਾਰਕ ਮੈਂਬਰ ਚੋਣ ਲੜੇ ਸਨ ਜੋ ਹਾਰ ਗਏ ਸਨ। ਇਸ ਕਾਰਨ ਜਗਤਾਰ ਸਿੰਘ ਉਨ੍ਹਾਂ ਨਾਲ ਰੰਜਿਸ਼ ਰੱਖ ਰਿਹਾ ਹੈ ਤੇ ਝੂਠੇ ਦੋਸ਼ ਲਾ ਕੇ ਆਪਣੀ ਸਿਆਸੀ ਪਹੁੰਚ ਦਾ ਲਾਹਾ ਲੈ ਕੇ ਉਨ੍ਹਾਂ ਨੂੰ ਮੁਅੱੱਤਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੁਕਾਨਾਂ ਦੀ ਬੋਲੀ ਦੌਰਾਨ ਕਿਸੇ ਤਰ੍ਹਾਂ ਦੀ ਉਲੰਘਣਾ ਨਹੀ ਕੀਤੀ। ਜੇ ਕੋਈ ਚੋਣ ਜ਼ਾਬਤੇ ਦਾ ਮਾਮਲਾ ਹੈ ਤਾਂ ਸੈਕਟਰੀ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੋ ਮੀਟਿੰਗ ’ਚ ਹਾਜ਼ਰ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਕਾਨਾਂ ਵਿੱਚੋਂ 2 ਦੁਕਾਨਾਂ ਜਗਤਾਰ ਸਿੰਘ ਦੇ ਪਿਤਾ ਕੋਲ ਹਨ। ਪਿੰਡ ਦੀ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਸਿੰਘ ਕਾਕਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਇਤਿਹਾਸ ’ਚ ਇਸ ਪੰਚਾਇਤ ਵੱਲੋਂ ਗ੍ਰਾਮ ਸਭਾ ਬੁਲਾਈ ਗਈ ਸੀ ਜਿਸ ਦੌਰਾਨ ਪਿੰਡ ਵਾਸੀਆਂ ਨੂੰ ਪੈਸੇ ਪੈਸੇ ਦਾ ਹਿਸਾਬ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਓਐੱਸਡੀ ਜਗਤਾਰ ਸਿੰਘ ਚਾਹੁੰਦਾ ਸੀ ਕਿ ਪੰਚਾਇਤ ਉਸ ਦੇ ਹਿਸਾਬ ਨਾਲ ਕੰਮ ਕਰੇ ਜਦੋਂਕਿ ਪੰਚਾਇਤ ਪਿੰਡ ਵਾਸੀਆਂ ਦੇ ਹਿਸਾਬ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਸੰਘਰਸ਼ ਨੂੰ ਵੱਡੇ ਪੱਧਰ ’ਤੇ ਵਿੱਢਣਗੇ ਤੇ ਅਦਾਲਤ ’ਚ ਜਾਣਗੇ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਕਿਹਾ ਕਿ ਜਿੰਨੇ ਕੰਮ ਇਸ ਪੰਚਾਇਤ ਨੇ ਕਰਵਾਏ ਹਨ ਉਨੇ ਅੱਜ ਤੱਕ ਕਿਸੇ ਪੰਚਾਇਤ ਨੇ ਨਹੀਂ ਕੀਤੇ। ਪਿੰਡ ਵਾਸੀਆਂ ਨੇ ਕਿਹਾ ਕਿ ਪੰਚਾਇਤ ਵੱਲੋਂ ਸਾਰੇ ਕੰਮ ਪਾਰਦਰਸ਼ੀ ਢੰਗ ਨਾਲ ਕੀਤੇ ਜਾਂਦੇ ਹਨ। ਉਨ੍ਹਾਂ ਦੇ ਪਿੰਡ ਨੂੰ ਪਹਿਲੀ ਵਾਰ ਆਜ਼ਾਦੀ ਮਿਲੀ ਹੈ ਕਿ ਇਹ ਪੰਚਾਇਤ ਕਿਸੇ ਦੇ ਅਧੀਨ ਨਹੀ ਚੱਲਦੀ। ਜ਼ਿਕਰਯੋਗ ਹੈ ਕਿ 19 ਜੁਲਾਈ ਨੂੰ ਬੀਡੀਪੀਓ ਸੰਗਤ ਵੱਲੋਂ ਘੁੱਦਾ ਦੇ ਪੰਚਾਇਤ ਮੈਂਬਰਾਂ ਦੀ ਮੀਟਿੰਗ ਕਰਕੇ ਉਨ੍ਹਾਂ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਪੰਚਾਇਤ ਦਾ ਰਿਕਾਰਡ ਤੇ ਫੰਡਾਂ ਦੀ ਵਰਤੋਂ ਦਾ ਅਧਿਕਾਰ ਸੌਂਪਿਆ ਜਾਣਾ ਹੈ। ਇਸ ਮੌਕੇ ਪੰਚਾਂ ਨੇ ਸਰਪੰਚ ਸੀਮਾ ਰਾਣੀ ਦਾ ਸਾਥ ਦੇਣ ਦਾ ਐਲਾਨ ਕੀਤਾ ਤੇ ਉਨ੍ਹਾਂ ਦੀ ਬਹਾਲੀ ਦੀ ਮੰਗ ਕੀਤੀ। ਇਸ ਮੌਕੇ ਬੀਡੀਪੀਓ ਸੰਗਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇੱਕ ਸੰਘਰਸ਼ ਕਮੇਟੀ ਦਾ ਵੀ ਗਠਨ ਕੀਤਾ ਗਿਆ। ਇਸ ਸਬੰਧੀ ਖਜ਼ਾਨਾ ਮੰਤਰੀ ਮਨਪੀਤ ਸਿੰਘ ਬਾਦਲ ਦੇ ਸਾਬਕਾ ਓਐੱਸਡੀ ਜਗਤਾਰ ਸਿੰਘ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ।

Previous articleਕਰਨਾਟਕ: ਨਾਗਰਾਜ ਨੂੰ ਮਨਾਉਣ ’ਚ ਕਾਂਗਰਸ ਨਾਕਾਮ
Next articleਕਾਰ ਦੇ ਦਰਵਾਜ਼ਿਆਂ ’ਚੋਂ 16 ਕਿੱਲੋ ਅਫ਼ੀਮ ਬਰਾਮਦ