ਸਰਕਾਰ ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ਠੋਕ ਕੇ ਆਮ ਆਦਮੀ ’ਤੇ ਪਾ ਰਹੀ ਹੈ ਬੋਝ: ਕਾਂਗਰਸ

ਨਵੀਂ ਦਿੱਲੀ (ਸਮਾਜਵੀਕਲੀ):  ਕਾਂਗਰਸ ਨੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ਠੋਕ ਕੇ ਆਮ ਆਦਮੀ ’ਤੇ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 5 ਮਾਰਚ ਤੋਂ ਲੈ ਕੇ ਹੁਣ ਤੱਕ ਢਾਈ ਲੱਖ ਕਰੋੜ ਰੁਪਏ ਕਮਾ ਲਏ ਹਨ।

ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ਡਿੱਗਦੀ ਜਾ ਰਹੀ ਹੈ ਅਤੇ ਇਹ ਪਿਛਲੇ 15 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਹੈ ਪਰ ਫਿਰ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਰਹੀਆਂ ਹਨ ਅਤੇ ਮੋਦੀ ਦੀ ਅਗਵਾਈ ਹੇਠ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਵਧਣਾ ਜਾਰੀ ਹੈ।

ਉਨ੍ਹਾਂ ਕਿਹਾ,‘‘ਸਰਕਾਰ ਨੇ ਪਿਛਲੇ ਛੇ ਦਿਨਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਾ ਕੇ 44 ਹਜ਼ਾਰ ਕਰੋੜ ਰੁਪਏ ਕਮਾਏ ਹਨ।’’ ਆਨਲਾਈਨ ਪ੍ਰੈੱਸ ਕਾਨਫਰੰਸ ’ਚ ਸ੍ਰੀ ਸਿੱਬਲ ਨੇ ਕਿਹਾ ਕਿ ਜੇਕਰ ਸਰਕਾਰ ਦੇ ਮਨ ’ਚ ਆਮ ਆਦਮੀ ਪ੍ਰਤੀ ਥੋੜੀ ਜੀ ਵੀ ਹਮਦਰਦੀ ਹੁੰਦੀ ਤਾਂ ਪ੍ਰਧਾਨ ਮੰਤਰੀ ਕੰਪਨੀਆਂ ਤੇ ਸਰਕਾਰ ਨੂੰ ਲਾਭ ਪਹੁੰਚਾਉਣ ਦੀ ਬਜਾਏ ਤੇਲ ਕੀਮਤਾਂ ਘਟਾ ਕੇ ਉਨ੍ਹਾਂ ਦੀ ਮਦਦ ਕਰਦੇ।

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ 106.85 ਡਾਲਰ ਸੀ ਤਾਂ ਪਹਿਲੀ ਮਈ 2014 ’ਚ ਦਿੱਲੀ ’ਚ ਪੈਟਰੋਲ 71.41 ਰੁਪਏ ’ਤੇ ਵਿਕ ਰਿਹਾ ਸੀ ਜਦਕਿ ਹੁਣ 12 ਜੂਨ 2020 ਨੂੰ ਇਸ ਦਾ ਮੁੱਲ 75.16 ਰੁਪਏ ਹੈ ਪਰ ਕੱਚੇ ਤੇਲ ਦੀ ਕੀਮਤ 38 ਡਾਲਰ ’ਤੇ ਆ ਗਈ ਹੈ।

Previous articleਭਾਰਤ-ਚੀਨ ਫ਼ੌਜਾਂ ਸਰਹੱਦੀ ਵਿਵਾਦ ਸੁਲਝਾਉਣ ’ਚ ਜੁਟੀਆਂ: ਨਰਵਾਣੇ
Next articleਕਰੋਨਾ: ਦੇਸ਼ ’ਚ ਪੀੜਤ 3 ਲੱਖ ਤੋਂ ਪਾਰ