ਸਰਕਾਰ ਇਰਾਨ ਤੇ ਇਟਲੀ ’ਚੋਂ ਭਾਰਤੀਆਂ ਨੂੰ ਕੱਢਣ ਲਈ ਯਤਨਸ਼ੀਲ: ਜੈਸ਼ੰਕਰ

ਸਰਕਾਰ ਨੇ ਅੱਜ ਸੰਸਦ ਵਿੱਚ ਜਾਣਕਾਰੀ ਦਿੱਤੀ ਹੈ ਕਿ ਇਟਲੀ ਵਿੱਚੋਂ ਆਪਣੇ ਨਾਗਰਿਕਾਂ ਨੂੰ ਕਰੋਨਾਵਾਇਰਸ ਤੋਂ ਬਚਾਅ ਕੇ ਕੱਢਣ ਲਈ ਇਨ੍ਹਾਂ ਦੇ ਟੈਸਟਾਂ ਦੇ ਨਮੂਨੇ ਲੈਣ ਲਈ ਵੀਰਵਾਰ ਨੂੰ ਡਾਕਟਰਾਂ ਦੀ ਟੀਮ ਇਟਲੀ ਭੇਜੀ ਜਾ ਰਹੀ ਹੈ ਅਤੇ ਇਰਾਨ ਲਈ ਟੀਮ ਰਵਾਨਾ ਹੋ ਗਈ ਹੈ। ਇਸ ਦੇ ਨਾਲ ਹੀ ਇਰਾਨ ਤੋਂ 529 ਭਾਰਤੀਆਂ ਦੇ ਨਮੂਨੇ ਲਿਆਂਦੇ ਗਏ ਹਨ। ਸਰਕਾਰ ਦੋਵਾਂ ਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਯਤਨਸ਼ੀਲ ਹੈ। ਇਸ ਦੌਰਾਨ ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਮੁਹੰਮਦ ਹੁਸੈਨ ਸਦੀਕੀ (76) ਦੀ ਮੌਤ ਹੋ ਗਈ ਹੈ ਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਮੌਤ ਕਰੋਨਾਵਾਇਰਸ ਨਾਲ ਹੋਈ ਹੈ ਤੇ ਉਸ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ ਵਿੱਚ ਕਿਹਾ ਕਿ ਇਰਾਨ ਤੇ ਇਟਲੀ ਵਿੱਚ ਫੈਲੇ ਕਰੋਨਾਵਾਇਰਸ ਕਾਰਨ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਸਰਕਾਰ ਯਤਨ ਕਰ ਰਹੀ ਹੈ। ਭਾਰਤ ਨੇ ਇਰਾਨ ਤੋਂ 58 ਨਾਗਰਿਕ ਕੱਢੇ ਹਨ। ਭਾਰਤ ਇਰਾਨੀ ਅਧਿਕਾਰੀਆਂ ਨਾਲ ਕੁੱਝ ਕਮਰਸ਼ੀਅਲ ਉਡਾਣਾਂ ਨੂੰ ਸ਼ੁਰੂ ਕਰਨ ਲਈ ਗੱਲਬਾਤ ਕਰ ਰਿਹਾ ਹੈ ਤਾਂ ਜੋ ਟੈਸਟਾਂ ਤੋਂ ਬਾਅਦ ਜੋ ਕਰੋਨਾਵਾਇਰਸ ਤੋਂ ਪੀੜਤ ਨਹੀਂ ਉਹ ਵਤਨ ਪਰਤ ਸਕਣ। ਉਨ੍ਹਾਂ ਕਿਹਾ ਕਿ ਇਰਾਨ ਦੇ ਵੱਖ ਵੱਖ ਸੂਬਿਆਂ ਵਿੱਚ 6000 ਤੋਂ ਵੱਧ ਭਾਰਤੀ ਨਾਗਰਿਕ ਹਨ, ਇਨ੍ਹਾਂ ਵਿੱਚ 300 ਦੇ ਕਰੀਬ ਵਿਦਿਆਰਥੀ, 1100 ਸੈਲਾਨੀ ਅਤੇ 1000 ਮਛੇਰੇ ਹਨ। ਇਰਾਨ ਤੋਂ 529 ਸੈਂਪਲ ਭਾਰਤ ਲਿਆਂਦੇ ਹਨ ਤੇ ਜਿਨ੍ਹਾਂ ਦੇ ਸੈਂਪਲ ਨੈਗੇਟਿਵ ਆਏ, ਉਨ੍ਹਾਂ ਨੂੰ ਤਰਜੀਹੀ ਤੌਰ ਉੱਤੇ ਪਹਿਲਾਂ ਦੇਸ਼ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਰੋਨਾਵਾਇਰਸ ਨਾਲ ਨਜਿੱਠਣ ਲਈ ‘ਆਨ ਅਰਾਈਵਲ ਵੀਜ਼ਾ’ ਜਾਂ ਆਨਲਾਈਨ ਵੀਜ਼ਾ ਕੁੱਝ ਹਾਲਤਾਂ ਵਿੱਚ ਆਰਜ਼ੀ ਤੌਰ ਉੱਤੇ ਬੰਦ ਕੀਤਾ ਹੈ।

Previous articleਹੋਲੀ ਵਾਲੇ ਦਿਨ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Next articleਨਿਰਭਯਾ ਕੇਸ: ਹਾਈ ਕੋਰਟ ਨੇ ਤਿਹਾੜ ਨੂੰ ਮੀਡੀਆ ਹਾਊਸ ਦੀ ਅਰਜ਼ੀ ਵਿਚਾਰਨ ਲਈ ਆਖਿਆ