ਸਬ-ਇੰਸਪੈਕਟਰ ਹਰਜੀਤ ਸਿੰਘ ਦੇ ਹੱਥ ਵਿੱਚ ਹਰਕਤ ਪਰਤੀ

ਚੰਡੀਗੜ੍ਹ  (ਸਮਾਜਵੀਕਲੀ) – ਪਟਿਆਲਾ ਵਿਚ ਕਰਫ਼ਿਊ ਦੌਰਾਨ ਹੋਏ ਹਮਲੇ ’ਚ ਗੰਭੀਰ ਜ਼ਖ਼ਮੀ ਹੋਏ ਸਬ ਇੰਸਪੈਕਟਰ ਹਰਜੀਤ ਸਿੰਘ ਦੇ ਹੱਥ ਵਿਚ ਹਰਕਤ ਪਰਤ ਆਈ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਪੂਰਾ ਪੰਜਾਬ ਐੱਸਆਈ ਹਰਜੀਤ ਸਿੰਘ ਦੀ ਹਮਾਇਤ ਵਿਚ ਅੱਗੇ ਆਇਆ ਤੇ ਸੋਸ਼ਲ ਮੀਡੀਆ ’ਤੇ ਕਈ ਪੋਸਟ ਨਜ਼ਰ ਆਏ।

ਮੁੱਖ ਮੰਤਰੀ ਨੇ ਹਰਜੀਤ ਦੀ ਵੀਡੀਓ ਟਵੀਟ ਕਰਕੇ ਟਿੱਪਣੀ ਕੀਤੀ ‘ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ ਠੀਕ ਹੋ ਰਹੇ ਹਨ ਅਤੇ ਉਨ੍ਹਾਂ ਦੇ ਹੱਥ ਵਿੱਚ ਹਰਕਤ ਮੁੜ ਸ਼ੁਰੂ ਹੋ ਗਈ ਹੈ।’ ਡੀਜੀਪੀ ਦਿਨਕਰ ਗੁਪਤਾ ਨੇ ਅੱਜ ਸਵੇਰੇ 10 ਵਜੇ ਟਵਿੱਟਰ ਮੁਹਿੰਮ #ਮੈਂ ਵੀ ਹਰਜੀਤ ਸਿੰਘ – ਦੀ ਸ਼ੁਰੂਆਤ ਕੀਤੀ।

ਇਹ ਮੁਹਿੰਮ ਭਾਰਤ ਭਰ ਦੇ ਪੁਲੀਸ ਮੁਲਾਜ਼ਮਾਂ, ਡਾਕਟਰਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿਰੁੱਧ ਇਕਜੁੱਟਤਾ ਪ੍ਰਗਟਾਉਣ ਲਈ ਸ਼ੁਰੂ ਕੀਤੀ ਗਈ। ਡੀਜੀਪੀ ਨੇ ਟਵੀਟ ਕਰਦਿਆਂ ਲਿਖਿਆ ਕਿ ਉਹ ਪੂਰਾ ਦਿਨ ਆਪਣੇ ਅਧਿਕਾਰਤ ਨਾਂ ਦੀ ਬਜਾਏ ‘ਹਰਜੀਤ ਸਿੰਘ’ ਦਾ ਬੈਜ ਲਗਾਉਣਗੇ।

ਕੇਰਲ, ਉਤਰਾਖੰਡ, ਗੁਜਰਾਤ ਪੁਲੀਸ ਅਤੇ ਹੋਰ ਬਹੁਤ ਸਾਰੇ ਲੋਕਾਂ ਵੱਲੋਂ ਸਮਰਥਨ ਦੇ ਸੰਦੇਸ਼ ਪਹਿਲਾਂ ਹੀ ਆ ਚੁੱਕੇ ਹਨ। ਗਾਇਕ ਗੁਰਦਾਸ ਮਾਨ ਅਤੇ ਕ੍ਰਿਕਟਰ ਹਰਭਜਨ ਸਿੰਘ ਨੇ ਸੁਨੇਹੇ ਪੋਸਟ ਕੀਤੇ। ਟਵਿੱਟਰ ’ਤੇ ਵੀ ਇਹ ਮੁਹਿੰਮ ਸਿਖ਼ਰ ’ਤੇ ਰਹੀ। ਪੰਜਾਬ ਦੇ 79,000 ਤੋਂ ਵੱਧ ਪੁਲੀਸ ਕਰਮੀਆਂ ਨੇ ਆਪਣਾ ਨਾਂ ਬੈਜ ਬਦਲ ਕੇ ‘ਹਰਜੀਤ ਸਿੰਘ’ ਕਰ ਦਿੱਤਾ। ਡੀਜੀਪੀ ਨੇ ਕਿਹਾ ਕਿ ਇਹ ਮੁਹਿੰਮ ਅਗਲੇ ਕਈ ਦਿਨਾਂ ਤੱਕ ਚਲਾਈ ਜਾਵੇਗੀ।

Previous articleਕੇਂਦਰ ਜੀਐੱਸਟੀ ਬਕਾਇਆ ਤੇ ਹੋਰ ਗਰਾਂਟ ਜਲਦੀ ਦੇਵੇ: ਕੈਪਟਨ
Next articleਐੱੱਨਐੱਚਐੱਮ ਮੁਲਾਜ਼ਮਾਂ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵੱਲੋਂ ਰੋਸ ਮੁਜ਼ਾਹਰੇ