ਸਤਲੁਜ ਦਰਿਆ ਨੇੜਲੇ 85 ਪਿੰਡ ਖਾਲੀ ਕਰਨ ਦੇ ਹੁਕਮ

ਸਤਲੁਜ ਦਰਿਆ ਵਿੱਚ ਵਧੇ ਪਾਣੀ ਕਾਰਣ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ ਜਿਸ ਕਰ ਕੇ ਦਰਿਆ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਪ੍ਰਸ਼ਾਸਨ ਨੇ ਤਹਿਸੀਲ ਸ਼ਾਹਕੋਟ, ਨਕੋਦਰ ਅਤੇ ਤਹਿਸੀਲ ਫਿਲੌਰ ਦੇ ਦਰਿਆ ਕਿਨਾਰੇ ਵਸੇ ਕਰੀਬ 85 ਪਿੰਡਾਂ ਨੂੰ ਚੌਕਸੀ ਵਜੋਂ ਖਾਲੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਡੀਸੀ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸਐੱਸਪੀ ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਨੇ ਸਬ-ਡਿਵੀਜ਼ਨ ਸ਼ਾਹਕੋਟ ਦੇ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਭਾਰੀ ਮਾਤਰਾ ’ਚ ਪਾਣੀ ਛੱਡੇ ਜਾਣ ਕਾਰਨ ਹੜ੍ਹ ਦਾ ਖਤਰਾ ਵਧ ਗਿਆ ਹੈ। ਚੌਕਸੀ ਵਜੋਂ ਖਾਲੀ ਕਰਵਾਉਣ ਲਈ ਸ਼ਾਹਕੋਟ ਦੇ 63, ਫਿਲੌਰ ਦੇ 13 ਅਤੇ ਨਕੋਦਰ ਦੇ ਕਰੀਬ 9 ਪਿੰਡ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਡੈਮ ਵਿੱਚੋਂ ਹੋਰ ਵੀ ਪਾਣੀ ਛੱਡਿਆ ਜਾ ਸਕਦਾ ਹੈ। ਇਸ ਕਰ ਕੇ ਵਧੇ ਖਤਰੇ ਕਾਰਨ ਨੀਵੇਂ ਥਾਂ ’ਤੇ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਚੌਕਸੀ ਵਜੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਪ੍ਰਸ਼ਾਸਨ ਦਾ ਮੁਢਲਾ ਫਰਜ਼ ਹੈ। ਡੀਸੀ ਨੇ ਕਿਹਾ ਕਿ ਸ਼ਾਹਕੋ, ਨਕੋਦਰ ਅਤੇ ਫਿਲੌਰ ਦੇ ਐੱਸਡੀਐੱਮਜ਼ ਨੂੰ ਚੌਕਸੀ ’ਤੇ ਰਹਿਣ ਅਤੇ ਹਰ ਪ੍ਰਕਾਰ ਦੀ ਸਥਿਤੀ ਤੇ 24 ਘੰਟੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਡੀ.ਸੀ ਸ਼ਰਮਾ ਨੇ ਕਿਹਾ ਕਿ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਚੁੱਕਾ ਹੈ ਅਤੇ ਜੇ ਲੋੜ ਪਈ ਤਾਂ ਮੰਡੀਆਂ ਨੂੰ ਰਾਹਤ ਕੇਂਦਰਾਂ ਵਜੋਂ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਸਿਹਤ ਟੀਮਾਂ ਤਿਆਰ ਰੱਖਣ ਅਤੇ ਪਾਵਰਕੌਮ ਨੂੰ ਰਾਹਤ ਕੇਂਦਰਾਂ ਵਿੱਚ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਜਾ ਚੁੱਕਾ ਹੈ। ਗੋਤਾਖੋਰਾਂ ਨੂੰ ਕਿਸੇ ਵੀ ਹੰਗਾਮੀ ਸਥਿਤੀ ਲਈ ਤਿਆਰ ਰਹਿਣ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਇਲਾਕਾ ਵਾਸੀਆਂ ਨੇ ਰੋਸ ਜਤਾਇਆ ਕਿ ਕਿ ਉਹ ਮਈ ਮਹੀਨੇ ਤੋਂ ਪ੍ਰਸ਼ਾਸਨ ਨੂੰ ਬੇਨਤੀਆਂ ਕਰਦੇ ਆਏ ਹਨ ਕਿ ਬੰਨ੍ਹ ਦੀ ਠੀਕ ਢੰਗ ਨਾਲ ਮੁਰੰਮਤ ਕੀਤੀ ਜਾਵੇ। ਪਰ ਕਿਸੇ ਨੇ ਗੌਰ ਨਹੀਂ ਕੀਤਾ।

Previous articleਸਿਸਵਾਂ ਨਦੀ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ
Next articleਲੁਧਿਆਣਾ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਨੇ ਤਬਾਹੀ ਮਚਾਈ