ਸਖਤ ਸੁਰੱਖਿਆ ਹੇਠ ਚਲਾਈ ਵੈਂਡਰਾਂ ਨੂੰ ਹਟਾਉਣ ਦੀ ਮੁਹਿੰਮ

ਚੰਡੀਗੜ੍ਹ ਨਗਰ ਨਿਗਮ ਨੇ ਅੱਜ ਸਖਤ ਸੁਰੱਖਿਆ ਹੇਠ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਵੈਂਡਰਾਂ ਨੂੰ ਹਟਾਉਣ ਦੀ ਮੁਹਿੰਮ ਚਲਾਈ। ਨਿਗਮ ਨੇ ਇਸ ਮੁਹਿੰਮ ਤਹਿਤ ਵੈਂਡਿੰਗ ਜ਼ੋਨ ’ਚ ਸ਼ਿਫਟ ਨਾ ਹੋਣ ਵਾਲੇ ਵੈਂਡਰਾਂ ਸਣੇ ਹੋਰ ਗੈਰਕਾਨੂੰਨੀ ਬੈਠੇ ਵੈਂਡਰਾਂ ਨੂੰ ਹਟਾਇਆ ਤੇ ਉਨ੍ਹਾਂ ਕਬਜ਼ਾ ਕਰਕੇ ਰੱਖਿਆ ਸਾਮਾਨ ਜ਼ਬਤ ਕੀਤਾ। ਨਿਗਮ ਦੀਆਂ ਟੀਮਾਂ ਨਾਲ ਪੁਲੀਸ ਸੁਰੱਖਿਆ ਦੇ ਸਖਤ ਬੰਦੋਬਸਤ ਦੇ ਚੱਲਦੇ ਅੱਜ ਦੀ ਕਾਰਵਾਈ ਦੌਰਾਨ ਮਾਰਕੀਟਾਂ ਤੇ ਹੋਰ ਜਨਤਕ ਥਾਵਾਂ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ। ਨਿਗਮ ਵੱਲੋਂ ਕੀਤੀ ਵਿਉਂਤਬੰਦੀ ਅਨੁਸਾਰ ਅੱਜ ਤੜਕੇ 6 ਵਜੇ ਸ਼ੁਰੂ ਕੀਤੀ ਗਈ ਇਕ ਕਾਰਵਾਈ ਦੌਰਾਨ ਕੁਝ ਹੀ ਘੰਟਿਆਂ ਵਿੱਚ ਸ਼ਹਿਰੀ ’ਚ ਕਬਜ਼ਾ ਜਮਾਈ ਬੈਠੇ ਵੈਂਡਰਾਂ ਨੂੰ ਹਟਾ ਦਿੱਤਾ ਤੇ ਉਸਤੋਂ ਬਾਅਦ ਵੀ ਉਥੇ ਨਿਗਮ ਦੀਆਂ ਟੀਮਾਂ ਨਿਗਰਾਨੀ ਰੱਖਣ ਲਈ ਡਟੀਆਂ ਰਹੀਆਂ। ਲੰਘੇ ਦਿਨਾਂ ਤੋਂ ਨਿਗਮ ਦੇ ਇਸ ਫੈਂਸਲੇ ਦਾ ਵਿਰੋਧ ਕਰ ਰਹੇ ਵੈਂਡਰਾਂ ਨੇ ਇੱਕ ਤਰ੍ਹਾਂ ਨਾਲ ਆਪ ਹੀ ਆਤਮ ਸਮਰਪਣ ਕਰ ਦਿੱਤਾ। ਨਿਗਮ ਨੇ ਵੰਡਰਾਂ ਵੱਲੋਂ ਜ਼ਮੀਨ ’ਤੇ ਰੱਖਿਆ ਸਾਮਾਨ ਮੇਜ਼, ਕੁਰਸੀਆਂ, ਤਰਪਾਲਾਂ ਤੇ ਰੇਹੜੀਆਂ ਆਦਿ ਜ਼ਬਤ ਕੀਤਾ। ਨਿਗਮ ਦੀ ਇਸ ਕਾਰਵਾਈ ਦਾ ਵੈਂਡਰਾਂ ’ਚ ਕੋਈ ਖਾਸ ਵਿਰੋਧ ਦੇਖਣ ਨੂੰ ਨਹੀਂ ਮਿਲਿਆ। ਨਿਗਮ ਵੱਲੋਂ ਵੈਂਡਰਾਂ ਨੂੰ ਹਟਾਏ ਜਾਣ ਤੋਂ ਬਾਅਦ ਲਮੇਂ ਸਮੇਂ ਤੋਂ ਕਬਜ਼ਿਆਂ ਦੀ ਮਾਰ ਹੇਠ ਆਈਆਂ ਮਾਰਕੀਟਾਂ ਦੀਆਂ ਪਾਰਕਿੰਗਾਂ, ਵਰਾਂਡੇ ਤੇ ਹੋ ਜਨਤਕ ਥਾਵਾਂ ਖਾਲੀ ਹੋ ਗਈਆਂ। ਨਿਗਮ ਵੱਲੋਂ ਹਾਈ ਕੋਰਟ ’ਚ ਦਿੱਤੇ ਹਲਫੀਆ ਬਿਆਨ ’ਚ ਸ਼ਹਿਰ ਦੇ ਰਜਿਸਟਰਡ ਵੈਂਡਰਾਂ ਨੂੰ ਪੰਜ ਦਸੰਬਰ ਤੱਕ ਸ਼ਹਿਰ ’ਚ ਵੱਖ ਵੱਖ ਇਲਾਕਿਆਂ ’ਚ ਬਣਾਏ 44 ਵੈਂਡਿੰਗ ਜ਼ੋਨਾਂ ’ਚ ਸ਼ਿਫਟ ਕਰਨਾ ਸੀ। ਨਿਗਮ ਨੇ ਅੱਜ ਤੋਂ ਇਨ੍ਹਾਂ ਵੈਂਡਿੰਗ ਜ਼ੋਨਾਂ ’ਚ ਸ਼ਿਫਟ ਨਾ ਹੋਣ ਵਾਲੇ ਵੈਂਡਰਾਂ ਸਣੇ ਗੈਰਕਾਨੂੰਨੀ ਵੈਂਡਰਾਂ ਨੂੰ ਹਟਾਇਆ। ਇਹ ਮੁਹਿੰਮ ਕੱਲ੍ਹ ਤੇ ਪਰਸੋਂ ਵੀ ਜਾਰੀ ਰਹੇਗੀ ਤੇ ਨਿਗਮ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਨਿਗਮ ਕਰਮਚਾਰੀਆਂ ਦੀਆਂ ਸ਼ਨਿਚਰਵਾਰ ਤੇ ਐਤਵਾਰ ਦੀਆਂ ਛੁਟੀਆਂ ਵੀ ਰੱਦ ਕਰ ਦਿੱਤੀਆਂ ਹਨ। ਅੱਜ ਸ਼ੁਰੂ ਕੀਤੀ ਮੁਹਿੰਮ ਦੌਰਾਨ ਨਿਗਮ ਦੇ ਵੱਖ ਵੱਖ ਵਿਭਾਗਾਂ ਤੇ 1200 ਕਰਮਚਾਰੀਆਂ ਸਣੇ ਚੰਡੀਗੜ੍ਹ ਪੁਲੀਸ ਦੇ ਵੀ 1000 ਮੁਲਾਜ਼ਮ ਤਾਇਨਾਤ ਸਨ। ਨਗਰ ਨਿਗਮ ਦੇ ਸੈਕਟਰ-17 ਸਥਿਤ ਮੁੱਖ ਭਵਨ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ। ਸ਼ਹਿਰ ’ਚ ਚਲਾਈ ਇਸ ਮੁਹਿੰਮ ਨੂੰ ਲੈ ਕੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ, ਐੱਸਐੱਸਪੀ ਨਿਲੰਬਰੀ ਜਗਦਲੇ ਨੇ ਵੀ ਕਈਂ ਇਲਾਕਿਆਂ ਦਾ ਦੌਰਾ ਕੀਤਾ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਲੀਸ ਵੱਲੋਂ 3 ਡੀਐੱਸਪੀ. 13 ਇੰਸਪੈਕਟਰਾਂ ਵੱਲੋਂ ਪੂਰੇ ਸ਼ਹਿਰ ’ਚ ਨਜਰ ਰੱਖੀ ਜਾ ਰਹੀ ਸੀ। ਵੈਂਡਰਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਜਲ ਤੋਪਾਂ, ਹੰਝੂ ਗੈਸ ਤੇ ਘੁੜਸਵਾਰ ਪੁਲੀਸ ਵੀ ਇਸ ਮੁਹਿੰਮ ਦੌਰਾਨ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ ਡਰੋਨ ਤੇ ਸੀਸੀਟੀਵੀ ਕੈਮਰਿਆਂ ਨਾਲ ਵੀ ਪੂਰੀ ਕਾਰਵਾਈ ’ਤੇ ਨਜ਼ਰ ਰੱਖੀ ਜਾ ਰਹੀ ਸੀ ਜਿਸ ਨਾਲ ਨਿਗਮ ਵੱਲੋਂ ਬਣਾਏ ਗਏ ਕੰਟਰੋਲ ਸੈਂਟਰ ਨੂੰ ਪਲ ਪਲ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਜਾ ਰਿਹਾ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਗਰ ਨਿਗਮ ਨੂੰ ਸ਼ਹਿਰ ’ਚ ਬੈਠੇ ਰੇੜ੍ਹੀ ਫੜ੍ਹੀ ਵਾਲਿਆਂ ਦੇ ਮੁੜ ਵਸੇਬੇ ਨੂੰ ਲੈ ਕੇ ਆਦੇਸ਼ ਦਿੱਤੇ ਸਨ। ਮੇਅਰ ਰਾਜੇਸ਼ ਕਾਲੀਆ ਨੇ ਕਿਹਾ ਕਿ ਸ਼ਹਿਰੀ ਵਿੱਚੋਂ ਸਾਰੇ ਵੈਂਡਰਾਂ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ।

Previous articleਥੁਨਬਰਗ ਮਾਰਚ ਵਿੱਚ ਹਿੱਸਾ ਲੈਣ ਲਈ ਮੈਡਰਿਡ ਪੁੱਜੀ
Next articleਅੱਖਾਂ ਦਾ ਫ੍ਰੀ ਅਪਰੇਸ਼ਨ ਅਤੇ ਚੈੱਕਅਪ ਕੈਂਪ 12 ਨੂੰ – ਲਾਇਨ ਅਸ਼ੋਕ ਬਬਿਤਾ ਸੰਧੂ ਨੰਬਰਦਾਰ