ਸਕੂਲ ਦੀ ਥਾਂ ਤੋਂ ਕਬਜ਼ੇ ਹਟਾਉਣ ਲਈ ਆਵਾਜਾਈ ਰੋਕੀ

ਬੋਹਾ- ਸਰਕਾਰੀ ਕੰਨਿਆਂ ਸਕੈਂਡਰੀ ਸਕੂਲ ਦੀ ਢਾਈ ਏਕੜ ਜ਼ਮੀਨ ’ਤੇ ਕਥਿਤ ਕੁਝ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੇ ਮੰਤਵ ਨਾਲ ਹੋਂਦ ਵਿੱਚ ਆਈ ‘ਸਕੂਲ ਬਚਾਓ ਸੰਘਰਸ਼ ਕਮੇਟੀ’ ਦੀ ਅਗਵਾਈ ਹੇਠ ਬੋਹਾ ਵਾਸੀਆਂ ਨੇ ਨਾਜਾਇਜ਼ ਕਬਜ਼ਾ ਹਟਾਉਣ ਦੀ ਮੰਗ ਨੂੰ ਲੈ ਕੇ ਬੋਹਾ-ਬੁਢਲਾਡਾ ਮੁੱਖ ਸੜਕ ’ਤੇ ਦੋ ਘੰਟਿਆਂ ਲਈ ਧਰਨਾ ਲਗਾ ਕੇ ਆਵਾਜਾਈ ਮੁਕੰਮਲ ਰੂਪ ਵਿੱਚ ਠੱਪ ਕਰ ਦਿੱਤੀ। ਧਰਨਾਕਾਰੀ ਅੱਜ ਸਵੇਰੇ ਬੋਹਾ-ਬੁਢਲਾਡਾ ਸੜਕ ’ਤੇ ਇਸ ਨਾਜਾਇਜ਼ ਕਬਜ਼ੇ ਵਾਲੀ ਵਿਵਾਦਿਤ ਥਾਂ ’ਤੇ ਇੱਕਠੇ ਹੋਏ ਅਤੇ ਉਨ੍ਹਾਂ ਇਸ ਆਧਾਰ ’ਤੇ ਸੰਕੇਤਕ ਰੂਪ ਵਿੱਚ ਕਬਜ਼ਾ ਹਟਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਐੱਸਡੀਐੱਮ ਦੀ ਹਾਜ਼ਰੀ ਵਿੱਚ ਹੋਈ ਮਿਣਤੀ ਸਮੇਂ ਇਸ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਨਿੱਕਲਿਆ ਸੀ ਤੇ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਨਵੀਂ ਨਿਸ਼ਾਨਦੇਹੀ ਦੇ ਪਿੱਲਰ ਲਗਾਏ ਗਏ ਸਨ। ਜਿਉਂ ਹੀ ਸ਼ੰਘਰਸ਼ ਕਮੇਟੀ ਦੇ ਮੈਂਬਰ ਨਾਜਾਇਜ਼ ਕਬਜ਼ੇ ਵਾਲੀ ਥਾਂ ’ਤੇ ਪੁੱਜੇ ਤਾਂ ਬੋਹਾ ਥਾਣਾ ਦੇ ਮੁਖੀ ਗੁਰਮੇਲ ਸਿੰਘ ਸੰਧੂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਇੱਟਾਂ ਪੁੱਟਣ ਤੋਂ ਰੋਕ ਦਿੱਤਾ। ਪੁਲੀਸ ਤੇ ਸੰਘਰਸ਼ ਕਮੇਟੀ ਦੇ ਆਗੂਆ ਵਿਚਾਲੇ ਤਕਰਾਰ ਹੋਣ ’ ਤੇ ਸਥਿਤੀ ਤਣਾਅ ਵਾਲੀ ਬਣ ਗਈ ਤਾਂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇੱਕਤਰ ਹੋਏ ਲੋਕਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਬੋਹਾ-ਬੁਢਲਾਡਾ ਮੁੱਖ ਸੜਕ ’ਤੇ ਜਾਮ ਲਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸ਼ੰਘਰਸ਼ ਕਮੇਟੀ ਆਗੂ ਸੁਰਿੰਦਰ ਮੰਗਲਾ, ਕਿਰਪਾਲ ਸਿੰਘ ਖਾਲਸਾ, ਮਿੱਠੂ ਸਿੰਘ ਖਾਲਸਾ, ਭੋਲਾ ਸਿੰਘ ਨਰਸੋਤ, ਮੁਕਤੀ ਮੋਰਚਾ ਦੇ ਜ਼ਿਲਾ ਆਗੂ ਕਾਮਰੇਡ ਜੀਤ ਸਿੰਘ ਬੋਹਾ, ਮੇਵਾ ਸਿੰਘ, ਜੀਤਾ ਰਾਮ ਲਾਲਕਾ, ਨਵੀਨ ਕੁਮਾਰ ਕਾਲਾ, ਰਮੇਸ਼ ਕੁਮਾਰ ਤਾਂਗੜੀ, ਸੰਤੋਖ ਸਿੰਘ ਸਾਗਰ, ਜਸਪਾਲ ਸਿੰਘ ਜੱਸੀ ਆਦਿ ਨੇ ਕਿਹਾ ਕਿ ਕੁੜੀਆਂ ਦੇ ਇਸ ਸਕੂਲ ਦੀ ਥਾਂ ਸਣੇ ਹੋਏ ਸ਼ਹਿਰ ਦੀਆਂ ਸਾਰੀਆਂ ਸਾਂਝੀਆਂ ਥਾਵਾਂ ’ਤੇ ਹੋਏ ਨਾਜਾਇਜ਼ ਕਬਜ਼ੇ ਛੁਡਾਏ ਜਾਣਗੇ।
ਚੱਲ ਰਹੇ ਧਰਨੇ ਦੇ ਵਿਚਕਾਰ ਉਚੇਚੇ ਰੂਪ ਵਿੱਚ ਪਹੁੰਚੇ ਸਬ ਡਵੀਜਨ ਬੁਢਲਾਡਾ ਦੇ ਉੱਪ ਪੁਲੀਸ ਕਪਤਾਨ ਜਸਪਿੰਦਰ ਸਿੰਘ ਗਿੱਲ ਨੇ ਧਰਨਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਕਨੂੰਨ ਅਨੁਸਾਰ ਬੋਹਾ ’ਚ ਹੋਏ ਹਰ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਹਟਾਏ ਜਾਣਗੇ। ਡੀਐੱਸਪੀ ਵੱਲੋਂ ਵਿਸ਼ਵਾਸ ਦਿਵਾਏ ਜਾਣ ’ਤੇ ਧਰਨਾ ਤੇ ਸੰਘਰਸ਼ ਦੋ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ।

Previous articleਕੈਪਟਨ ਨੇ ਫਸਲੀ ਚੱਕਰ ਬਦਲਣ ਲਈ ਵਿਸ਼ਵ ਬੈਂਕ ਤੋਂ ਮਦਦ ਮੰਗੀ
Next articleਕਰਤਾਰਪੁਰ ਲਾਂਘਾ: ਪਹਿਲੇ ਜਥੇ ਨੂੰ ਪ੍ਰਧਾਨ ਮੰਤਰੀ ਕਰਨਗੇ ਰਵਾਨਾ: ਹਰਸਿਮਰਤ