ਸ਼ੇਖ ਹਸੀਨਾ ਦਾ ਭਾਰਤ ਨੂੰ ‘ਲਾਰਾ ਲੱਪਾ’

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਅਤੇ ਚੀਨ ਵਿਚਕਾਰ ਟਕਰਾਅ ਦਰਮਿਆਨ ਨੇਪਾਲ ਤੋਂ ਬਾਅਦ ਹੁਣ ਬੰਗਲਾਦੇਸ਼ ਵੀ ਚੀਨ ਦੇ ਪਾਲੇ ’ਚ ਜਾਂਦਾ ਨਜ਼ਰ ਆ ਰਿਹਾ ਹੈ। ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਿਛਲੇ ਸਾਲ ਦੁਬਾਰਾ ਅਹੁਦਾ ਸੰਭਾਲਣ ਮਗਰੋਂ ਬੰਗਲਾਦੇਸ਼ ’ਚ ਸਾਰੇ ਭਾਰਤੀ ਪ੍ਰਾਜੈਕਟਾਂ ਦੀ ਰਫ਼ਤਾਰ ਨੂੰ ਬਰੇਕਾਂ ਲੱਗ ਗਈਆਂ ਹਨ।

ਉਥੋਂ ਦੇ ਅਖ਼ਬਾਰ ‘ਭੋਰੇਜ ਕਾਗੋਜ’ ਦੀ ਰਿਪੋਰਟ ਮੁਤਾਬਕ ਹਸੀਨਾ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਮਗਰੋਂ ਬੰਗਲਾਦੇਸ਼ ਵੱਲੋਂ ਚੀਨੀ ਬੁਨਿਆਦੀ ਢਾਂਚੇ ਵਾਲੇ ਪ੍ਰਾਜੈਕਟਾਂ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਭਾਰਤ ਵੱਲੋਂ ਚਿੰਤਾ ਜਤਾਏ ਜਾਣ ਦੇ ਬਾਵਜੂਦ ਸਿਲਹਟ ’ਚ ਏਅਰਪੋਰਟ ਟਰਮੀਨਲ ਦੀ ਇਮਾਰਤ ਦਾ ਠੇਕਾ ਚੀਨੀ ਕੰਪਨੀ ਨੂੰ ਦੇ ਦਿੱਤਾ ਗਿਆ। ਇਹ ਇਲਾਕਾ ਭਾਰਤ ਦੀ ਉੱਤਰ-ਪੂਰਬੀ ਸਰਹੱਦ ਨਾਲ ਲਗਦਾ ਹੈ ਅਤੇ ਨਵੀਂ ਦਿੱਲੀ ਇਸ ਨੂੰ ਸੰਵੇਦਨਸ਼ੀਲ ਇਲਾਕਾ ਮੰਨਦਾ ਹੈ।

ਪਿਛਲੇ ਚਾਰ ਮਹੀਨਿਆਂ ਦੌਰਾਨ ਭਾਰਤੀ ਹਾਈ ਕਮਿਸ਼ਨਰ ਰੀਵਾ ਗਾਂਗੁਲੀ ਦਾਸ ਨੇ ਉਨ੍ਹਾਂ ਨਾਲ ਮੁਲਾਕਾਤ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਸਿਰੇ ਨਹੀਂ ਚੜ੍ਹੀਆਂ। ਉਂਜ ਢਾਕਾ ’ਚ ਭਾਰਤੀ ਹਾਈ ਕਮਿਸ਼ਨ ਅਤੇ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਕੋਈ ਸਫ਼ਾਈ ਨਹੀਂ ਦਿੱਤੀ ਹੈ। ਅਖ਼ਬਾਰ ਦੇ ਸੰਪਾਦਕ ਸ਼ਿਆਮਲ ਦੱਤਾ ਨੇ ਲੇਖ ’ਚ ਲਿਖਿਆ ਹੈ ਕਿ ਬੰਗਲਾਦੇਸ਼ ਨੇ ਭਾਰਤ ਵੱਲੋਂ ਕੋਵਿਡ-19 ਦੌਰਾਨ ਕੀਤੀ ਗਈ ਸਹਾਇਤਾ ਲਈ ਸ਼ਲਾਘਾ ਦਾ ਪੱਤਰ ਤੱਕ ਨਹੀਂ ਭੇਜਿਆ।

Previous articleਅੰਜੁਮਨ-ਏ-ਇਸਲਾਮੀਆ ਦੇ ਮੁਖੀ ਖਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ
Next articleਬਿਹਾਰ ਵਿੱਚ ਸੜਕ ਹਾਦਸਾ; ਪੰਜ ਵਿਅਕਤੀਆਂ ਦੀ ਮੌਤ