ਸ਼ੇਖ ਇਮਰਾਨ ਸ੍ਰੀਨਗਰ ਦੇ ਨਵੇਂ ਮੇਅਰ ਬਣੇ

ਸ੍ਰੀਨਗਰ (ਸਮਾਜਵੀਕਲੀ) :   ਸਾਬਕਾ ਡਿਪਟੀ ਮੇਅਰ ਸ਼ੇਖ ਇਮਰਾਨ (ਸੀ) ਸ੍ਰੀਨਗਰ ਦੇ ਨਵੇਂ ਮੇਅਰ ਨਿਯੁਕਤ ਹੋ ਗਏ ਹਨ। ਉਨ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਬਹੁਮੱਤ ਹਾਸਲ ਕਰਨ ਬਾਰੇ ਜਾਣਕਾਰੀ ਦਿੱਤੀ। ਦੂਜੇ ਪਾਸੇ ਬੇਵਿਸਾਹੀ ਦਾ ਮਤਾ ਪਾਸ ਹੋਣ ਕਾਰਨ ਜੁਨੈਦ ਅਜ਼ੀਮ ਮੱਟੂ ਨੂੰ ਅੱਜ ਸ੍ਰੀਨਗਰ ਮਿਉਂਸਿਪਲ ਕਾਰਪੋਰੇਸ਼ਨ ਦੇ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਦਿ ਪੀਪਲ’ਜ਼ ਕਾਨਫਰੰਸ ਦੇ ਆਗੂ ਨੇ ਟਵਿੱਟਰ ਰਾਹੀਂ ਆਪਣੀ ਹਾਰ ਬਾਰੇ ਦੱਸਿਆ।

ਮੱਟੂ ਨੇ ਵੱਖ ਵੱਖ ਟਵੀਟ ਕਰਦਿਆਂ ਕਿਹਾ,‘ ਮੇਰੇ ਖ਼ਿਲਾਫ਼ ਬੇਵਿਸਾਹੀ ਦਾ ਮਤਾ ਪਾਸ ਕੀਤਾ ਗਿਆ ਹੈ। ਜੇਕੇਪੀਸੀ (ਜੰਮੂ ਤੇ ਕਸ਼ਮੀਰ ਪੀਪਲ’ਜ਼ ਕਾਨਫਰੰਸ) ਨੇ ਸ੍ਰੀਨਗਰ ਮਿਊਂਸਿਪਲ ਕਾਨਫਰੰਸ ’ਚ 70 ਵਿੱਚੋਂ 42 ਵੋਟ ਹਾਸਲ ਕੀਤੇ ਹਨ। ਭਾਜਪਾ, ਜੇਕੇਐੱਨਸੀ ਅਤੇ ਹੋਰ ਆਜ਼ਾਦ ਉਮੀਦਵਾਰਾਂ ਨੇ ਜੇਕੇਪੀਸੀ ਖ਼ਿਲਾਫ਼ ਬੇਵਿਸਾਹੀ ਦਾ ਮਤਾ ਲਿਆਂਦਾ।’ ਉਨ੍ਹਾਂ ਕਿਹਾ ਕਿ ਉਹ ਕਾਰਪੋਰੇਸ਼ਨ ਦੇ ਫੈਸਲੇ ਦਾ ਸਨਮਾਨ ਕਰਦੇ ਹਨ।

ਸ੍ਰੀ ਮੱਟੂ ਨੇ ਦਾਅਵਾ ਕੀਤਾ ਕਿ ਸ੍ਰੀਨਗਰ ਵਿੱਚ ਭਾਜਪਾ ਤੇ ਦਿ ਨੈਸ਼ਨਲ ਕਾਨਫਰੰਸ ਆਪਸ ’ਚ ਰਲੀਆਂ ਹੋਈਆਂ ਹਨ। ਇਸੇ ਦੌਰਾਨ ਦਿ ਨੈਸ਼ਨਲ ਕਾਨਫਰੰਸ ਨੇ ਮੰਗਲਵਾਰ ਨੂੰ ਬੇਵਿਸਾਹੀ ਦਾ ਮਤਾ ਪਾਉਣ ਵਾਲੇ ਪਾਰਟੀ ਦੇ ਚਾਰ ਕਾਰਪੋਰੇਟਰਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਐੱਨਸੀ ਬੁਲਾਰੇ ਇਮਰਾਨ ਨਬੀ ਡਾਰ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਗੁਲਾਮ ਨਬੀ ਸੂਫ਼ੀ, ਦਾਨਿਸ਼ ਭੱਟ, ਨੀਲੋਫਰ ਤੇ ਮਾਜਿਦ ਸ਼ੂਲੋ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈੈ।

Previous articleਸੁਪਰੀਮ ਕੋਰਟ ਵੱਲੋਂ ਰਾਖਵੇਂ ਵਰਗ ਦੀ ਉਮੀਦਵਾਰ ਦੇ ਜਨਰਲ ਕੋਟੇ ਵਿੱਚ ਜਾਣ ਦੇ ਫੈਸਲੇ ’ਤੇ ਰੋਕ
Next articleਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦਸਵੇਂ ਦਿਨ ਵੀ ਵਾਧਾ