ਸ਼ੁੱਧ ਹਵਾ

ਸਤਨਾਮ  ਸਮਾਲਸਰੀਆ

(ਸਮਾਜ ਵੀਕਲੀ)

ਰੁਲਦੂ ਅੱਜ ਸਵੇਰੇ ਹੀ ਆਪਣੇ ਸੀਰੀ ਨੂੰ ਨਾਲ ਲੈ ਖੇਤ ਆ ਗਿਆ ਸੀ ਕਿਉਂਕਿ ਤੂੜੀ ਬਣਾਉਣ ਤੋਂ ਬਾਦ ਕਣਕ ਦਾ ਬਚਿਆ ਨਾੜ ਸਾੜ ਕੇ ਵਾਹਣ ਪਨੀਰੀ ਬੀਜਣ ਲਈ ਤਿਆਰ ਕਰਨਾ ਸੀ।ਉਹਦਾ ਖੇਤ ਲਿੰਕ ਰੋਡ ਸੜਕ ਦੇ ਨਾਲ ਲੱਗਦਾ ਸੀ। ਪਿੰਡ ਵਾਲਿਆਂ ਨੇ ਮਨਰੇਗਾ ਕਾਮਿਆਂ ਦੀ ਸਹਾਇਤਾ ਨਾਲ ਸੜਕ ਦਾ ਦੋਵੇਂ ਪਾਸੇ ਬਹੁਤ ਸੋਹਣੇ ਦਰਖੱਤ ਲਗਾਏ ਹੋਏ ਸਨ ; ਜਿਹੜੇ ਹੁਣ ਕਾਫੀ ਹਰਿਆਲੀ ਦੇਣ ਲੱਗੇ ਸਨ।ਇਹ ਦਰੱਖਤ ਉਹਦੀਆਂ ਅੱਖਾਂ ਵਿੱਚ ਕਣ ਵਾਂਗ ਰੜਕਦੇ ਰਹਿੰਦੇ ਕਿਉਂ ਕਿ ਇਨ੍ਹਾਂ ਦਰੱਖਤਾਂ ਨਾਲ ਉਹਨੂੰ ਆਪਣੀ ਫਸਲ ਦਾ ਨੁਕਸਾਨ ਹੋਣ ਦਾ ਵਹਿਮ ਪਿਆ ਹੋਇਆ ਸੀ।

ਉਹਨੇ ਆਪਣੇ ਸੀਰੀ ਗਾਮੇ ਨੂੰ ਹਾਕ ਮਾਰਦਿਆਂ ਕਿਹਾ, ”ਉਏ ਗਾਮਿਆਂ ਲਿਆ ਉਏ ਡੱਬੀ ,ਅੱਜ ਹਵਾ ਵੀ ਸੜਕ ਵੱਲ ਨੂੰ ਏ , ਯੱਬ ਮੁਕਾਈਏ , ਇਨ੍ਹਾਂ ਪਿੰਡ ਵਾਲਿਆਂ ਦੇ ਲਾਏ ਸਬਜ ਬਾਗ ਦਾ ।” ਗਾਮੇ ਨੇ ਕਿਹਾ ਨਾ ਬਾਈ ਆਪਾਂ ਨੂੰ ਕੀ ਕਹਿੰਦੇ ਨੇ ਬੇਜਾਨ ਵਿਚਾਰੇ , ਆਪ ਧੁੱਪਾਂ ਸੇਕ ਕੇ ਸਾਨੂੰ ਛਾਂ ਦਿੰਦੈ ਐ , ਬਾਈ  ਨਾਲੇ ਸਰਕਾਰ ਕਹਿੰਦੀ ਵੱਧ ਤੋਂ ਵੱਧ ਦਰਖੱਤ ਲਾਓ , ਇਹ ਸ਼ੁੱਧ ਹਵਾ ਦਿੰਦੇ ਐ ” ਲਿਆ ਡੱਬੀ ਫੜ੍ਹਾ ਵੱਡਾ ਵਾਤਾਵਰਨ ਪ੍ਰੇਮੀ , ਰੁਲਦੂ ਨੇ ਗਾਮੇ ਦੇ ਹੱਥੋਂ ਰੋਹਬ ਨਾਲ ਡੱਬੀ ਫੜ੍ਹਦਿਆਂ ਕਿਹਾ।”

ਰੁਲਦੂ ਦੇ ਸੀਖ ਲਾਉਣ ਦੀ ਦੇਰ ਸੀ ਅੱਗ ਵੇਖਦਿਆਂ ਵੇਖਦਿਆਂ ਸਭ ਵੱਟਾਂ, ਖਾਲੇ ਟੱਪ ਗਈ।ਸੜਕ ਦੇ ਨਾਲ ਨਾਲ ਲੱਗੇ ਸਾਰੇ ਦਰਖੱਤ ਤੇਜ ਹਵਾ ਦੀ ਅੱਗ ਝੁਲਸੇ ਗਏ , ਜਿਹੜੇ ਕੁਝ ਮਿੰਟ ਪਹਿਲਾਂ ਟਹਿ ਟਹਿ ਕਰਦੇ ਸੀ ।

ਗਾਮੇ ਦਾ ਇਨ੍ਹਾਂ ਆਪਣੇ ਕੱਦ ਤੋਂ ਉੱਚੇ ਦਰਖੱਤਾਂ ਨੂੰ ਇੳਂ ਦੇਖ ਕੇ ਰੌਣ ਨਿਕਲ ਗਿਆ, ਜਿਹੜਾ ਝੋਨੇ ਦੀਆ ਵੱਟਾਂ ਘੜਦਾ ਘੜੀ ਬਿੰਦ ਦਮ ਮਾਰਨ ਲਈ ਇੰਨ੍ਹਾਂ ਦੀ ਛਾਂਵੇ ਬੈਠ ਜਾਂਦਾ ਸੀ।ਰੁਲਦੂ ਘਰ ਆਇਆ , ਹੱਥ ਧੋ ਕੇ ਰੋਟੀ ਖਾਣ ਹੀ ਬੈਠਾ ਸੀ ਕਿ ਦਰਵਾਜ਼ੇ ਵਿੱਚੋਂ ਆਪਣੀ ਛੋਟੀ ਭੈਣ ਦੀ ਆਵਾਜ਼ ਆਈ , ਵੀਰੇ ਦੇਖ ਬੇਬੇ ਨੂੰ ਪਤਾ ਨਹੀਂ ਕੀ ਹੋਈ ਜਾਂਦਾ ਹੈ , ਉਹ ਰੋਟੀ ਛੱਡ ਭੱਜ ਕੇ ਗਿਆ, ਉਹਦੀ ਮਾਂ ਔਖੇ ਜਿਹੇ ਸਾਹ ਲੈ ਰਹੀ ਸੀ ।

ਉਹਨੇ ਕਾਰ ਕੱਢੀ ਘਰ ਵਾਲੀ ਤੇ ਭੈਣ ਨੂੰ ਨਾਲ ਬਿਠਾ ਸ਼ਹਿਰ ਹਸਪਤਾਲ ਪਹੁੰਚ ਗਏ ,ਉੱਤੋਂ ਪੂਰੀ ਦੁਨੀਆਂ ਵਿੱਚ ਭਿਆਨਕ ਮਹਾਂਮਾਰੀ ਫੈਲੀ ਹੋਣ ਕਰਕੇ ਹਸਪਤਾਲ ਵਿੱਚ ਤਿੱਲ ਸੁੱਟਣ ਨੂੰ ਵੀ ਥਾਂ ਨਹੀਂ ਸੀ। ਕਿਵੇਂ ਨਾ ਕਿਵੇਂ ਹਸਪਤਾਲ ਵਿੱਚ ਦਾਖਲ ਹੋਏ ਤਾਂ ਡਾਕਟਰ ਨੇ ਕਿਹਾ ਕਿ ਭਾਈ ਸਾਹਬ , ਤੁਹਾਡੀ ਮਾਂ ਨੂੰ ਕਰੌਨਾਂ ਦੀ ਬਿਮਾਰੀ ਹੈ , ਇਨ੍ਹਾਂ ਆਕਸੀਜਨ ਦੀ ਲੋੜ ਹੈ ਜੋ ਕਿ ਸਾਡੇ ਹਸਪਤਾਲ ਵਿੱਚ ਹੁਣ ਖਤਮ ਹੋ ਚੁੱਕੀ ਹੈ।

ਤੁਸੀਂ ਆਕਸੀਜਨ ਦਾ ਬੰਦੋਬਸਤ ਕਰ ਲਵੋਂ, ਇਹ ਕਹਿ ਕੇ ਡਾਕਟਰ ਚਲਾ ਗਿਆ। ਰੁਲਦੂ  ਫਰੀਦਕੋਟ ਹਸਪਤਾਲ ਵਿੱਚ ਕਿਸੇ ਨੂੰ ਫੋਨ ਲਗਾ ਕੇ ਪੁੱਛਿਆ ਤਾਂ ਉੱਥੋਂ ਵੀ ਇਹੋ ਹੀ ਜਵਾਬ ਮਿਲਿਆ ।

ਉਹਦੀ ਮਾਂ  ਸਾਹ ਨਾ ਆਉਣ ਕਰਕੇ ਕੁਝ ਕੁ ਮਿੰਟਾਂ ਵਿੱਚ ਦਮ ਤੋੜ ਗਈ।ਉਹਦੀ ਛੋਟੀ ਭੈਣ ਮਾਂ ਦੀ ਲਾਸ਼ ਤੇ ਭੁੱਬਾਂ ਮਾਰ ਮਾਰ ਰੋ ਰਹੀ ਨੂੰ ਵੇਖ ਕੇ ਰੁਲਦੂ ਦੀ ਧਾਹ ਨਿੱਕਲ ਗਈ ।

ਹਸਪਤਾਲ ਦੇ ਬਾਹਰ ਕੁਝ ਵਾਤਾਵਰਨ ਪ੍ਰੇਮੀ ਨਵੇਂ ਬੂਟੇ ਲਗਾ ਰਹੇ ਸਨ ਅਤੇ ਲੱਗੇ ਹੋਏ ਬੂਟਿਆਂ ਨੂੰ ਪਾਣੀ ਦੇ ਰਹੇ ਸਨ। ਇਹ ਦੇਖ ਕੇ ਉਹਨੂੰ ਆਪਣੇ ਖੇਤ ਦੇ ਕਿਨਾਰੇ ਖੜ੍ਹੇ ਅੱਗ ਨਾਲ ਝੁਲਸੇ ਹੋਏ ਦਰਖੱਤ ਅਤੇ ਆਪਣੇ ਸੀਰੀ ਗਾਮੇ ਦੇ ਕਹੇ ਬੋਲ ,ਬਾਈ ਇਹ ਤਾਂ ਸਾਨੂੰ ਸ਼ੁੱਧ ਹਵਾ ਦਿੰਦੇ ਐ , ਯਾਦ ਆ ਗਏ।

ਸਤਨਾਮ ਸਮਾਲਸਰੀਆ
ਸੰਪਰਕ: 9914298580

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਬੂਟਾ ਮੁਹੰਮਦ ਨੇ ਸਾਈਂ ਉਮਰੇ ਸ਼ਾਹ ਜੀ ਨਾਲ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ।
Next articleਆਵੋ ਦਮ ਭਰੋ….