ਸ਼ਾਹੀਨ ਬਾਗ ਦੀਆਂ ਬਹਾਦਰ ਔਰਤਾਂ

ਪੇਸ਼ਕਸ਼:- ਅਮਰਜੀਤ ਚੰਦਰਲੁਧਿਆਣਾ 9417600014

ਸਫੈਦ ਚਿੜੀ ਨੂੰ ਫਾਰਸੀ ਵਿਚ ਸ਼ਾਹੀਨ ਕਹਿੰਦੇ ਹਨ, ਜਿਸ ਦੀ ਰਫਤਾਰ ਬਹੁਤ ਤੇਜ ਹੁੰਦੀ ਹੈ। ਅੱਜ ਕਲ ਦਿੱਲੀ ਦੇ ਸ਼ਾਹੀਨ ਬਾਗ ਦੇ ਇਲਾਕੇ ਦੀਆਂ ਔਰਤਾਂ ਵੀ ਸ਼ਾਹੀਨ ਚਿੜੀ ਦੀ ਤਰ੍ਹਾਂ ਹੀ ਉਡਾਨ ਭਰਦੀਆਂ ਨਜ਼ਰ ਆ ਰਹੀਆਂ ਹਨ।ਯਾਮੀਆ ਮਾਲਿਆ ਇਸਲਾਮੀਆ ਵਿਚ ਸਟੇ ਸ਼ਾਹੀਨ ਬਾਗ ਦੇ ਇਲਾਕੇ ਵਿਚ ਔਰਤਾਂ ਪਿੱਛਲੇ 35 ਦਿਨਾਂ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ।ਕਹਿਣ ਦੀ ਜਰੂਰਤ ਨਹੀ ਹੈ ਕਿ ਇਹ ਧਰਨਾ ਪਰਦਰਸ਼ਨ ਉਸੇ ਨਾਗਰਿਕ ਸੋਧ ਕਨੂੰਨ ਦੇ ਖਿਲਾਫ ਹੈ, ਜਿਸ ਨੇ ਦੇਸ਼ ਭਰ ਵਿਚ ਕਹਿਰ ਮਚਾ ਰੱਖਿਆ ਹੈ। 15 ਦਸੰਬਰ ਨੂੰ ਯਾਮੀਆ ਮਾਲਿਆ ਇਸਲਾਮਿਆ ਦੇ ਵਿਦਿਆਰਥੀਆਂ ਤੇ ਪੁਲਿਸ ਦੀ ਘਨੌਣੀ ਕਾਰਵਾਈ ਦੇ ਬਾਅਦ ਸ਼ਹੀਨ ਬਾਗ ਇਲਾਕੇ ਦੀਆਂ ਚਾਰ ਔਰਤਾਂ ਤੇ ਛੇ ਆਦਮੀ ਵਿਰੋਧ ਦੇ ਕਰਨ ਲਈ ਆਪਣੇ ਘਰਾਂ ਤੋਂ ਨਿਕਲੇ ਸਨ। ਦੇਖਦੇ ਹੀ ਦੇਖਦੇ, ਇਹ ਵਿਰੋਧ ਪ੍ਰਦਰਸ਼ਨ ਹਜਾਰਾਂ ਹੀ ਔਰਤਾਂ ਦੇ ਹਜੂਮ ਵਿਚ ਤਬਦੀਲ ਹੋ ਚੁੱਕਾ ਹੈ,ਅਤੇ ਇਹ ਹਜੂਮ ਦੁਨੀਆ ਭਰ ਵਿਚ ਆਪਣੀ ਪਛਾਣ ਬਣਾ ਚੁੱਕਾ ਹੈ।ਇਸ ਬਰਫੀਲੀ ਸਰਦੀ ਤੇ ਮੀਂਹ ਹਨ੍ਹੇਰੀ ਵਿਚ ਵੀ ਔਰਤਾਂ, ਲੜਕੀਆਂ ਤੇ ਛੋਟੇ ਛੋਟੇ ਬੱਚੇ ਦਿਨ ਰਾਤ ਸ਼ਾਹੀਨ ਬਾਗ ਵਿਚ ਡੱਟੇ ਹੋਏ ਹਨ।ਨੈਸ਼ਨਲ ਤੇ ਇੰਟਰਨੈਸ਼ਨਲ ਮੀਡੀਆ ਵਲੋ ਧਿਆਨ ਦੇਣ ਦਾ ਹੀ ਨਤੀਜਾ ਹੈ ਕਿ ਇਹ ਇਲਾਕਾ ਵਿਰੋਧ ਦਾ ਪ੍ਰਤੀਕ ਬਣ ਗਿਆ ਹੈ।ਸੱਚ ਕਿਹਾ ਜਾਏ ਤਾਂ ਇਹਨਾਂ ਔਰਤਾਂ ਨੇ ਸਾਰੇ ਨਿਯਮਾਂ ਨੂੰ ਤੋੜ ਦਿੱਤਾ ਹੈ ਤੇ ਸਰਕਾਰ ਤੋਂ ਲੈ ਕੇ ਆਪਣੇ ਪਿਤਾ ਪੁਰਖਾਂ ਤੱਕ ਨੂੰ ਹੈਰਾਨ ਕਰ ਦਿੱਤਾ ਹੈ।

         90 ਸਾਲ ਤੱਕ ਦੀਆਂ ਔਰਤਾਂ ਨੇ ਜਿਸ ਤਰ੍ਹਾਂ ਉਮਰ ਦੀ ਸੀਮਾ ਨੂੰ ਤੋੜਿਆ ਹੈ ਉਹ ਸੱਚੀ ਹੀ ਹੈਰਾਨ ਕਰਨ ਵਾਲਾ ਹੈ।ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਉਹੀ ਮੁਸਲਮਾਨ ਔਰਤਾਂ ਹਨ ਜਿੰਨਾਂ ਨੂੰ ਪਰਦੇ, ਘੁੰਡ ਦੀਆਂ ਬੇੜੀਆਂ ਵਿਚ ਜਕੜੀ ਹੋਈ ਔਰਤ ਸਮਝਿਆ ਜਾਂਦਾ ਸੀ। ਪਰ ਅੱਜ ਇਹ ਔਰਤਾਂ ਸਾਰਿਆਂ ਨੂੰ ਗਲਤ ਸਾਬਿਤ ਕਰਦੀਆਂ ਅੱਗੇ ਵਧ ਰਹੀਆਂ ਹਨ।ਇਹ ਉਹੀ ਮੁਸਲਮਾਨ ਔਰਤਾਂ ਹਨ,ਜਿੰਨਾਂ ਦੇ ਬਾਰੇ ਵਿਚ ਇਹ ਕਿਹਾ ਜਾਂਦਾ ਸੀ ਕਿ ਇਹਨਾਂ ਔਰਤਾਂ ਦੀ ਕੋਈ ਸੋਚ ਨਹੀ ਹੁੰਦੀ ਅਤੇ ਇਨਾਂ ਔਰਤਾਂ ਦੀ ਘਰ ਵਿਚ ਖਾਣੇ ਵਾਲੇ ਮੇਜ਼ ਤੱਕ ਹੀ ਜਗ੍ਹਾ ਹੈ। ਪਰ ਇਹ ਹੈਰਾਨ ਕਰਨ ਵਾਲੀ ਗੱਲ ਹੈ, ਕਿ ਭਾਰਤ ਵਿਚ ਸ਼ਾਇਦ ਇਹ ਪਹਿਲੀ ਬਾਰ ਹੈ ਕਿ ਏਨੀ ਵੱਡੀ ਸੰਖਿਆ ਵਿਚ ਮੁਸਲਮਾਨ ਔਰਤਾਂ ਪ੍ਰਦਰਸ਼ਨ ਕਰਨ ਲਈ ਨਾ ਸਿਰਫ ਸੜਕਾਂ ਤੇ ਨਿਕਲੀਆਂ ਹਨ,ਬਲਕਿ ਸਾਰੇ ਨਿਯਮਾਂ ਨੂੰ ਲਲਕਾਰ ਰਹੀਆਂ ਹਨ। ਇਹ ਮੰਨ ਸਕਦੇ ਹਾਂ ਕਿ ਉਹਨਾਂ ਤੇ ਪ੍ਰਸ਼ਨ ਚਿੰਨ ਲਾਉਣ ਵਾਲਿਆਂ ਨੂੰ ਵੀ ਇਹ ਔਰਤਾਂ ਚਨੌਤੀ ਪੇਸ਼ ਕਰ ਰਹੀਆਂ ਹੋਣ। ਇਸ ਬਰਫੀਲੀ ਠੰਢ ਅਤੇ ਪੁਲਿਸ ਦੇ ਭਿਆਨਕ ਖਤਰੇ ਨੂੰ ਵੀ ਇਹ ਔਰਤਾਂ ਮਾਤ ਦੇ ਰਹੀਆਂ ਹਨ।

ਜੋ ਔਰਤਾਂ ਸਮਾਜ ਵਿਚ ਪਤੀਆਂ ਦੇ ਜੁਲਮ ਸਹਿੰਦੀਆਂ ਅਤੇ ਘਟੀਆ ਸੋਚ ਦੀਆਂ ਸ਼ਿਕਾਰ ਦੇ ਕਾਰਨ ਦਬੀਆਂ ਕੁਚਲੀਆਂ ਅਤੇ ਜਿੰਨਾਂ ਔਰਤਾਂ ਦੇ ਮਨਾਂ ਅੰਦਰ ਡਰ ਦਾ ਮਹੌਲ ਬਣਿਆ ਹੋਇਆ ਸੀ, ਉਹ ਔਰਤਾਂ ਹੁਣ ਨਾ ਤਾਂ ਮੁਸਲਮਾਨ ਕਹਿਲਾਉਣ ਤੋਂ ਡਰ ਰਹੀਆਂ ਹਨ ਅਤੇ ਨਾ ਹੀ ਕੋਈ ਸ਼ਰਮ ਕਰ ਰਹੀਆਂ ਹਨ।ਕਿਉਕਿ,ਹਿਜਾਬ ਅਤੇ ਬੁਰਕੇ ਵਿਚ ਰਹਿ ਕੇ ਜੋ ਆਪਣੀ ਪਹਿਚਾਣ ਗੁਆ ਚੁੱਕੀਆ ਹਨ, ਉਹ ਔਰਤਾ ਆਪਣੀ ਪਹਿਚਾਣ ਦੁਬਾਰਾ ਤੋਂ ਬਣਾਉਣੀ ਸ਼ੁਰੂ ਕਰ ਰਹੀਆਂ ਹਨ। ਇਸ ਭਰ ਸਰਦੀ ਵਿਚ ਹਿਜਾਬ ਪਾ ਕੇ ਔਰਤਾਂ ਪੁਲਿਸ ਨੂੰ ਚਨੌਤੀ ਦੇ ਰਹੀਆਂ ਹਨ।ਬਹੁਤ ਸਾਰੇ ਖਤਰਿਆਂ ਨੂੰ ਦੇਖਦੇ ਹੋਏ ਇੰਝ ਲੱਗ ਰਿਹਾ ਹੈ ਕਿ ਜਿਵੇਂ ਇਹਨਾਂ ਔਰਤਾਂ ਨੇ ਵਿਰੋਧ ਪ੍ਰਦਰਸ਼ਨਾਂ ਦੀ ਮਸ਼ਾਲ ਜਲਾ ਰੱਖੀ ਹੈ। ਇਹਨਾਂ ਔਰਤਾਂ ਵਿਚ ਆਪਸੀ ਏਕਤਾ ਬਹੁਤ ਦਿਖਾਈ ਦੇ ਰਹੀ ਹੈ, ਸੱਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਹਨਾਂ ਵਿਚ ਕੋਈ ਨੇਤਾ ਨਹੀ ਹੈ ਅਤੇ ਨਾ ਹੀ ਇਹਨਾਂ ਵਿਚ ਕੋਈ ਸਿਆਸੀ ਦਖਲ ਅੰਦਾਜ਼ੀ ਹੈ।ਇਹ ਔਰਤਾਂ ਖੁਦ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੀਆਂ ਹਨ ਅਤੇ ਵਿਰੋਧ ਦੀ ਇਸ ਪਛਾਣ ਨੇ ਆਪਣੀ ਜਗਾ ਵੀ ਬਣਾ ਲਈ ਹੈ।

        ਹਾਲਾਂਕਿ, ਸਰਕਾਰ ਤੇ ਪੁਲਿਸ ਨੂੰ ਚਨੌਤੀ ਦੇ ਰਹੀਆਂ ਇਹਨਾਂ ਔਰਤਾਂ ਦੇ ਸਾਹਮਣੇ ਵੀ ਬਹੁਤ ਸਾਰੀਆਂ ਚਨੌਤੀਆਂ ਹਨ। ਚਨੌਤੀਆਂ, ਇਸ ਪ੍ਰਦਰਸ਼ਨ ਨੂੰ ਜਾਰੀ ਰੱਖਣ ਦੇ ਲਈ ਅਤੇ ਪ੍ਰਦਰਸ਼ਨ ਦੇ ਸਹੀ ਮਕਸਦ ਤੋਂ ਨਾ ਭਟਕਣ ਦੇ ਲਈ।ਚਨੌਤੀਆਂ, ਆਪਣੇ ਪਰਿਵਾਰ ਨੂੰ ਦੇਖਣ ਦੇ ਲਈ ਅਤੇ ਆਪਣੇ ਬੱਚਿਆਂ ਨੂੰ ਸੰਭਾਲਣ ਦੇ ਲਈ। ਪਰ ਇਹ ਔਰਤਾਂ ਸਾਰੀਆਂ ਚਨੌਤੀਆਂ ਨੂੰ ਦਰ-ਕਿਨਾਰ ਕਰਦੀਆਂ ਹੋਈਆਂ ਅੱਗੇ ਵਲ ਵੱਧ ਰਹੀਆਂ ਹਨ। ਪ੍ਰਦਰਸ਼ਨ ਨੂੰ ਖਤਮ ਕਰਨ ਦੀਆਂ ਤਮਾਮ ਕੋਸ਼ਿਸ਼ਾਂ ਦੇ ਵਿਚ ਦਿਲੀ ਹਾਈ ਕੋਰਟ ਵਲੋਂ ਇਹਨਾਂ ਔਰਤ ਦੇ ਲਈ ਇਕ ਰਾਹਤ ਭਰੀ ਖਬਰ ਆਈ ਹੈ ਕਿ ਕੋਰਟ ਨੇ ਇਸ ਪ੍ਰਦਰਸ਼ਨ ਨੂੰ ਬੰਦ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹਾਲਾਂਕਿ, ਭਾਰੀ ਤਦਾਦ ਵਿਚ ਪੁਲਿਸ ਏਥੇ ਮੌਜੂਦ ਰਹਿੰਦੀ ਹੈ ਅਤੇ ਕਈ ਵਾਰ ਪ੍ਰਦਰਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਪਰ ਔਰਤਾਂ ਆਪਣੀ ਸੂਝ-ਬੂਝ ਦਿਖਾਉਦੀਆਂ ਹੋਈਆਂ ਪੂਰੀ ਤਰਾਂ ਨਾਲ ਡਟੀਆਂ ਹੋਈਆਂ ਹਨ।

ਦਰਅਸਲ, ਸ਼ਾਹੀਨ ਬਾਗ ਦੀਆਂ ਔਰਤਾਂ ਤਿੰਨ ਤਲਾਕ ਦੇ ਮਾਮਲੇ, ਬਾਬਰੀ ਮਸਜਦ ਦੇ ਕੋਰਟ ਦੇ ਫੈਸਲੇ, ਧਾਰਾ 370, ਮੌਬ ਲੀਚਿੰਗ ਅਤੇ ਲੋਕ ਮਾਰੂ ਰਾਜਨੀਤੀ ਤੋਂ ਤੰਗ ਆ ਚੁਕੀਆ ਸਨ,ਪਰ ਫਿਰ ਵੀ ਇਹ ਔਰਤਾਂ ਆਪਣੇ ਆਪਣੇ ਘਰਾਂ ਵਿਚ ਹੀ ਰਹੀਆਂ।ਪਰ ਜਦੋਂ ਉਹਨਾਂ ਨੂੰ ਲੱਗਾ ਕਿ ਇਹਨਾਂ ਨੂੰ ਆਪਣੀ ਨਾਗਰਿਕਤਾ ਤੋਂ ਵੀ ਖਤਰਾ ਹੈ ਤਾਂ ਉਨਾਂ ਨੇ ਆਪਣੇ ਘਰ ਛੱਡ ਕੇ ਤੰਬੂ ਦੇ ਥੱਲੇ ਸੜਕ ਤੇ ਆ ਕੇ ਬੈਠ ਗਈਆਂ, ਇੰਨਾਂ ਦੇ ਪ੍ਰਦਰਸ਼ਨ ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਹਨ। ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਦੇ ਘਰ ਦੇ ਕੁਝ ਹੀ ਕਿਲੋਮੀਟਰ ਦੂਰ ਪ੍ਰਦਰਸ਼ਨ ਕਰ ਰਹੀਆਂ ਇਹਨਾਂ ਔਰਤਾਂ ਦੀ ਅਵਾਜ਼ ਪ੍ਰਧਾਨ ਮੰਤਰੀ ਸਹੀ ਮਾਇਨਿਆਂ ਵਿਚ ਸੁਣ ਰਹੇ ਹੋਣਗੇ? ਜੇਕਰ ਨਹੀ ਸੁਣ ਰਹੇ ਤਾਂ ਇਹ ਬਹੁਤ ਹੀ ਸ਼ਰਮ ਵਾਲੀ ਗਲ ਹੈ। ਸਰਕਾਰ ਭਲੇ ਹੀ ਇਹਨਾਂ ਔਰਤਾਂ ਦੀ ਅਵਾਜ਼ ਨੂੰ ਅਣਸੁਣਿਆ ਕਰ ਰਹੀ ਹੈ। ਪਰ ਸੱਭ ਤੋਂ ਇਤਫਾਕ ਵਾਲੀ ਗੱਲ ਇਹ ਹੈ ਕਿ ਇਹ ਔਰਤਾਂ ਗਾਂਧੀ ਦੇ ਵਿਚਾਰਾਂ ਨਾਲ ਸਬੰਧਤ ਲੱਗ ਰਹੀਆਂ ਹਨ।

1920 ਦੇ ਗਾਂਧੀ ਦੀ ਪ੍ਰਮੁਖਤਾ ਵਾਲੇ ਅੰਦੋਲਨਾਂ ਤੋਂ ਬਾਅਦ ਔਰਤਾਂ ਦੀ ਪ੍ਰਦਰਸ਼ਨਾਂ ਪ੍ਰਤੀ ਭੂਮਿਕਾ ਹੁਣ ਖੁਲ ਕੇ ਸਾਹਮਣੇ ਆਈ ਹੈ। ਅਸਹਿਯੋਗ ਅੰਦੋਲਨ ਤੋਂ ਲੈ ਕੇ ਭਾਰਤ ਛੱਡੋ ਅੰਦੋਲਨ ਤੱਕ ਔਰਤ ਦਾ ਸਹਿਯੋਗ ਬਰਾਬਰ ਰਿਹਾ। 1930 ਵਾਲੇ ਅੰਦੋਲਨ ਵਿਚ ਤਾਂ ਔਰਤਾਂ ਨੇ ਵੱਧ-ਚੜ ਕੇ ਹਿੱਸਾ ਲਿਆ ਸੀ। ਔਰਤਾਂ ਨੂੰ ਅੱਗੇ ਕਰਨ ਦੇ ਲਈ ਗਾਂਧੀ ਜੀ ਦੀ ਹੀ ਸੋਚ ਸੀਕਿ ਔਰਤ ਆਹਿੰਸਕ ਤੇ ਸਹਿਣਸ਼ੀਲ ਹੁੰਦੀ ਹੈ, ਰਾਜ ਨੀਤੀ ਵਿਚ ਇਹਨਾਂ ਦੋਹਾਂ ਗੁਣਾਂ ਦਾ ਹੋਣਾ ਬਹੁਤ ਜਰੂਰੀ ਹੈ। ਉਹਨਾਂ ਦਾ ਕਹਿਣਾ ਸੀ ਕਿ ਅੰਦੋਲਨ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਔਰਤਾਂ ਦਾ ਅਹਿੰਸਕ ਹੋਣਾ ਜਰੂਰੀ ਹੈ ਅਤੇ ਅੰਦੋਲਨ ਨੂੰ ਲੰਬੇ ਸਮੇਂ ਤੱਕ ਚਲਾਉਣ ਦੇ ਲਈ ਸਹਿਣਸ਼ੀਲਤਾ ਦਾ ਹੋਣਾ ਜਰੂਰੀ ਹੈ। ਉੁਹਨਾਂ ਨੇ ਅੰਦੋਲਨ ਨੂੰ ਲੰਬੇ ਸਮ੍ਹੇਂ ਤੱਕ ਚਲਾਉਣ ਦੇ ਲਈ ਔਰਤਾਂ ਦੀ ਹਿੱਸੇਦਾਰੀ ਜਰੂਰੀ ਸਮਝੀ। ਸ਼ਹੀਨ ਬਾਗ ਦੀਆਂ ਔਰਤਾਂ ਦਾ ਇਹ ਅੰਦੋਲਨ ਪ੍ਰਦਰਸ਼ਨ 35ਵੇਂ ਦਿਨ ਵਿਚ ਪਹੁੰਚਣ ਤੇ ਇੰਝ ਲੱਗ ਰਿਹਾ ਹੈ ਕਿ ਇਹ ਕਿਸੇ ਬਹੁਤ ਪੁਰਾਣੀ ਵਿਚਾਰਧਾਰਾ ਨੂੰ ਉਜਵਲ ਕਰ ਰਹੀਆਂ ਹਨ।

 

Previous articleਆਪਣਾ ਪੰਜਾਬ ਹੋਵੇ, ਐੇਨ.ਡੀ.ਏ. ਦਾ ਖ਼ਾਬ ਹੋਵੇ
Next articleBahujan movement’s must build counter cultural alternatives as per vision of Baba Saheb Ambedkar – Phule – Periyar.