ਸ਼ਾਰਪਸ਼ੂਟਰ ਦਵਿੰਦਰ ਬੰਬੀਹਾ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ

ਚੰਡੀਗੜ੍ਹ- ਇਥੇ ਸੈਕਟਰ-38 ਵੈਸਟ ’ਚ ਬੀਤੀ ਰਾਤ ਬਾਊਂਸਰ ਸੁਰਜੀਤ ਸਿੰਘ ’ਤੇ ਸੱਤ ਗੋਲੀਆਂ ਚਲਾਈਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਤਿੰਨ ਗੋਲੀਆਂ ਉਸ ਨੂੰ ਲੱਗੀਆਂ ਸਨ ਜਿਸ ਕਾਰਨ ਬਾਊਂਸਰ ਦੀ ਮੌਤ ਹੋ ਗਈ ਸੀ। ਇਸ ਹੱਤਿਆ ਦੇ ਮਾਮਲੇ ’ਚ ਪੁਲੀਸ ਦੇ ਹੱਥ ਸੀਸੀਟੀਵੀ ਫੁਟੇਜ ਲੱਗੀ ਹੈ। ਪੁਲੀਸ ਇਸ ਘਟਨਾ ਨੂੰ ਤਿੰਨ ਸਾਲ ਪਹਿਲਾਂ ਪੰਚਕੂਲਾ ਦੇ ਸਕੇਤੜੀ ਮੰਦਰ ਦੇ ਬਾਹਰ ਗੈਂਗਸਟਰ ਅਮਿਤ ਸ਼ਰਮਾ ਉਰਫ਼ ਮੀਤ ਦੀ ਹੋਈ ਹੱਤਿਆ ਦੇ ਕੇਸ ਨਾਲ ਜੋੜ ਰਹੀ ਹੈ ਤੇ ਇਸ ਕੇਸ ਨੂੰ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਫੁਟੇਜ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ ਤੇ ਜਾਂਚ ਪ੍ਰਕਿਰਿਆ ਜਾਰੀ ਹੈ। ਇਸੇ ਦੌਰਾਨ ਸ਼ਾਰਪਸ਼ੂਟਰ ਦਵਿੰਦਰ ਬੰਬੀਹਾ ਨੇ ਆਪਣੀ ਫੇਸਬੁੱਕ ਆਈਡੀ ’ਤੇ ਪੋਸਟ ਪਾ ਕੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।
ਇਹ ਘਟਨਾ ਸੈਕਟਰ-38 ਵੈਸਟ ’ਚ ਰਹਿਣ ਵਾਲੇ ਬਾਊਂਸਰ ਸੁਰਜੀਤ ਸਿੰਘ ਦੇ ਘਰ ਤੋਂ ਇਕ ਕਿੱਲੋਮੀਟਰ ਦੀ ਦੂਰੀ ’ਤੇ ਸਥਿਤ ਛੋਟੇ ਚੌਕ ਦੇ ਨਜ਼ਦੀਕ ਵਾਪਰੀ ਸੀ। ਘਟਨਾ ਦੇ ਵੇਰਵਿਆਂ ਅਨੁਸਾਰ ਮੋਟਰਸਾਇਕਲ ’ਤੇ ਸਵਾਰ ਦੋ ਨੌਜਵਾਨਾਂ ਵੱਲੋਂ ਸੱਤ ਗੋਲੀਆਂ ਮਾਰ ਕੇ ਬਾਊਂਸਰ ਸੁਰਜੀਤ ਸਿੰਘ ਦੀ ਹੱਤਿਆ ਕੀਤੀ ਗਈ। ਚੰਡੀਗੜ੍ਹ ਪੁਲੀਸ ਨੇ ਬਾਊਂਸਰ ਸੁਰਜੀਤ ਸਿੰਘ ਦੀ ਪਤਨੀ ਮਿਨਾਕਸ਼ੀ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 302, 34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਕਪਤਾਨ ਸ਼ਹਿਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਸੁਰਜੀਤ ਸੈਕਟਰ-22 ’ਚ ਫਾਇਨਾਂਸ ਦਾ ਕੰਮ ਕਰਦਾ ਸੀ। ਉਹ ਰਾਤ ਸਮੇਂ ਕਾਰ ’ਚ ਸਵਾਰ ਹੋ ਕੇ ਆਪਣੇ ਘਰ ਸੈਕਟਰ-38 ਵੈਸਟ ਜਾ ਰਿਹਾ ਸੀ। ਜਦੋਂ ਉਹ ਘਰ ਤੋਂ ਕੁਝ ਦੂਰੀ ’ਤੇ ਸਥਿਤ ਛੋਟੇ ਚੌਕ ’ਚ ਪਹੁੰਚਿਆ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਨੇ ਸੁਰਜੀਤ ’ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਵਾਲੀ ਥਾਂ ਤੋਂ ਪੁਲੀਸ ਨੇ ਪੰਜ ਖੋਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੁਰਜੀਤ ਦੀ ਹੱਤਿਆ ਕੋਈ ਲੁੱਟ ਦੀ ਮਨਸ਼ਾ ਨਾਲ ਨਹੀਂ ਕੀਤੀ ਗਈ ਕਿਉਂਕਿ ਕਾਰ ਵਿੱਚੋਂ ਉਸ ਦੇ ਦੋ ਮੋਬਾਈਲ ਫੋਨ ਅਤੇ ਹੋਰ ਸਾਮਾਨ ਪਿਆ ਸੀ ਜਿਸ ਨੂੰ ਹਮਲਾਵਰਾਂ ਨੇ ਛੇੜਿਆ ਤੱਕ ਵੀ ਨਹੀਂ। ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਸਬੰਧੀ ਚੰਡੀਗੜ੍ਹ ਪੁਲੀਸ ਸ਼ਹਿਰ ’ਚ ਵੱਖ ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ।

Previous articleਸਿਹਤ ਅਮਲੇ ਦੀ ਨਿਗਰਾਨੀ ਹੇਠ ਨੇ 54 ਹਜ਼ਾਰ ਲੋਕ: ਵਰਧਨ
Next articleਕਰੋਨਾ ਦਾ ਸ਼ੱਕ ਪੈਣ ’ਤੇ ਹਵਾਲਾਤੀ ਨੂੰ ਚੁੱਕ ਕੇ ਹਸਪਤਾਲ ਲਿਆਈ ਪੁਲੀਸ