ਸ਼ਬਰੀਮਾਲਾ: ਤਿ੍ਪਤੀ ਦੇਸਾਈ ਦੀ ਟੀਮ ਨੂੰ ਪੁਲੀਸ ਨੇ ਨਹੀਂ ਦਿੱਤੀ ਸੁਰੱਖਿਆ

ਤ੍ਰਿਪਤੀ ਦੇਸਾਈ ਦੀ ਅਗਵਾਈ ਹੇਠਲੀ ਲਿੰਗ ਅਧਿਕਾਰ ਕਾਰਕੁਨਾਂ ਦੀ ਇੱਕ ਟੀਮ, ਜੋ ਸ਼ਬਰੀਮਾਲਾ ਵਿੱਚ ਭਗਵਾਨ ਅਯੱਪਾ ਮੰਦਰ ਵਿਚ ਪ੍ਰਾਰਥਨਾ ਕਰਨ ਜਾ ਰਹੀ ਸੀ ਨੂੰ ਸ਼ਰਧਾਲੂਆਂ, ਸੱਜੇ ਪੱਖੀ ਸੰਗਠਨ ਦੇ ਮੈਂਬਰਾਂ ਅਤੇ ਭਾਜਪਾ ਵੱਲੋਂ ਉਨ੍ਹਾਂ ਦੇ ਮੰਦਰ ਵਿਚ ਦਾਖਲ ਹੋਣ ਦੇ ਵਿਰੋਧ ਵਿਚ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਪੁਲੀਸ ਸੁਰੱਖਿਆ ਨਹੀਂ ਦਿੱਤੀ ਗਈ।
ਕੇਰਲ ਸਰਕਾਰ ਨੇ ਦੇਸਾਈ ਦੀ ਸ਼ਬਰੀਮਾਲਾ ਜਾਣ ਦੀ ਕੋਸ਼ਿਸ਼ ਨੂੰ ‘ਸਾਜਿਸ਼’ ਕਰਾਰ ਦਿੱਤਾ ਹੈ। ਜਿਵੇਂ ਹੀ ਕਾਰਕੁਨਾਂ ਦੀ ਟੀਮ ਹਵਾਈ ਅੱਡੇ ’ਤੇ ਪੁੱਜੀ, ਉਹ ਪਹਿਲਾਂ ਪਹਾੜੀ ਅਸਥਾਨ ’ਤੇ ਸਥਿਤ ਮੰਦਿਰ ’ਤੇ ਜਾਣ ਲਈ ਸੁਰੱਖਿਆ ਦੀ ਮੰਗ ਨੂੰ ਲੈ ਕੇ ਪੁਲੀਸ ਕਮਿਸ਼ਨਰ ਨੂੰ ਮਿਲੇ। ਪੁਲੀਸ ਨੇ ਸੁਪਰੀਮ ਕੋਰਟ ਦੇ 2018 ਦੇ ਫੈਸਲੇ ਦੀ ਨਜ਼ਰਸਾਨੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਸੂਤਰਾਂ ਅਨੁਸਾਰ ਕੇਰਲ ਦੀ ਕਾਰਕੁਨ ਬਿੰਦੂ ਅਮੀਨੀ ਜੋ ਹਵਾਈ ਅੱਡੇ ’ਤੇ ਦੇਸਾਈ ਦੀ ਟੀਮ ਵਿੱਚ ਸ਼ਾਮਲ ਹੋ ਗਈ ਸੀ ’ਤੇ ਸੱਜੇ ਪੱਖੀ ਧੜੇ ਦੇ ਮੈਂਬਰਾਂ ਨੇ ਪੈਪਰ ਸਪਰੇਅ ਨਾਲ ਉਦੋਂ ਹਮਲਾ ਕੀਤਾ, ਜਦੋਂ ਉਹ ਕਮਿਸ਼ਨਰ ਦਫ਼ਤਰ ਦੇ ਬਾਹਰ ਕਾਰ ਵਿਚੋਂ ਕੁਝ ਕਾਗਜ਼ ਕੱਢ ਰਹੀ ਸੀ। ਉਸ ’ਤੇ ਹਮਲੇ ਦੀਆਂ ਤਸਵੀਰਾਂ ਟੀਵੀ ਚੈਨਲਾਂ ’ਤੇ ਵੀ ਪ੍ਰਸਾਰਿਤ ਕੀਤੀਆਂ ਗਈਆਂ।
ਪੁਲੀਸ ਨੇ ਉਸ ’ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੀ ਸ਼ਨਾਖਤ ਸ੍ਰੀਨਾਥ ਪਦਮਨਾਭਨ ਵਜੋਂ ਹੋਈ ਹੈ। ਅਮੀਨੀ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਸੀਪੀਆਈ (ਐੱਮ) ਦੀ ਅਗਵਾਈ ਹੇਠਲੇ ਐੱਲਡੀਐੱਫ ਸਰਕਾਰ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਪਰ ਨਾਲ ਹੀ ਸਪੱਸ਼ਟ ਕੀਤਾ ਕਿ 10 ਤੋਂ 50 ਸਾਲ ਤੱਕ ਉਮਰ ਦੀ ਕਿਸੇ ਵੀ ਮਹਿਲਾ ਭਗਵਾਨ ਅਯੱਪਾ ਦੇ ਮੰਦਰ ’ਚ ਜਾਣ ਲਈ ਪੁਲੀਸ ਸੁਰੱਖਿਆ ਨਹੀਂ ਦਿੱਤੀ ਜਾਵੇਗੀ।

Previous articleਸ਼੍ਰੋਮਣੀ ਕਮੇਟੀ ਇਜਲਾਸ: ਅਕਾਲੀ ਦਲ ਨੇ ਅਹੁਦੇਦਾਰ ਚੁਣਨ ਦੇ ਅਧਿਕਾਰ ਸੁਖਬੀਰ ਨੂੰ ਸੌਂਪੇ
Next articleਤਿੰਨ ਭਾਰਤੀ ਤੀਰਅੰਦਾਜ਼ਾਂ ਨੇ ਫੁੰਡੀ ਕਾਂਸੀ