ਵ੍ਹਾਈਟ ਪੇਪਰ ਲਿਆਵਾਂਗੇ: ਕੈਪਟਨ

ਵਿਸ਼ੇਸ਼ ਇਜਲਾਸ ’ਚ ਅਕਾਲੀਆਂ ਦੇ ਇਰਾਦਿਆਂ ਦਾ ਪਰਦਾਫਾਸ਼ ਕਰਨ ਦਾ ਐਲਾਨ ਕੀਤਾ

* ਅਕਾਲੀਆਂ ’ਤੇ ਸੌੜੇ ਸਿਆਸੀ ਮੁਫਾਦਾਂ ਲਈ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਲਾਇਆ ਦੋਸ਼

* ਰਾਜਪਾਲ ਦੇ ਭਾਸ਼ਨ ਦੌਰਾਨ ਅਕਾਲੀਆਂ ਅਤੇ ‘ਆਪ’ ਦੇ ਵਾਕਆਊਟ ਦੀ ਕੀਤੀ ਆਲੋਚਨਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਵਿਵਾਦਗ੍ਰਸਤ ਬਿਜਲੀ ਖ਼ਰੀਦ ਸਮਝੌਤਿਆਂ ਦੇ ਸਬੰਧ ਵਿੱਚ ਅਕਾਲੀਆਂ ਵੱਲੋਂ ਕੀਤੇ ਫ਼ਰੇਬ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਵ੍ਹਾਈਟ ਪੇਪਰ ਲਿਆਵੇਗੀ। ਅੱਜ ਇੱਥੇ ਵਿਧਾਨ ਸਭਾ ਦੇ ਦੋ-ਰੋਜ਼ਾ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵ੍ਹਾਈਟ ਪੇਪਰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਵਰ ਪਲਾਂਟ ਸਥਾਪਤ ਕਰਨ ਸਬੰਧੀ ਕੀਤੇ ਸਮਝੌਤਿਆਂ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਖ਼ੁਲਾਸਾ ਕਰੇਗਾ। ਉਨ੍ਹਾਂ ਕਿਹਾ ਕਿ ਬੇਈਮਾਨ ਕਿਰਦਾਰ ਵਾਲੇ ਅਕਾਲੀਆਂ ਨੇ ਪਹਿਲਾਂ ਤਾਂ ਬਿਜਲੀ ਸਮਝੌਤਿਆਂ ਸਮੇਤ ਵੱਖ-ਵੱਖ ਮਾਰੂ ਕਦਮਾਂ ਰਾਹੀਂ ਸੂਬੇ ਦੇ ਅਰਥਚਾਰੇ ਦਾ ਭੱਠਾ ਬਿਠਾ ਦਿੱਤਾ ਅਤੇ ਹੁਣ ਇਹੋ ਅਕਾਲੀ ਆਪਣੇ ਸੌੜੇ ਸਿਆਸੀ ਮੁਫਾਦਾਂ ਲਈ ਉਨ੍ਹਾਂ ਦੀ ਸਰਕਾਰ ਵਿਰੁੱਧ ਇਸ ਮੁੱਦੇ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮਝੌਤਿਆਂ ਬਾਰੇ ਸੂਬਾ ਸਰਕਾਰ ਸੁਪਰੀਮ ਕੋਰਟ ਵਿੱਚ ਕੇਸ ਲੜ ਰਹੀ ਹੈ। ਕੈਪਟਨ ਨੇ ਕਿਹਾ ਕਿ ਜਦੋਂ ਉਹ ਵਿਰੋਧੀ ਧਿਰ ਵਿੱਚ ਸਨ ਤਾਂ ਉਹ ਖੁਦ ਇੰਡੀਆ ਬੁਲਜ਼ ਪਲਾਂਟ ਖਿਲਾਫ਼ ਧਰਨੇ ’ਤੇ ਬੈਠੇ ਸਨ। ਇਹ ਵਿਵਾਦਗ੍ਰਸਤ ਪ੍ਰਾਜੈਕਟ ਗਿੱਦੜਬਾਹਾ ਵਿੱਚ ਲਗਾਇਆ ਜਾਣਾ ਸੀ ਜਿਹੜਾ ਰੱਦ ਕਰਨਾ ਪੈ ਗਿਆ ਅਤੇ ਇਸ ਲਈ ਕਿਸਾਨਾਂ ਪਾਸੋਂ ਜ਼ਮੀਨ ਜਬਰੀ ਖਾਲੀ ਕਰਵਾਈ ਗਈ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਉਹ ਯਕੀਨੀ ਬਣਾਉਣਗੇ ਕਿ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ। ਰਾਜਪਾਲ ਦੇ ਭਾਸ਼ਨ ਮੌਕੇ ਵਿਰੋਧੀ ਧਿਰ ਵੱਲੋਂ ਕੀਤੇ ਵਾਕਆਊਟ ਨੂੰ ਬਹੁਤ ਹੀ ਮੰਦਭਾਗਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਦਨ ਵਿੱਚ ਅਜਿਹਾ ਰਵੱਈਆ ਅਪਣਾਉਣਾ ਆਮ ਵਰਤਾਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਵਾਕਆਊਟ ਦੀ ਉਮੀਦ ਸੀ ਪਰ ਰਾਜਪਾਲ ਦੇ ਭਾਸ਼ਨ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮਹੱਤਵਪੂਰਨ ਧਾਰਮਿਕ ਵਿਸ਼ੇ ’ਤੇ ਬੋਲਣ ਮੌਕੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਘਨ ਪਾਉਣਾ ਨਿੰਦਾਜਨਕ ਹੈ।

Previous articleUS troops were hurt in Iran missile attack
Next articleਬਠਿੰਡਾ ਦੇ ਨਕਸ਼ੇ ਤੋਂ ਥਰਮਲ ਪਲਾਂਟ ਹੋਵੇਗਾ ਗਾਇਬ