ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਤਹਿਤ 10 ਵੋਟਰ ਸਹੂਲਤ ਕੇਂਦਰ ਸਥਾਪਿਤ

ਜਲੰਧਰ, (ਸਮਾਜ ਵੀਕਲੀ ਬਿਊਰੋ) – ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟਰ ਵੈਰੀਫਿਕੇਸਨ ਪ੍ਰੋਗਰਾਮ ਤਹਿਤ ਵੋਟਰਾਂ ਨੂੰ ਵੋਟਰ ਸੂਚੀ ਵਿਚਲੇ ਅਪਣੇ ਇੰਦਰਾਜ ਜਾਂਚਣ ਵਿਚ ਸਹਾਇਤਾ ਪ੍ਰਦਾਨ ਕਰਨ ਦੇ ਮੰਤਵ ਨਾਲ 10 ਵੋਟਰ ਸਹੂਲਤ ਕੇਂਦਰ ਸਥਾਪਿਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ 1 ਵੋਟਰ ਸਹੂਲਤ ਕੇਂਦਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਜਦਕਿ ਬਾਕੀ 9 ਵੋਟਰ ਸਹੂਲਤ ਕੇਂਦਰ ਹਰੇਕ ਵਿਧਾਨ ਸਭਾ ਹਲਕੇ ਦੇ ਅਨੁਸਾਰ ਸਬੰਧਿਤ ਚੋਣ ਰਜਿਸਟਰੇਸ਼ਨ ਅਧਿਕਾਰੀਆਂ ਦੇ ਦਫ਼ਤਰ ਵਿਖੇ ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਵੋਟਰ ਇਨਾਂ ਕੇਂਦਰਾਂ ਵਿੱਚ ਪਹੁੰਚ ਕਰਕੇ ਆਪਣੇ ਨਾਲ ਸਬੰਧਿਤ ਜਾਣਕਾਰੀ ਨੂੰ ਜਾਂਚ ਸਕਦੇ ਹਨ ਅਤੇ ਭਾਰਤੀ ਪਾਸਪੋਰਟ ,ਡਰਾਇਵਿੰਗ ਲਾਇਸੰਸ, ਅਧਾਰ ਕਾਰਡ,ਰਾਸ਼ਨ ਕਾਰਡ ਜਾਂ ਭਾਰਤੀ ਚੋਣ ਕਮਿਸ਼ਨ ਵਲੋਂ ਮਨਜ਼ੂਰਸ਼ੁਦਾ ਕੋਈ ਹੋਰ ਦਸਤਾਵੇਜ਼ ਦੀ ਕਾਪੀ ਦੇ ਕੇ ਲੋੜੀਂਦੀ ਸੋਧ ਵੀ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵੋਟਰ ਭਾਰਤੀ ਚੋਣ ਕਮਿਸ਼ਨ ਦੀ ਵੋਟਰ ਹੈਲਪਲਾਈਨ ਮੋਬਾਇਲ ਐਪ www.NVSP.in ਜਾਂ ਟੋਲ ਫਰੀ ਨੰਬਰ 1950 ਅਤੇ ਕਾਮਨ ਸਰਵਿਸ ਸੈਂਟਰਾਂ ’ਤੇ ਵੀ ਸੰਪਰਕ ਕਰ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਨੇ ਅੱਗੇ ਦੱਸਿਆ ਕਿ ਇਹ ਸਮੁੱਚੀ ਪ੍ਰਕਿਰਿਆ ਤਰੁੱਟੀਆਂ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਲਈ ਅਪਣਾਈ ਜਾ ਰਹੀ ਹੈ ਤਾਂ ਜੋ 2020 ਦੀ ਵੋਟਰ ਸੂਚੀ ਵਿੱਚ ਸਾਰੇ ਯੋਗ ਵੋਟਰਾਂ ਦੀਆਂ ਸਹੀ ਜਾਣਕਾਰੀਆਂ ਨੂੰ ਸ਼ਾਮਿਲ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਬੂਥ ਲੈਵਲ ਅਫ਼ਸਰਾਂ ਵਲੋਂ ਘਰ-ਘਰ ਜਾ ਕੇ ਵੀ ਵੋਟਰਾਂ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਤਸਦੀਕ ਕੀਤਾ ਜਾਵੇਗਾ ਅਤੇ 30 ਸਤੰਬਰ ਤੱਕ ਵੋਟਰ ਸੂਚੀਆਂ ਵਿੱਚ ਦਰਜ ਹੋਣ ਤੋਂ ਰਹਿ ਗਏ ਵੋਟਰਾਂ ਨੂੰ ਦਰਜ ਕਰਨ ਤੋਂ ਇਲਾਵਾ ਮਰ ਚੁੱਕੇ ਅਤੇ ਤਬਦੀਲ ਹੋ ਚੁੱਕੇ ਵੋਟਰਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾਵੇਗੀ।

Previous articleਪਾਵਰ ਕਾਮ ਵਲੋਂ ‘‘ਕੰਪਲੇਂਟ ਹੈਂਡਲਿਗ ਬਾਈਕਸ’’ ਅਤੇ ‘‘ ਕੰਪਲੇਂਟ ਹੈਂਡਲਿਗ ਵੈਗਨ’’ ਯੋਜਨਾ ਦੀ ਸ਼ੁਰੂਆਤ
Next article25 killed in California boat fire