ਵਿੰਬਲਡਨ: ਨੋਵਾਕ ਜੋਕੋਵਿਚ ਨੌਵੀਂ ਵਾਰ ਸੈਮੀ ਫਾਈਨਲ ’ਚ

ਚੋਟੀ ਦਾ ਦਰਜਾ ਪ੍ਰਾਪਤ ਅਤੇ ਚਾਰ ਵਾਰ ਦਾ ਚੈਂਪੀਅਨ ਨੋਵਾਕ ਜੋਕੋਵਿਚ ਅੱਜ ਇੱਥੇ ਆਲ ਇੰਗਲੈਂਡ ਕਲੱਬ ਵਿੱਚ ਆਪਣੀ 70ਵੀਂ ਜਿੱਤ ਦਰਜ ਕਰਕੇ ਨੌਵੀਂ ਵਾਰ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਪਹੁੰਚ ਗਿਆ। ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਨੇ ਪਹਿਲੇ ਸੈੱਟ ਵਿੱਚ ਇੱਕ ਵਾਰ ਸਰਵਿਸ ਗੁਆਉਣ ਮਗਰੋਂ ਚੰਗੀ ਵਾਪਸੀ ਕੀਤੀ ਅਤੇ ਬੈਲਜੀਅਮ ਦੇ 21ਵਾਂ ਦਰਜਾ ਪ੍ਰਾਪਤ ਡੇਵਿਡ ਗੌਫਿਨ ਨੂੰ 6-4, 6-0, 6-2 ਨਾਲ ਹਰਾਇਆ। ਜੋਕੋਵਿਚ ਨੂੰ ਫਾਈਨਲ ਵਿੱਚ ਥਾਂ ਬਣਾਉਣ ਲਈ ਸਪੇਨ ਦੇ ਰੌਬਰਟੋ ਬਾਤਿਸਤਾ ਆਗੁਤ ਨਾਲ ਭਿੜਨਾ ਹੋਵੇਗਾ। ਇਸ 23ਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਅਰਜਨਟੀਨਾ ਦੇ 26ਵਾਂ ਦਰਜਾ ਪ੍ਰਾਪਤ ਗੁਇਡੋ ਪੇਲਾ ਨੂੰ 7-5, 6-4, 3-6, 6-3 ਨਾਲ ਮਾਤ ਦਿੱਤੀ। ਜੋਕੋਵਿਚ ਨੂੰ ਸ਼ੁਰੂ ਵਿੱਚ ਥੋੜ੍ਹਾ ਜੂਝਣਾ ਪਿਆ, ਪਰ ਇੱਕ ਵਾਰ ਲੈਅ ਹਾਸਲ ਕਰਨ ਮਗਰੋਂ ਉਸ ਨੇ ਆਪਣੇ ਵਿਰੋਧੀ ’ਤੇ ਕੋਈ ਰਹਿਮ ਨਹੀਂ ਵਿਖਾਇਆ। ਉਸ ਨੇ ਆਖ਼ਰੀ 17 ਵਿਚੋਂ 14 ਗੇਮ ਜਿੱਤੇ ਅਤੇ 36ਵੀਂ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਈ। ਉਸ ਨੇ ਬਾਅਦ ਵਿੱਚ ਕਿਹਾ, ‘‘ਉਸ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਬੇਸਲਾਈਨ ਤੋਂ ਖੇਡ ’ਤੇ ਭਾਰੂ ਪੈ ਗਿਆ। ਜੇਕਰ ਮੈਂ ਪਹਿਲਾ ਸੈੱਟ ਗੁਆ ਦਿੱਤਾ ਹੁੰਦਾ ਤਾਂ ਨਤੀਜਾ ਵੱਖਰਾ ਹੋ ਸਕਦਾ ਸੀ, ਪਰ ਮੈਂ ਦੂਜੇ ਅਤੇ ਤੀਜੇ ਸੈੱਟ ਵਿੱਚ ਆਪਣੇ ਪ੍ਰਦਰਸ਼ਨ ਤੋਂ ਬਹੁਤ ਖ਼ੁਸ਼ ਹਾਂ।’’ ਗੌਫਿਨ ਚੰਗੀ ਸ਼ੁਰੂਆਤ ਕੀਤੀ ਅਤੇ ਜੋਕੋਵਿਚ ਦੀ ਸਰਵਿਸ ਤੋੜ ਕੇ 4-3 ਨਾਲ ਲੀਡ ਹਾਸਲ ਕੀਤੀ, ਪਰ 16 ਵਾਰ ਦੇ ਗਰੈਂਡ ਸਲੈਮ ਜੇਤੂ ਨੇ ਇਸ ਮਗਰੋਂ ਲਗਾਤਾਰ ਨੌਂ ਗੇਮ ਜਿੱਤੇ।

Previous articleਡੀਸੀ ਦਫ਼ਤਰ ਅੱਗੇ ਆਂਗਣਵਾੜੀ ਵਰਕਰਾਂ ਦੇ ਨਾਅਰੇ ਗੂੰਜੇ
Next articleਅਮਰਨਾਥ ਯਾਤਰਾ ਕਰਕੇ ਦੋ ਬੱਸਾਂ ਦਾ ਜਥਾ ਰਾਜ਼ੀ ਖੁਸ਼ੀ ਨੂਰਮਹਿਲ ਵਾਪਿਸ ਪਰਤਿਆ