ਵਿੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਵਿੱਚ ਭਾਰਤ ਸਾਹਮਣੇ ਨਵੀਂ ਉਲਝਣ

ਵੈਸਟ ਇੰਡੀਜ਼ ਖ਼ਿਲਾਫ਼ ਵੀਰਵਾਰ ਨੂੰ ਹੋਣ ਵਾਲੇ ਪਹਿਲੇ ਟੈਸਟ ਵਿੱਚ ਭਾਰਤੀ ਕ੍ਰਿਕਟ ਟੀਮ ਪ੍ਰਬੰਧਕ ਨਵੀਂ ਉਲਝਣ ਵਿੱਚ ਫਸ ਗਏ ਹਨ ਕਿਉਂਕਿ ਜੇਕਰ ਟੀਮ ਪੰਜ ਗੇਂਦਬਾਜ਼ਾਂ ਨਾਲ ਉਤਰਦੀ ਹੈ ਤਾਂ ਰੋਹਿਤ ਸ਼ਰਮਾ ਅਤੇ ਅਜਿੰਕਿਆ ਰਹਾਣੇ ਵਿੱਚੋਂ ਕਿਸਨੂੰ ਚੁਣਨਾ ਹੈ, ਬਾਰੇ ਹਾਲੇ ਤੈਅ ਨਹੀਂ ਹੋਇਆ। ਚਾਰ ਗੇਂਦਬਾਜ਼ ਉਤਾਰਨ ’ਤੇ ਰੋਹਿਤ ਤੇ ਰਹਾਣੇ ਦੋਵਾਂ ਨੂੰ ਟੀਮ ਵਿੱਚ ਥਾਂ ਮਿਲ ਸਕਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਬਾਹਰ ਬੈਠਣਾ ਹੋਵੇਗਾ। ਮੌਜੂਦਾ ਲੈਅ ਨੂੰ ਦੇਖਦਿਆਂ ਰਹਾਣੇ ਦੀ ਚੋਣ ਮੁਸ਼ਕਲ ਲੱਗ ਰਹੀ ਹੈ। ਭਾਰਤ ਸਾਢੇ ਸੱਤ ਮਹੀਨਿਆਂ ਮਗਰੋਂ ਟੈਸਟ ਮੈਚ ਖੇਡਣ ਲਈ ਉਤਰੇਗਾ। ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਪਹਿਲੇ ਟੈਸਟ ਮੈਚ ਲਈ ਟੀਮ ਵਿੱਚ ਵਾਧੂ ਛੇਵੇਂ ਬੱਲੇਬਾਜ਼ ਜਾਂ ਪੰਜਵੇਂ ਗੇਂਦਬਾਜ਼ ਵਿਚੋਂ ਕਿਸ ਨੂੰ ਉਤਾਰਦੇ ਹਨ। ਭਾਰਤੀ ਟੀਮ ਪ੍ਰਬੰਧਕ ਜੇਕਰ ਰਵਾਇਤੀ ਰਣਨੀਤੀ ’ਤੇ ਚੱਲਦੇ ਹਨ ਤਾਂ ਕੇਐੱਲ ਰਾਹੁਲ ਅਤੇ ਮਯੰਕ ਅਗਰਵਾਲ ਨੂੰ ਪਾਰੀ ਦਾ ਆਗਾਜ਼ ਕਰਨਾ ਚਾਹੀਦਾ ਹੈ। ਹਾਲਾਂਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ ਰਾਹੁਲ ਆਸਟਰੇਲੀਆ ਖ਼ਿਲਾਫ਼ ਅੰਤਿਮ ਦੋ ਟੈਸਟ ਮੈਚਾਂ ਲਈ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ ਅਤੇ ਹਨੁਮਾ ਵਿਹਾਰੀ ਨੇ ਪਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਪਾਰੀ ਵਿੱਚ ਅਗਰਵਾਲ ਅਤੇ ਚੇਤੇਸ਼ਵਰ ਪੁਜਾਰਾ ਨੂੰ ਫ਼ਾਇਦਾ ਮਿਲਿਆ। ਪੁਜਾਰਾ ਅਤੇ ਕੋਹਲੀ ਤੀਜੇ ਅਤੇ ਚੌਥੇ ਨੰਬਰ ’ਤੇ ਉਤਰ ਸਕਦੇ ਹਨ, ਪਰ ਸਮੱਸਿਆ ਮਗਰਲੇ ਕ੍ਰਮ ਦੀ ਹੈ। ਵਿਕਟਕੀਪਰ ਰਿਸ਼ਭ ਪੰਤ ਛੇਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰ ਸਕਦਾ ਹੈ ਅਤੇ ਹਾਰਦਿਕ ਪਾਂਡਿਆ ਦੀ ਗ਼ੈਰ-ਮੌਜੂਦਗੀ ਵਿੱਚ ਰਵਿੰਦਰ ਜਡੇਜਾ ਸੱਤਵੇਂ ਨੰਬਰ ਦਾ ਬੱਲੇਬਾਜ਼ ਹੋ ਸਕਦਾ ਹੈ। ਇਸ ਤਰ੍ਹਾਂ ਕੋਹਲੀ ਨੂੰ ਰੋਹਿਤ ਅਤੇ ਰਹਾਣੇ ਵਿੱਚੋਂ ਕਿਸੇ ਇੱਕ ਨੂੰ ਹੀ ਚੁਣਨਾ ਹੋਵੇਗਾ। ਰੋਹਿਤ ਨੇ ਆਪਣੀ ਅੰਤਿਮ ਟੈਸਟ ਪਾਰੀ ਵਿੱਚ ਨਾਬਾਦ ਨੀਮ ਸੈਂਕੜਾ ਜੜਿਆ ਸੀ ਅਤੇ ਅਭਿਆਸ ਮੈਚ ਦੀ ਪਹਿਲੀ ਪਾਰੀ ਵਿੱਚ ਵੀ ਉਸ ਨੇ ਚੰਗੀ ਬੱਲੇਬਾਜ਼ੀ ਕੀਤੀ। ਰਹਾਨੇ ਨੇ ਦੂਜੀ ਪਾਰੀ ਵਿੱਚ ਦੌੜਾਂ ਬਣਾਈਆਂ, ਪਰ ਉਹ ਚੰਗੀ ਲੈਅ ਵਿੱਚ ਨਹੀਂ ਹੈ। ਟੀਮ ਵਿੱਚ ਚਾਰ ਗੇਂਦਬਾਜ਼ ਹੋਣ ਕਾਰਨ ਹੀ ਇਨ੍ਹਾਂ ਦੋਵਾਂ ਨੂੰ ਲਿਆ ਜਾ ਸਕਦਾ ਹੈ। ਅਜਿਹੇ ਵਿੱਚ ਤਿੰਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਅਤੇ ਰਵੀਚੰਦਰਨ ਅਸ਼ਵਿਨ ਜਾਂ ਕੁਲਦੀਪ ਯਾਦਵ ਵਜੋਂ ਇਕਲੌਤੇ ਸਪਿੰਨਰ ਨੂੰ ਟੀਮ ਵਿੱਚ ਰੱਖਿਆ ਜਾਵੇਗਾ। ਵਾਧੂ ਬੱਲੇਬਾਜ਼ ਉਤਾਰਨ ਦਾ ਮਤਲਬ ਜਡੇਜਾ ਨੂੰ ਮੌਕਾ ਨਹੀਂ ਮਿਲ ਸਕੇਗਾ। ਕਪਤਾਨ ਕੋਹਲੀ ਹਮੇਸ਼ਾ ਪੰਜ ਗੇਂਦਬਾਜ਼ਾਂ ਨੂੰ ਉਤਾਰਨ ਦੇ ਪੱਖ ਵਿੱਚ ਰਿਹਾ ਹੈ ਕਿਉਂਕਿ ਟੈਸਟ ਮੈਚ ਜਿੱਤਣ ਲਈ 20 ਵਿਕਟਾਂ ਲੈਣੀਆਂ ਜ਼ਰੂਰੀ ਹੁੰਦੀਆਂ ਹਨ। ਜੇਕਰ ਪਿੱਚ ਤੇਜ਼ ਗੇਂਦਬਾਜ਼ਾਂ ਦੇ ਅਨੁਕੂਲ ਹੋਵੇ ਤਾਂ ਉਮੇਸ਼ ਯਾਦਵ ਨੂੰ ਮੌਕਾ ਮਿਲ ਸਕਦਾ ਹੈ।

Previous articleਓਲੰਪਿਕ ਟੈਸਟ: ਮਨਦੀਪ ਦੀ ਹੈਟ੍ਰਿਕ ਨਾਲ ਭਾਰਤ ਫਾਈਨਲ ’ਚ
Next articleਸਮਿੱਥ ਸੱਟ ਕਾਰਨ ਤੀਜੇ ਐਸ਼ੇਜ਼ ਟੈਸਟ ’ਚੋਂ ਬਾਹਰ