ਵਿੰਗ ਕਮਾਂਡਰ ਜੀਐੱਸ ਚੀਮਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ (ਪਾਇਲਟ) ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਆਲੋਵਾਲ ਦੇ ਸ਼ਮਸ਼ਾਨਘਾਟ ਵਿਚ ਅੱਜ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਗੁਰਪ੍ਰੀਤ ਸਿੰਘ ਚੀਮਾ ਨੂੰ ਏਅਰ ਫੋਰਸ ਦੀ 18 ਯੂਨਿਟ ਪਠਾਨਕੋਟ, ਭਾਰਤੀ ਫ਼ੌਜ ਦੀ 2 ਜੈੱਕ ਰਾਈਫਲ ਤਿੱਬੜੀ ਕੈਂਟ ਅਤੇ ਪੰਜਾਬ ਪੁਲੀਸ ਜ਼ਿਲ੍ਹਾ ਗੁਰਦਾਸਪੁਰ ਦੇ ਜਵਾਨਾਂ ਦੀਆਂ ਟੁਕੜੀਆਂ ਨੇ ਹਥਿਆਰਾਂ ਨਾਲ ਸਲਾਮੀ ਦੇ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਦੇ ਸੱਤਵੀਂ ਜਮਾਤ ਵਿਚ ਪੜ੍ਹਦੇ ਬੇਟੇ ਭਵਗੁਰਨੀਤ ਸਿੰਘ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿਖਾਈ।
ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਤੇ ਹਵਾਈ ਸੈਨਾ ਦੇ ਅਧਿਕਾਰੀ ਮੌਜੂਦ ਸਨ। ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਦੀ ਬੇਟੀ ਕੁੰਜਦੀਪ ਕੌਰ ਦੀ ਏਅਰ ਫੋਰਸ ਅਤੇ ਇੰਡੀਅਨ ਨੇਵੀ ਵਿਚ ਚੋਣ ਹੋ ਗਈ ਸੀ ਤੇ ਅੱਜ ਨਵੀਂ ਦਿੱਲੀ ਵਿਚ ਉਸ ਦਾ ਮੈਡੀਕਲ ਹੋਣਾ ਸੀ। ਇਸ ਲਈ ਉਹ ਬੀਤੇ ਦਿਨ ਆਪਣੇ ਪਿਤਾ ਨੂੰ ਅੰਤਿਮ ਵਿਦਾਇਗੀ ਦੇ ਕੇ ਏਅਰ ਫੋਰਸ ਵਿਚ ਫਲਾਇੰਗ ਲੈਫਟੀਨੈਂਟ ਭਰਤੀ ਹੋਣ ਦੀ ਆਖ਼ਰੀ ਪ੍ਰਕਿਰਿਆ ਮੈਡੀਕਲ ਕਰਵਾਉਣ ਲਈ ਨਵੀਂ ਦਿੱਲੀ ਰਵਾਨਾ ਹੋ ਗਈ ਅਤੇ ਅੱਜ ਸ੍ਰੀ ਚੀਮਾ ਦੇ ਸਸਕਾਰ ਮੌਕੇ ਨਾ ਪੁੱਜ ਸਕੀ। ਸ੍ਰੀ ਚੀਮਾ ਦੇ ਪੀਪੀਐੱਸ ਨਾਭਾ ਵਿਚ ਸੱਤਵੀਂ ਜਮਾਤ ’ਚ ਪੜ੍ਹਦੇ ਬੇਟੇ ਭਵਗੁਰਨੀਤ ਸਿੰਘ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਵੀ ਪੜ੍ਹਾਈ ਕਰ ਕੇ ਆਪਣੇ ਪਿਤਾ ਵਾਂਗ ਫੌਜ ’ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇਗਾ।

Previous articleਦਿੱਲੀ ਹਿੰਸਾ: 2020 ’ਚ ਚੇਤੇ ਕਰਵਾਇਆ 1984
Next article‘ਜੰਮੂ ਤੇ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਰਹੇਗਾ’