ਵਿਸ਼ਵ ਵਾਤਾਵਰਨ ਦਿਵਸ ਤੇ ਵਿਸ਼ੇਸ਼

ਮਲਕੀਤ

(ਸਮਾਜ ਵੀਕਲੀ)

ਅਨੇਕਾਂ ਲਾਭ ਰੁੱਖਾਂ ਦੇ, ਅਸੀਂ ਸਭ ਕਹਿ ਨਹੀਂ ਸਕਦੇ !
ਰੁੱਖਾਂ ਦੀ ਹੋਂਦ ਨਾ ਹੋਵੇ, ਤਾਂ ਜਿਉਂਦੇ ਰਹਿ ਨਹੀਂ ਸਕਦੇ !

ਕਿਤੇ ਹੈ ਸ਼ੋਰ ਕੰਨ-ਪਾੜੂ, ਕਿਤੇ ਭਾਰੂ ਹੈ ਪ੍ਰਦੂਸ਼ਣ,
ਮੁਫ਼ਤ ਮਿਲ਼ਦੀ ਹਵਾ, ਪਰ ਓਹ ਵੀ ਆਪਾਂ ਲੈ ਨਹੀਂ ਸਕਦੇ !

ਬਹਿ ਕੇ ਕੁਦਰਤ ਦੀ ਗੋਦੀ ਵਿੱਚ, ਚਲਾਉਂਦੇ ਐਟਮੀਂ ਸ਼ਕਤੀ,
ਭੁਗਤਦੇ ਪੋਖਰਨ ਵਾਲੇ, ਕਿਸੇ ਨੂੰ ਕਹਿ ਨਹੀਂ ਸਕਦੇ !

ਮੇਰੀ ਸੁਣ ਲਓ, ਮੇਰੀ ਸੁਣ ਲਓ, ਚੁਫ਼ੇਰੇ ਹੈ ਇਹੀ ਰੌਲਾ,
ਰੌਲ਼ੇ ਵਿੱਚ ਸੁਣ ਨਹੀਂ ਸਕਦੇ,’ਤੇ ਕੁਝ ਵੀ ਕਹਿ ਨਹੀਂ ਸਕਦੇ !

ਅਸੀਂ ਜੰਗਲਾਂ ਦੇ ਜੰਗਲ, ਕੱਟ ਲਏ ਨੇ ਸਵਾਰਥੀ ਹੋ ਕੇ,
ਘਾਣ ਰੁੱਖਾਂ ਦਾ ਹੱਥੀਂ ਕਰ ਕੇ, ਛਾਵੇਂ ਬਹਿ ਨਹੀਂ ਸਕਦੇ !

ਆਬਾਦੀ ਨੂੰ ਵਧਾਇਆ ਰੱਜ ਕੇ, ਇਸ ਲੈ ਹੀ ਡੁੱਬਣਾਂ ਏ,
ਪੁਆੜੇ ਐਸੇ ਪੈਣੇ ਨੇਂ, ਕਦੇ ਜੋ ਸਹਿ ਨਹੀਂ ਸਕਦੇ !

ਅਸੀਂ ਪਾਣੀ ਦੇ ਵਿੱਚ ਜ਼ਹਿਰਾਂ ਮਿਲਾਵਣ ਦਾ ਗੁਨਾਂਹ ਕੀਤੈ,
ਨਸ਼ਟ ਕਰ ‘ਤੇ ਨਦੀ-ਨਾਲ਼ੇ ਕਿ ਜੰਤੂ ਰਹਿ ਨਹੀਂ ਸਕਦੇ !

ਬਚਾਓ ਏਸ ਕੁਦਰਤ ਨੂੰ, ਇਹ ਘਰ ਹੈ ਸਾਰੀ ਦੁਨੀਆਂ ਦਾ,
ਰੁਦਨ ਏਦਾਂ ਦਾ ਹੈ ਸਾਡਾ, ਕਿ ਹੰਝੂ ਵਹਿ ਨਹੀਂ ਸਕਦੇ !

…….✍️ ਮਲਕੀਤ

Previous articleਫ਼ਸਲਾਂ ਦੇ ਐਲਾਨੇ ਸਮਰਥਨ ਮੁੱਲ ਨਾਲ ਖੇਤੀ ਦੇ ਭਵਿੱਖ ’ਤੇ ਸਵਾਲ
Next articleਗਾਇਤਰੀ ਕੁਮਾਰ ਇੰਗਲੈਂਡ ”ਚ ਭਾਰਤ ਦੀ ਹਾਈ ਕਮਿਸ਼ਨਰ ਨਿਯੁਕਤ