ਵਿਸ਼ਵ ਕੱਪ: ਧੋਨੀ ਦੀ ਵਿਗੜੀ ਲੈਅ ਤੋਂ ਭਾਰਤ ਫ਼ਿਕਰਮੰਦ

ਭਾਰਤ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਆਪਣੇ ਛੇਵੇਂ ਮੈਚ ਵਿੱਚ ਵੀਰਵਾਰ ਨੂੰ ਇੱਥੇ ਸੈਮੀ-ਫਾਈਨਲ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਵੈਸਟ ਇੰਡੀਜ਼ ਦੀ ਖ਼ਤਰਨਾਕ ਟੀਮ ਨਾਲ ਭਿੜੇਗਾ। ਇਸ ਮੌਕੇ ਟੀਮ ਪ੍ਰਬੰਧਨ ਦੀ ਮੁੱਖ ਚਿੰਤਾ ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਅਤੇ ਉਸ ਦਾ ਬੱਲੇਬਾਜ਼ੀ ਕ੍ਰਮ ਹੋਵੇਗਾ। ਲੀਗ ਗੇੜ ਖ਼ਤਮ ਹੋਣ ਵੱਲ ਵਧ ਰਿਹਾ ਹੈ ਅਤੇ ਅਜਿਹੇ ਵਿੱਚ ਭਾਰਤ ਇੱਕ ਹੋਰ ਜਿੱਤ ਨਾਲ ਸੈਮੀ-ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰਨੀ ਚਾਹੇਗਾ। ਵੈਸਟ ਇੰਡੀਜ਼ ਦੀ ਟੀਮ ਕੋਲ ਗੁਆਉਣ ਲਈ ਕੁੱਝ ਨਹੀਂ ਅਤੇ ਉਹ ਬਾਕੀ ਮੈਚਾਂ ਵਿੱਚ ਹੋਰ ਟੀਮਾਂ ਦੀ ਖੇਡ ਵਿਗਾੜਣ ਦੀ ਕੋਸ਼ਿਸ਼ ਕਰੇਗੀ। ਦੂਜੇ ਪਾਵਰ-ਪਲੇਅ ਦੇ ਮਹੱਤਵਪੂਰਨ ਓਵਰਾਂ ਵਿੱਚ ਸਾਬਕਾ ਕਪਤਾਨ ਧੋਨੀ ਦੀ ਅਸਫਲਤਾ ਨੇ ਕਪਤਾਨ ਵਿਰਾਟ ਕੋਹਲੀ ਦੀ ਫ਼ਿਕਰ ਥੋੜ੍ਹੀ ਵਧਾ ਦਿੱਤੀ ਹੈ। ਧੋਨੀ ਨੇ ਅਫ਼ਗਾਨਿਸਤਾਨ ਖ਼ਿਲਾਫ਼ ਬਹੁਤ ਹੀ ਹੌਲੀ ਬੱਲੇਬਾਜ਼ੀ ਕਰਦਿਆਂ 52 ਗੇਂਦਾਂ ਵਿੱਚ 28 ਦੌੜਾਂ ਬਣਾਈਆਂ ਅਤੇ ਇਸ ਦੇ ਲਈ ਉਸ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਇੱਥੋਂ ਤੱਕ ਕਿ ਸ਼ਾਂਤ ਸੁਭਾਅ ਦੇ ਸਚਿਨ ਤੇਂਦੁਲਕਰ ਨੇ ਵੀ ਉਸ ਦੇ ਰਵੱਈਏ ’ਤੇ ਸਵਾਲ ਉਠਾਏ। ਟੀਮ ਪ੍ਰਬੰਧਨ ਨੂੰ ਇਸ ਸਮੱਸਿਆ ਬਾਰੇ ਪਤਾ ਹੈ, ਪਰ ਹੁਣ ਜਦੋਂ ਚਾਰ ਲੀਗ ਮੈਚ ਬਚੇ ਹਨ ਤਾਂ ਉਸ ਕੋਲ ਇਕਲੌਤਾ ਬਦਲ ਧੋਨੀ ਦੇ ਬੱਲੇਬਾਜ਼ੀ ਕ੍ਰਮ ਵਿੱਚ ਬਦਲਾਅ ਕਰਨਾ ਹੈ। ਸ਼ਾਇਦ ਇਸ ਕਾਰਨ ਕੇਦਾਰ ਜਾਧਵ ਨੂੰ ਵੱਧ ਗੇਂਦਾਂ ਖੇਡਣ ਨੂੰ ਮਿਲ ਸਕਦੀਆਂ ਹਨ ਜੋ ਵੱਖਰੇ ਅੰਦਾਜ਼ ਵਿੱਚ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ। ਹਾਰਦਿਕ ਪਾਂਡਿਆ ਦਾ ਪ੍ਰਯੋਗ ਹੁਣ ਤੱਕ ਫਲੋਟਰ ਵਜੋਂ ਹੋਇਆ ਹੈ, ਪਰ ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਨੇ ਵਿਖਾਇਆ ਕਿ ਜੇਕਰ ਉਸ ਨੂੰ ਦੂਜੇ ਪਾਸੇ ਤੋਂ ਸਹਿਯੋਗ ਨਹੀਂ ਮਿਲਦਾ ਤਾਂ ਉਸ ’ਤੇ ਦਬਾਅ ਵਧ ਜਾਂਦਾ ਹੈ। ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨੇ ਰਿਸ਼ਭ ਪੰਤ ਨੂੰ ਉਤਾਰਨ ’ਚ ਹਾਲੇ ਤੱਕ ਦਿਲਚਸਪੀ ਨਹੀਂ ਵਿਖਾਈ। ਟੀਮ ਪ੍ਰਬੰਧਨ ਜੇਕਰ ਵਿਜੈ ਸ਼ੰਕਰ ਨੂੰ ਬਾਹਰ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਪੰਤ ਨੂੰ ਟੀਮ ਵਿੱਚ ਥਾਂ ਮਿਲ ਸਕਦੀ ਹੈ। ਵੈਸਟ ਇੰਡੀਜ਼ ਦੀ ਟੀਮ ਵਿੱਚ ਕਾਫ਼ੀ ਤੇਜ਼ ਗੇਂਦਬਾਜ਼ ਹਨ ਅਤੇ ਅਜਿਹੇ ਵਿੱਚ ਧੋਨੀ ਨੂੰ ਸਟਰਾਈਕ ਰੋਟੇਟ ਕਰਨ ਵਿੱਚ ਆਸਾਨੀ ਹੋ ਸਕਦੀ ਹੈ ਕਿਉਂਕਿ ਉਹ ਹੌਲੀ ਗੇਂਦਬਾਜ਼ਾਂ ਖ਼ਿਲਾਫ਼ ਸਹਿਜ ਹੋ ਕੇ ਨਹੀਂ ਖੇਡ ਪਾ ਰਿਹਾ। ਪਿਛਲੇ ਮੈਚ ਵਿੱਚ ਅਫ਼ਗਾਨਿਸਤਾਨ ਦੇ ਸਪਿੰਨਰਾਂ ਨੇ ਇਸ ਦਾ ਕਾਫ਼ੀ ਫ਼ਾਇਦਾ ਉਠਾਇਆ ਸੀ। ਆਈਪੀਐਲ ਅਤੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਧੋਨੀ ਦੇ ਪ੍ਰਦਰਸ਼ਨ ਦੇ ਫ਼ਰਕ ਬਾਰੇ ਕਾਫ਼ੀ ਬਹਿਸ ਹੋ ਰਹੀ ਹੈ। ਚੇਨੱਈ ਸੁਪਰਕਿੰਗਜ਼ ਵੱਲੋਂ ਖੇਡਦਿਆਂ ਧੋਨੀ ਨੇ ਭਾਰਤ ਦੇ ਇੱਕ ਗ਼ੈਰ-ਤਜਰਬੇਕਾਰ ਗੇਂਦਬਾਜ਼ ਨੂੰ ਨਿਸ਼ਾਨਾ ਬਣਾਇਆ, ਜਦਕਿ ਵੱਡੇ ਕੌਮਾਂਤਰੀ ਗੇਂਦਬਾਜ਼ਾਂ ਖ਼ਿਲਾਫ਼ ਸੁਰੱਖਿਅਤ ਹੋ ਕੇ ਕ੍ਰਿਕਟ ਖੇਡੀ। ਟੀਚੇ ਦਾ ਸਫਲਤਾ ਪੂਰਵਕ ਪਿੱਛਾ ਕਰਨ ਮੌਕੇ ਉਸ ਨੇ ਕੈਗਿਸੋ ਰਬਾਡਾ ਜਾਂ ਜੌਫਰਾ ਆਰਚਰ ਵਰਗੇ ਗੇਂਦਬਾਜ਼ਾਂ ਖ਼ਿਲਾਫ਼ ਕੋਈ ਜ਼ੋਖ਼ਮ ਨਹੀਂ ਉਠਾਇਆ, ਜਦਕਿ ਹੋਰ ਗੇਂਦਬਾਜ਼ਾਂ ਖ਼ਿਲਾਫ਼ ਦੌੜਾਂ ਬਣਾਈਆਂ। ਟੀਮ ਨੂੰ ਧੋਨੀ ਦੀ ਰਣਨੀਤੀ ਅਤੇ ਤੇਜ਼ਤਰਾਰ ਵਿਕਟਕੀਪਿੰਗ ਦੀ ਲੋੜ ਹੈ ਅਤੇ ਅਜਿਹੇ ਵਿੱਚ ਕਪਤਾਨ ਅਤੇ ਕੋਚ ਨੂੰ ਉਸ ਦੀ ਭੂਮਿਕਾ ਬਾਰੇ ਡੂੰਘਾਈ ਨਾਲ ਸੋਚਣਾ ਪਵੇਗਾ।ਦੂਜੇ ਪਾਸੇ ਪਾਕਿਸਤਾਨ ਖ਼ਿਲਾਫ਼ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਵੈਸਟ ਇੰਡੀਜ਼ ਦੀ ਟੀਮ ਵਿਸ਼ਵ ਕੱਪ ਵਿੱਚ ਸੈਮੀ-ਫਾਈਨਲ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਹੈ, ਪਰ ਟੀਮ ਟੂਰਨਾਮੈਂਟ ਦੀ ਮੁਹਿੰਮ ਸ਼ਾਨਦਾਰ ਢੰਗ ਨਾਲ ਖ਼ਤਮ ਕਰਨਾ ਚਾਹੇਗੀ।ਆਂਦਰੇ ਰੱਸਲ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਬਾਹਰ ਹੋ ਗਿਆ ਹੈ, ਜੋ ਟੀਮ ਲਈ ਵੱਡਾ ਝਟਕਾ ਹੈ। ਟੀਮ ਦੇ ਤੇਜ਼ ਗੇਂਦਬਾਜ਼ੀ ਵਿਭਾਗ ਨੇ ਬਿਹਤਰੀਨ ਸਮਰੱਥਾ ਵਿਖਾਈ ਹੈ। ਸ਼ੈਲਡਨ ਕੋਟਰੇਲ ਅਤੇ ਓਸ਼ੇਨ ਥੌਮਸ ਦੀ ਨੌਜਵਾਨ ਤੇਜ਼ ਗੇਂਦਬਾਜ਼ੀ ਜੋੜੀ ਨੇ ਕਾਫ਼ੀ ਪ੍ਰਭਾਵਿਤ ਕੀਤਾ ਹੈ। ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਕਾਫ਼ੀ ਚੰਗੀ ਲੈਅ ਵਿੱਚ ਹਨ ਅਤੇ ਅਜਿਹੇ ਵਿੱਚ ਭਾਰਤੀ ਬੱਲੇਬਾਜ਼ਾਂ ਅਤੇ ਵੈਸਟ ਇੰਡੀਜ਼ ਦੇ ਗੇਂਦਬਾਜ਼ਾਂ ਵਿਚਾਲੇ ਚੰਗਾ ਸੰਘਰਸ਼ ਵੇਖਣ ਨੂੰ ਮਿਲ ਸਕਦਾ ਹੈ।

Previous articleਕੇਜਰੀਵਾਲ ਨੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ 29 ਨੂੰ ਦਿੱਲੀ ਸੱਦੀ
Next articleਪੰਜਾਬ, ਕੇਰਲ ਤੇ ਤਾਮਿਲਨਾਡੂ ਵੱਲੋਂ ਜਿੱਤਾਂ ਦਰਜ