ਵਿਸ਼ਵ ਕੱਪ: ਇੰਗਲੈਂਡ ਨੇ ਸੈਮੀਜ਼ ਲਈ ਮੁੜ ਰਾਹ ਖੋਲ੍ਹਿਆ

ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ ਦੇ ਸੈਂਕੜੇ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਰੋਹਿਤ ਦੇ ਸੈਂਕੜੇ ’ਤੇ ਪਾਣੀ ਫੇਰਦਿਆਂ ਵਿਸ਼ਵ ਕੱਪ ਲੀਗ ਮੈਚ ਵਿੱਚ ਅੱਜ ਇੱਥੇ ਭਾਰਤ ਨੂੰ 31 ਦੌੜਾਂ ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਬੇਅਰਸਟੋ ‘ਮੈਨ ਆਫ ਦਿ ਮੈਚ’ ਰਿਹਾ। ਇੰਗਲੈਂਡ ਦੇ ਸੱਤ ਵਿਕਟਾਂ ’ਤੇ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਰੋਹਿਤ ਸ਼ਰਮਾ (102 ਦੌੜਾਂ) ਦੇ ਸੈਂਕੜੇ ਦੇ ਬਾਵਜੂਦ ਪੰਜ ਵਿਕਟਾਂ ਗੁਆ ਕੇ 306 ਦੌੜਾਂ ਹੀ ਬਣਾ ਸਕੀ। ਭਾਰਤ ਦੀ ਸੱਤ ਮੈਚਾਂ ਵਿੱਚ ਇਹ ਪਹਿਲੀ ਹਾਰ ਹੈ ਜਦੋਂਕਿ ਉਸ ਦਾ ਇੱਕ ਮੈਚ ਡਰਾਅ ਰਿਹਾ। ਉਹ ਪੰਜ ਜਿੱਤਾਂ ਨਾਲ 11 ਅੰਕਾਂ ਲੈ ਕੇ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਕਾਇਮ ਹੈ। ਇੰਗਲੈਂਡ ਦੇ ਅੱਠ ਮੈਚਾਂ ਵਿੱਚ ਪੰਜ ਜਿੱਤਾਂ ਨਾਲ ਦਸ ਅੰਕ ਹੋ ਗਏ ਹਨ ਅਤੇ ਉਹ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਮੇਜ਼ਬਾਨ ਟੀਮ ਦੀ ਜਿੱਤ ਨਾਲ ਪਾਕਿਸਤਾਨ ਦੀਆਂ ਸੈਮੀ-ਫਾਈਨਲ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਵੀ ਝਟਕਾ ਲੱਗਿਆ ਹੈ। ਹੁਣ ਪਾਕਿਸਤਾਨ ਨੂੰ ਕੁਆਲੀਫਾਈ ਕਰਨ ਲਈ ਬੰਗਲਾਦੇਸ਼ (5 ਜੁਲਾਈ) ਨੂੰ ਹਰਾਉਣ ਤੋਂ ਇਲਾਵਾ ਮੇਜ਼ਬਾਨ ਟੀਮ ਦੇ ਨਿਊਜ਼ੀਲੈਂਡ (3 ਜੁਲਾਈ) ਤੋਂ ਹਾਰਨ ਦੀ ਦੁਆ ਕਰਨੀ ਹੋਵੇਗੀ। ਰੋਹਿਤ ਨੇ ਕਪਤਾਨ ਵਿਰਾਟ ਕੋਹਲੀ (66 ਦੌੜਾਂ) ਨਾਲ ਦੂਜੀ ਵਿਕਟ ਲਈ 138 ਦੌੜਾਂ ਦੀ ਭਾਈਵਾਲੀ ਕੀਤੀ, ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਹਾਰਦਿਕ ਪਾਂਡਿਆ ਨੇ 45 ਦੌੜਾਂ, ਜਦੋਂਕਿ ਧੋਨੀ ਨੇ ਨਾਬਾਦ 42 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਲਿਆਮ ਪਲੰਕੇਟ ਨੇ 55 ਦੌੜਾਂ ਦੇ ਕੇ ਤਿੰਨ, ਜਦਕਿ ਕ੍ਰਿਸ ਵੋਕਸ ਨੇ 58 ਦੌੜਾਂ ਦੇ ਦੋ ਵਿਕਟਾਂ ਲਈਆਂ। ਭਾਰਤ ਦੀ ਇਹ ਹਾਰ ਨਮੋਸ਼ੀਜਨਕ ਰਹੀ ਕਿਉਂਕਿ ਪੂਰੀ ਪਾਰੀ ਦੌਰਾਨ ਉਸ ਨੇ ਜਿੱਤਣ ਦਾ ਜਜ਼ਬਾ ਨਹੀਂ ਵਿਖਾਇਆ। ਜੌਨੀ ਬੇਅਰਸਟੋ ਨੇ 109 ਗੇਂਦਾਂ ਵਿੱਚ ਛੇ ਛੱਕਿਆਂ ਅਤੇ ਦਸ ਚੌਕਿਆਂ ਦੀ ਮਦਦ ਨਾਲ 111 ਦੌੜਾਂ ਦੀ ਪਾਰੀ ਖੇਡੀ। ਉਸ ਨੇ ਜੇਸਨ ਰਾਏ (66 ਦੌੜਾਂ) ਨਾਲ ਪਹਿਲੀ ਵਿਕਟ ਲਈ 160 ਦੌੜਾਂ ਜੋੜ ਕੇ ਇੰਗਲੈਂਡ ਨੂੰ ਤੂਫ਼ਾਨੀ ਸ਼ੁਰੂਆਤ ਦਿਵਾਈ। ਬੈਨ ਸਟੌਕਸ (79 ਦੌੜਾਂ) ਨੇ ਤੇਜ਼-ਤਰਾਰ ਅਰਧ ਸੈਂਕੜਾ ਮਾਰਿਆ, ਜਦਕਿ ਜੋਏ ਰੂਟ (44 ਦੌੜਾਂ) ਨੇ ਵੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਕਰਦਿਆਂ 69 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਨੇ ਕਸਵੀਂ ਗੇਂਦਬਾਜ਼ੀ ਕੀਤੀ ਅਤੇ 44 ਦੌੜਾਂ ਦੇ ਇੱਕ ਵਿਕਟ ਲਈ, ਜਦਕਿ ਬਾਕੀ ਗੇਂਦਬਾਜ਼ ਮਹਿੰਗੇ ਸਾਬਤ ਹੋਏ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੇ ਇੰਗਲੈਂਡ ਨੂੰ ਬੇਅਰਸਟੋ ਅਤੇ ਰਾਏ ਦੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਵਾਂ ਨੇ ਚੌਕਸੀ ਨਾਲ ਬੱਲੇਬਾਜ਼ੀ ਕਰਦਿਆਂ 10 ਓਵਰਾਂ ਵਿੱਚ ਟੀਮ ਦਾ ਸਕੋਰ 47 ਦੌੜਾਂ ਤੱਕ ਪਹੁੰਚਾਇਆ। ਰਾਏ ਹਾਲਾਂਕਿ 11ਵੇਂ ਓਵਰ ਵਿੱਚ ਹਾਰਦਿਕ ਪਾਂਡਿਆ ਦੀ ਗੇਂਦ ’ਤੇ ਖ਼ੁਸ਼ਕਿਸਮਤ ਰਿਹਾ, ਜਦੋਂ ਉਸ ਦੀ ਲੈੱਗ ਸਾਈਨ ਤੋਂ ਬਾਹਰ ਜਾਂਦੀ ਗੇਂਦ ’ਤੇ ਬੱਲੇਬਾਜ਼ ਨੇ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਅੰਪਾਇਰ ਨੇ ਇਸ ਨੂੰ ਵਾਈਡ ਕਰਾਰ ਦੇ ਦਿੱਤਾ। ਭਾਰਤ ਨੇ ਸੋਚਣ ਵਿਚਾਰਨ ਮਗਰੋਂ ਡੀਆਰਐੱਸ ਨਾ ਲੈਣ ਦਾ ਫ਼ੈਸਲਾ ਕੀਤਾ, ਪਰ ਰੀਪਲੇਅ ਵਿੱਚ ਦਿਸਿਆ ਕਿ ਵਿਰਾਟ ਕੋਹਲੀ ਦੀ ਟੀਮ ਜੇਕਰ ਡੀਆਰਐਸ ਮੰਗਦੀ ਤਾਂ ਰਾਏ ਨੂੰ ਪੈਵਿਲੀਅਨ ਪਰਤਣਾ ਪੈਣਾ ਸੀ ਕਿਉਂਕਿ ਗੇਂਦ ਉਸ ਦੇ ਦਸਤਾਨਿਆਂ ਨਾਲ ਲੱਗ ਕੇ ਧੋਨੀ ਦੇ ਹੱਥਾਂ ਵਿੱਚ ਚਲੀ ਗਈ ਸੀ। ਰਾਏ ਇਸ ਸਮੇਂ 21 ਦੌੜਾਂ ਬਣਾ ਕੇ ਖੇਡ ਰਿਹਾ ਸੀ। ਉਸ ਨੇ ਅਗਲੀਆਂ ਦੋ ਗੇਂਦਾਂ ’ਤੇ ਛੱਕਾ ਅਤੇ ਚੌਕਾ ਮਾਰਿਆ। ਬੇਅਰਸਟੋ ਨੇ ਯੁਜ਼ਵੇਂਦਰ ਚਾਹਲ ਨੂੰ ਦੋ ਛੱਕਿਆਂ ਨਾਲ 16ਵੇਂ ਓਵਰ ਵਿੱਚ ਟੀਮ ਦਾ ਸਕੋਰ 100 ਦੌੜਾਂ ਤੋਂ ਪਾਰ ਪਹੁੰਚਾਇਆ ਅਤੇ ਇਸ ਦੌਰਾਨ 56 ਗੇਂਦਾਂ ਵਿੱਚ ਨੀਮ-ਸੈਂਕੜਾ ਪੂਰਾ ਕੀਤਾ। ਬੇਅਰਸਟੋ ਦੇ ਪਹਿਲੇ ਛੱਕੇ ਨੂੰ ਕੈਚ ਕਰਨ ਦੇ ਚੱਕਰ ਵਿੱਚ ਲੋਕੇਸ਼ ਰਾਹੁਲ ਬਾਊਂਡਰੀ ’ਤੇ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਫੀਲਡਿੰਗ ਲਈ ਰਵਿੰਦਰ ਜਡੇਜਾ ਨੂੰ ਮੈਦਾਨ ’ਤੇ ਉਤਾਰਨਾ ਪਿਆ।

Previous articleਬਿੱਟੂ ਹੱਤਿਆ ਕਾਂਡ: ਗੈਂਗਸਟਰਾਂ ਅਤੇ ਖਾੜਕੂ ਜਥੇਬੰਦੀਆਂ ਦਾ ਹੱਥ ਨਹੀਂ
Next articleਕਿਸਾਨ ਆਗੂ ਦਾ ਬੇਰਹਿਮੀ ਨਾਲ ਕਤਲ