ਵਿਰੋਧੀ ਧਿਰ ਦਾ ਹਰ ਬੋਲ ਕੀਮਤੀ: ਮੋਦੀ

ਮੈਂਬਰਾਂ ਵੱਲੋਂ ਹਲਫ਼ ਲੈਣ ਨਾਲ ਹੋਈ ਮੌਨਸੂਨ ਸੈਸ਼ਨ ਦੀ ਸ਼ੁਰੂਆਤ, ਪ੍ਰਧਾਨ ਮੰਤਰੀ ਨੇ ਹਿੰਦੀ,

ਰਾਹੁਲ ਗਾਂਧੀ ਨੇ ਅੰਗਰੇਜ਼ੀ ਤੇ ਹਰਸਿਮਰਤ ਨੇ ਪੰਜਾਬੀ ਵਿੱਚ ਲਿਆ ਹਲਫ਼

ਮੌਨਸੂਨ ਇਜਲਾਸ ਦੇ ਪਹਿਲੇ ਦਿਨ ਅੱਜ ਵਿਰੋਧੀ ਪਾਰਟੀਆਂ ਤਕ ਰਸਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੀਆ ਲੋਕ ਸਭਾ ਚੋਣਾਂ ਵਿੱਚ ਮਿਲੇ ਨੰਬਰਾਂ (ਸੀਟਾਂ) ਦੀ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਉਨ੍ਹਾਂ ਦਾ ਕਿਹਾ ਹਰੇਕ ਬੋਲ ਸਰਕਾਰ ਲਈ ‘ਕੀਮਤੀ’ ਹੈ। ਉਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਦਨ ਵਿੱਚ ਧੜੇਬੰਦੀ ਤੋਂ ਉਪਰ ਉੱਠ ਕੇ ਵਿਚਰਨ ਤੇ ਰਾਸ਼ਟਰ ਦੇ ਵਡੇਰੇ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਮੁਖਾਤਿਬ ਹੋਣ। ਇਸ ਦੌਰਾਨ 17ਵੀਂ ਲੋਕ ਸਭਾ ਦਾ ਪਲੇਠਾ ਇਜਲਾਸ ਜੋਸ਼ ਨਾਲ ਭਰੇ ਭਾਜਪਾ ਸੰਸਦ ਮੈਂਬਰਾਂ ਵੱਲੋਂ ‘ਜੈ ਸ੍ਰੀ ਰਾਮ ਤੇ ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਨਾਲ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰਨਾਂ ਨੇ ਸੰਸਦ ਮੈਂਬਰਾਂ ਵਜੋਂ ਹਲਫ਼ ਲਿਆ। ਪੁਰਸ਼ਾਂ ’ਚੋਂ ਪ੍ਰਧਾਨ ਮੰਤਰੀ ਮੋਦੀ ਜਦੋਂਕਿ ਮਹਿਲਾਵਾਂ ’ਚੋਂ ਹਰਸਿਮਰਤ ਕੌਰ ਬਾਦਲ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਹਲਫ਼ ਲੈਣ ਵਾਲੇ ਹੋਰਨਾਂ ਉੱਘੇ ਮੈਂਬਰਾਂ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ, ਆਵਾਜਾਈ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਸ਼ਾਮਲ ਸਨ। ਇਥੇ ਲੋਕ ਸਭਾ ਦੇ ਪਲੇਠੇ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਸ੍ਰੀ ਮੋਦੀ ਨੇ ਕਿਹਾ, ‘ਜਦੋਂ ਅਸੀਂ ਸੰਸਦ ਵਿੱਚ ਆਈਏ, ਸਾਨੂੰ ‘ਪਕਸ਼’ (ਸੱਤਾਧਾਰੀ) ਤੇ ‘ਵਿਪਕਸ਼’(ਵਿਰੋਧੀ ਧਿਰ) ਬਾਰੇ ਭੁੱਲ ਜਾਣਾ ਚਾਹੀਦਾ ਹੈ। ਸਾਨੂੰ ਨਿਸ਼ਪਕਸ਼(ਨਿਰਪੱਖ) ਰਹਿ ਕੇ ਮੁੱਦਿਆਂ ਬਾਰੇ ਸੋਚਣਾ ਚਾਹੀਦਾ ਹੈ ਤੇ ਰਾਸ਼ਟਰ ਦੇ ਵਡੇਰੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ।’ ਸੰਸਦੀ ਲੋਕਤੰਤਰ ਵਿੱਚ ਸਰਗਰਮ ਵਿਰੋਧੀ ਧਿਰ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ, ‘ਮੈਨੂੰ ਆਸ ਹੈ ਕਿ ਵਿਰੋਧੀ ਧਿਰ ‘ਸਦਨ ਵਿੱਚ ਸਰਗਰਮ ਹੋ ਕੇ ਬੋਲੇਗੀ ਤੇ ਸਦਨ ਦੀ ਕਾਰਵਾਈ ਵਿੱਚ ਸ਼ਮੂਲੀਅਤ ਕਰੇਗੀ…ਮੈਨੂੰ ਪੂਰੀ ਉਮੀਦ ਹੈ ਕਿ ਇਹ ਇਜਲਾਸ ਫਲਦਾਇਕ ਰਹੇਗਾ।’ ਉਨ੍ਹਾਂ ਕਿਹਾ, ‘ਵਿਰੋਧੀ ਪਾਰਟੀਆਂ ਨੂੰ ਨੰਬਰਾਂ ਦੀ ਫ਼ਿਕਰ ਕਰਨ ਦੀ ਲੋੜ ਨਹੀਂ। ਉਨ੍ਹਾਂ ਦਾ ਹਰੇਕ ਬੋਲ, ਹਰੇਕ ਭਾਵਨਾ ਸਾਡੇ ਲਈ ਕੀਮਤੀ ਹੈ।’ ਨਵੀਂ ਚੁਣੀ ਲੋਕ ਸਭਾ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਈ ਪੱਖਾਂ ਤੋਂ ਇਹ ਸਦਨ ਐਤਕੀਂ ਕਾਫ਼ੀ ਇਤਿਹਾਸਕ ਹੈ, ਕਿਉਂਕਿ ਆਜ਼ਾਦੀ ਮਗਰੋਂ ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਔਰਤਾਂ ਸੰਸਦ ਮੈਂਬਰ ਚੁਣ ਕੇ ਆਈਆਂ ਹਨ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ ਤੇ ਸਬਕਾ ਵਿਸ਼ਵਾਸ’ ਦੇ ਸਿਧਾਂਤ ’ਤੇ ਕੰਮ ਕਰੇਗੀ। ਪ੍ਰੋ-ਟੈੱਮ ਸਪੀਕਰ ਡਾ. ਵੀਰੇਂਦਰ ਕੁਮਾਰ ਨੇ ਲੋਕ ਸਭਾ ਲਈ ਚੁਣੇ ਗਏ ਕੇਂਦਰੀ ਮੰਤਰੀਆਂ ਤੋਂ ਇਲਾਵਾ 23 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਹਲਫ਼ ਦਿਵਾਇਆ। ਮੱਧ ਪ੍ਰਦੇਸ਼ ਤੋਂ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਹਲਫ਼ ਲੈਣ ਲੱਗਿਆਂ ਜਦੋਂ ਆਪਣਾ ਨਾਂ ਪੜ੍ਹਿਆ ਤਾਂ ਉਨ੍ਹਾਂ ਇਸ ਨਾਲ ਆਪਣੇ ਅਧਿਆਤਮਕ ਗੁਰੂ (ਸਵਾਮੀ ਪੂਰਨਾ ਚੇਤਨਾਨੰਦ ਅਵਧੇਸ਼ਾਨੰਦ ਗਿਰੀ) ਦਾ ਵੀ ਨਾਂ ਜੋੜਿਆ, ਜਿਸ ਉੱਤੇ ਵਿਰੋਧੀ ਧਿਰ ਨੇ ਉਜਰ ਜਤਾਇਆ। ਰੌਲਾ ਪੈਣ ਮਗਰੋਂ ਪ੍ਰੋ-ਟੈੱਮ ਸਪੀਕਰ ਨੇ ਕਿਹਾ ਕਿ ਹਲਫ਼ ਲੈਣ ਮੌਕੇ ਚੋਣ ਸਰਟੀਫਿਕੇਟ ’ਤੇ ਦਰਸਾਇਆ ਨਾਮ ਹੀ ਲਿਆ ਜਾਵੇ। ਮਾਲੇਗਾਓਂ ਧਮਾਕਾ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਸਾਧਵੀ ਨੇ ਸੰਸਕ੍ਰਿਤ ਵਿੱਚ ਹਲਫ਼ ਲਿਆ। ਲੋਕ ਸਭਾ ਦੇ ਸਕੱਤਰ ਜਨਰਲ ਵੱਲੋਂ ਹਲਫ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਜਾਣ ’ਤੇ ਸੱਤਾਧਾਰੀ ਐਨਡੀਏ ਨਾਲ ਸਬੰਧਤ ਮੈਂਬਰਾਂ ਨੇ ਮੇਜ਼ ਥਾਪੜ ਕੇ ‘ਮੋਦੀ ਮੋਦੀ’ ਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ। ਸ੍ਰੀ ਮੋਦੀ ਤੇ ਵੱਡੀ ਗਿਣਤੀ ਕੇਂਦਰੀ ਮੰਤਰੀਆਂ ਨੇ ਹਿੰੰਦੀ ’ਚ ਜਦੋਂਕਿ ਕੇਂਦਰੀ ਮੰਤਰੀ ਹਰਸ਼ ਵਰਧਨ, ਸ੍ਰੀਪਦ ਨਾਇਕ, ਅਸ਼ਵਨੀ ਚੌਬੇ ਤੇ ਪ੍ਰਤਾਪ ਚੰਦਰ ਸਾਰੰਗੀ ਨੇ ਸੰਸਕ੍ਰਿਤ ’ਚ ਸਹੁੰ ਚੁੱਕੀ। ਰਾਹੁਲ ਗਾਂਧੀ ਨੇ ਅੰਗਰੇਜ਼ੀ, ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਤੇ ਡੀ.ਵੀ.ਸਦਾਨੰਦ ਗੌੜਾ ਤੇ ਪ੍ਰਹਿਲਾਦ ਜੋਸ਼ੀ ਨੇ ਕੰਨੜ ਅਤੇ ਬਿਹਾਰ ਤੋਂ ਸੰਸਦ ਮੈਂਬਰ ਗੋਪਾਲ ਜੀ ਠਾਕੁਰ ਤੇ ਅਸ਼ੋਕ ਕੁਮਾਰ ਯਾਦਵ ਨੇ ਮੈਥਿਲੀ ਵਿੱਚ ਹਲਫ਼ ਲਿਆ। ਜਨਾਰਧਨ ਸਿੰਘ ਸਿਗਰੀਵਾਲ ਨੇ ਭੋਜਪੁਰੀ ’ਚ ਸਹੁੰ ਚੁੱਕਣ ਦੀ ਇੱਛਾ ਜਤਾਈ ਸੀ, ਪਰ ਸਕੱਤਰ ਜਨਰਲ ਨੇ ਇਸ ਭਾਸ਼ਾ ਦੇ ਸੰਵਿਧਾਨ ਦੇ ਅੱਠਵੇਂ ਸ਼ਡਿਊਲ ਵਿੱਚ ਨਾ ਹੋਣ ਕਰ ਕੇ ਇਸ ਤੋਂ ਨਾਂਹ ਕਰ ਦਿੱਤੀ। ਮੈਂਬਰਾਂ ਵੱਲੋਂ ਹਲਫ਼ ਲੈਣ ਮੌਕੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ, ਟੀਐੱਮਸੀ ਆਗੂ ਸੁਦੀਪ ਬੰਧੋਪਾਧਿਆਏ, ਸਪਾ ਆਗੂ ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ਯਾਦਵ, ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ, ਡੀਐਮਕੇ ਦੇ ਕੰਨੀਮੋੜੀ ਤੇ ਏ.ਰਾਜਾ ਸਦਨ ਵਿੱਚ ਮੌਜੂਦ ਸਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਡਾ. ਵੀਰੇਂਦਰ ਕੁਮਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਪ੍ਰੋ-ਟੈੱਮ ਸਪੀਕਰ ਵਜੋਂ ਹਲਫ਼ ਦਿਵਾਇਆ।

Previous articleਅਨੰਤਨਾਗ ਮੁਕਾਬਲੇ ’ਚ ਮੇਜਰ ਸ਼ਹੀਦ
Next articleਦਿੱਲੀ ਪੁਲੀਸ ਵੱਲੋਂ ਦੋਹਾਂ ਧਿਰਾਂ ਖ਼ਿਲਾਫ਼ ਕੇਸ ਦਰਜ