ਵਿਰਾਸਤੀ ਮਾਰਗ ’ਚ ਲੱਗੇ ਬੁੱਤ ਤੋੜਨ ਦੀ ਕੋਸ਼ਿਸ਼

ਅੰਮ੍ਰਿਤਸਰ– ਬੀਤੀ ਅੱਧੀ ਰਾਤ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਰਸਤੇ ’ਤੇ ਧਰਮ ਸਿੰਘ ਮਾਰਕੀਟ ਸਾਹਮਣੇ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੇ ਬੁੱਤਾਂ ਦੀ ਕੁਝ ਵਿਅਕਤੀਆਂ ਵੱਲੋਂ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਮੌਕੇ ’ਤੇ ਤਾਇਨਾਤ ਪੁਲੀਸ ਨੇ ਅਸਫਲ ਬਣਾ ਦਿੱਤਾ। ਪੁਲੀਸ ਨੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਇੱਕ ਵਿਅਕਤੀ ਭੱਜਣ ਵਿੱਚ ਸਫਲ ਹੋ ਗਿਆ। ਡੀਸੀਪੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਤੀ ਰਾਤ ਡੇਢ ਵਜੇ ਕੁਝ ਵਿਅਕਤੀਆ ਨੇ ਆਉਂਦਿਆਂ ਹੀ ਵਿਰਾਸਤੀ ਰਸਤੇ ’ਤੇ ਲੱਗੇ ਭੰਗੜੇ ਦੇ ਬੁੱਤਾਂ ਨੂੰ ਹਥੌੜਿਆਂ ਨਾਲ ਤੋੜਨਾ ਸ਼ੁਰੂ ਕੀਤਾ ਤਾਂ ਰਾਤ ਦੀ ਡਿਊਟੀ ’ਤੇ ਤੈਨਾਤ ਏਐੱਸਆਈ ਰਾਮ ਸਿੰਘ ਸਮੇਤ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲੀਸ ਅਨੁਸਾਰ ਉਨ੍ਹਾਂ ਨੌਜਵਾਨਾਂ ਨੇ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ। ਪਰ ਪੁਲੀਸ ਨੇ ਸਖ਼ਤੀ ਵਰਤਦਿਆਂ ਨੌਜਵਾਨਾਂ ਨੂੰ ਹਥੌੜਿਆਂ ਸਮੇਤ ਕਾਬੂ ਕਰ ਲਿਆ। ਪੁਲੀਸ ਅਨੁਸਾਰ ਇਸ ਦੌਰਾਨ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਮੇਹਰੋਂ ਜ਼ਿਲ੍ਹਾ ਮੋਗਾ ਮੌਕੇ ਤੋਂ ਭੱਜਣ ’ਚ ਸਫਲ ਹੋ ਗਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਮਨਿੰਦਰ ਸਿੰਘ ਉਰਫ਼ ਮਨੀ ਵਾਸੀ ਪਿੰਡ ਢਾਹਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ, ਅਮਰਜੀਤ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ ਨਜ਼ਦੀਕ ਗੁਰਦੁਆਰਾ ਮਾਤਾ ਗੰਗਾ ਜੀ ਤਰਨ ਤਾਰਨ ਰੋਡ ਥਾਣਾ ਚਾਟੀਵਿੰਡ ਅੰਮ੍ਰਿਤਸਰ, ਰਣਜੀਤ ਸਿੰਘ ਵਾਸੀ ਪਿੰਡ ਸੋਹਲ ਥਾਣਾ ਝਬਾਲ ਜ਼ਿਲ੍ਹਾ ਤਰਨ ਤਾਰਨ, ਹਰਵਿੰਦਰ ਸਿੰਘ ਵਾਸੀ ਪਿੰਡ ਟਿੱਬਾ ਟੱਪਰੀਆਂ ਥਾਣਾ ਨੂਰਪੁਰ ਬੇਦੀ ਤਹਿਸੀਲ ਆਨੰਦਪੁਰ ਸਾਹਿਬ ਜ਼ਿਲ੍ਹਾ ਰੋਪੜ, ਗੁਰਸੇਵਕ ਸਿੰਘ ਵਾਸੀ ਪਿੰਡ ਹਸਨਪੁਰ ਖੁਰਦ ਥਾਣਾ ਸਦਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ, ਰਵਿੰਦਰ ਸਿੰਘ ਵਾਸੀ ਪਿੰਡ ਘਮੋਰ ਤਹਿਸੀਲ ਅਤੇ ਥਾਣਾ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ, ਰਾਜਬੀਰ ਸਿੰਘ ਵਾਸੀ ਮਕਾਨ ਨੰਬਰ 4432 ਕੋਟ ਭਗਤ ਸਿੰਘ ਗਲੀ ਨੰਬਰ 3 ਸੁਲਤਾਨਵਿੰਡ ਰੋਡ, ਹਰਕੁੰਵਰ ਸਿੰਘ ਵਾਸੀ ਮਕਾਨ ਨੰਬਰ 23 ਮੋਹਣੀ ਪਾਰਕ ਸਾਹਮਣੇ ਖਾਲਸਾ ਕਾਲਜ ਅੰਮ੍ਰਿਤਸਰ ਸ਼ਹਿਰ ਸ਼ਾਮਲ ਹਨ। ਇਨ੍ਹਾਂ ਖਿਲਾਫ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਸਣੇ ਹੋਰ ਧਾਰਾਵਾਂ ਤਹਿਤ ਥਾਣਾ-ਈ ਡਵੀਜ਼ਨ ਅੰਮ੍ਰਿਤਸਰ ’ਚ ਕੇਸ ਦਰਜ ਕੀਤਾ ਗਿਆ ਹੈ। ਕੁਝ ਸਮੇਂ ਤੋਂ ਕੁਝ ਸੰਸਥਾਵਾਂ ਵਿਰਾਸਤੀ ਰਸਤੇ ’ਚ ਲੱਗੇ ਇਨ੍ਹਾਂ ਬੁੱਤਾਂ ਦਾ ਵਿਰੋਧ ਕਰ ਰਹੀਆਂ ਹਨ ਅਤੇ ਬੁੱਤਾਂ ਨੂੰ ਤੋੜ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ।

Previous articlePak top brass terms Indian army’s threats irresponsible
Next article88 ਡੇਅਰੀ ਯੂਨਿਟਾਂ ਲਈ 2.25 ਕਰੋੜ ਦੇ ਕਰਜ਼ੇ ਦਿੱਤੇ: ਡੀਸੀ