ਵਿਧਾਇਕ ਬੇਰੀ ਨੇ ਹੋਟਲ ’ਚ ਲਾਈ ਸਰਕਾਰੀ ਰਾਸ਼ਨ ਦੀ ‘ਢੇਰੀ’

ਜਲੰਧਰ (ਸਮਾਜਵੀਕਲੀ):

ਇਥੇ ਗਰੀਬਾਂ ਤੇ ਲੋੜਵੰਦਾਂ ਨੂੰ ਵੰਡਣ ਲਈ ਆਇਆ ਰਾਸ਼ਨ ਕਾਂਗਰਸੀ ਵਿਧਾਇਕ ਵੱਲੋਂ ਨਿੱਜੀ ਹੋਟਲ ਵਿੱਚ ਰੱਖਣ ਦਾ ਮਾਮਲਾ ਸਾਹਮਣੇ ਆਇਆ। ਉਧਰ, ਭਾਜਪਾ ਆਗੂਆਂ ਨੇ ਇਸ ਮਾਮਲੇ ਵਿੱਚ ਕਾਂਗਰਸੀ ਵਿਧਾਇਕ ਵਿਰੁੱਧ ਐੱਫ਼ਆਰੀਆਰ ਦਰਜ ਕਰਨ ਦੀ ਮੰਗ ਕੀਤੀ ਹੈ। ਨਿੱਜੀ ਹੋਟਲ ਦੇ ਅੰਦਰ ਪਏ ਸਰਕਾਰੀ ਰਾਸ਼ਨ ਬਾਰੇ ਹੋਟਲ ਦੇ ਇੱਕ ਵਿਅਕਤੀ ਨੇ ਦੱਸਿਆ ਸੀ ਕਿ ਇਹ ਰਾਸ਼ਨ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਦੇ ਕਹਿਣ ’ਤੇ ਹੀ ਇੱਥੇ ਰੱਖਿਆ ਗਿਆ ਹੈ।

ਵਿਧਾਇਕ ਰਾਜਿੰਦਰ ਬੇਰੀ ਨੇ  ਵੀ ਮੰਨਿਆ ਕਿ ਉਨ੍ਹਾਂ ਦੇ ਸੈਂਟਰਲ ਟਾਊਨ ਇਲਾਕੇ ਵਿਚ ਬਣੇ ਉਨ੍ਹਾਂ ਦੇ ਦੋਸਤ ਦੇ ਹੋਟਲ ‘ਰਾਇਲ ਓਕੇਜ਼ਨਜ਼’ ਵਿਚ ਸਰਕਾਰੀ ਰਾਸ਼ਨ ਉਨ੍ਹਾਂ ਨੇ ਹੀ ਰਖ਼ਵਾਇਆ ਹੋਇਆ ਸੀ। ਸ੍ਰੀ ਬੇਰੀ ਨੇ ਸਪੱਸ਼ਟ ਕਿਹਾ ਕਿ ਕਿਸੇ ਨਿੱਜੀ ਹੋਟਲ ਵਿਚ ਇਹ ਰਾਸ਼ਨ ਰਖ਼ਵਾ ਕੇ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿੱਧੇ ਟਰੱਕ ਤਾਂ ਕੌਂਸਲਰਾਂ ਨੂੰ ਵੰਡਣ ਲਈ ਨਹੀਂ ਭੇਜੇ ਜਾ ਸਕਦੇ। ਇਸ ਲਈ 1100 ਜਾਂ 1150 ਕਿੱਟਾਂ ਟਰੱਕ ਵਿਚ ਆਉਣ ਤੋਂ ਬਾਅਦ ਉਹ ਕੌਂਸਲਰਾਂ ਨੂੰ ਉਨ੍ਹਾਂ ਦੀ ਲੋੜ  ਦੇ ਹਿਸਾਬ ਨਾਲ 50 ਤੋਂ 150 ਕਿੱਟਾਂ ਲੋਕਾਂ ਨੂੰ ਵੰਡਣ ਲਈ ਆਪ ਭਿਜਵਾਉਂਦੇ ਹਨ। ਸ੍ਰੀ ਬੇਰੀ ਨੇ  ਕਿਹਾ ਕਿ ਇਹ ਰਾਸ਼ਨ ਵਿਧਾਇਕਾਂ ਨੂੰ ਹੀ ਆ ਰਿਹਾ ਹੈ।

ਕੇਂਦਰ ਸਰਕਾਰ ਵੱਲੋਂ ਭੇਜੀ ਕਣਕ ਪਿਸਵਾ ਕੇ ਸਿਵਲ ਸਪਲਾਈ ਵਿਭਾਗ, ਇਕ ਕਿੱਲੋ ਖੰਡ ਅਤੇ ਇਕ ਕਿੱਲੋ ਦਾਲ ਨਾਲ ਭੇਜਦਾ ਹੈ ਅਤੇ ਇਹ ਵੀ ਸਾਡੇ ਵੱਲੋਂ ਵੰਡਿਆ ਜਾਂਦਾ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਂਦੇ ਰਾਸ਼ਨ ਵਿਚ 10 ਕਿੱਲੋ ਆਟਾ, 2 ਕਿੱਲੋ ਖੰਡ ਅਤੇ 2 ਕਿੱਲੋ ਦਾਲ ਹੁੰਦੀ ਹੈ। ਉਧਰ, ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਮੰਗ ਕੀਤੀ ਕਿ ਕਾਂਗਰਸੀ ਵਿਧਾਇਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਊਨ੍ਹਾਂ ਕਿਹਾ ਕਿ ਸਰਕਾਰੀ ਗੁਦਾਮਾਂ ਵਿੱਚ ਰਾਸ਼ਨ ਰੱਖਣ ਦੀ ਥਾਂ ਹੋਟਲ ਵਿੱਚ ਰੱਖਣ ਨੂੰ ਕਿਉਂ ਤਰਜੀਹ ਦਿੱਤੀ ਗਈ। ਊਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗਰੀਬਾਂ ਨੂੰ ਰਾਸ਼ਨ ਭੇਜ ਰਹੀ ਹੈ ਪਰ ਕਾਂਗਰਸੀ ਉਸ ਨੂੰ ਹੋਟਲਾਂ ਵਿੱਚ ਡੰਪ ਕਰ ਰਹੇ ਹਨ।

Previous articleਕਰੋਨਾ ਸੰਕਟ: ਦੁਬਈ ਤੋਂ ਪਰਤੇ 380 ਭਾਰਤੀ
Next articleWorld waking up to China’s threat, will confront it: Pompeo