ਵਿਦੇਸ਼ ਮੰਤਰਾਲੇ ਦੇ ਬਿਆਨ ’ਚ ਗਲਵਾਨ ਵਾਦੀ ਦਾ ਜ਼ਿਕਰ ਕਿਉਂ ਨਹੀਂ ਸੀ: ਰਾਹੁਲ

ਨਵੀਂ ਦਿੱਲੀ (ਸਮਾਜਵੀਕਲੀ) :  ਭਾਰਤ ਤੇ ਚੀਨ ਦੀਆਂ ਫੌਜਾਂ ਵੱਲੋਂ ਅਸਲ ਕੰਟਰੋਲ ਰੇਖਾ ’ਤੇ ਤਲਖੀ ਨੂੰ ਘਟਾਉਣ ਲਈ ਆਪੋ-ਆਪਣੀਆਂ ਮੌਜੂਦਾ ਪੁਜ਼ੀਸ਼ਨਾਂ ਤੋਂ ਪਿੱਛੇ ਹਟਣ ਲਈ ਸ਼ੁਰੂ ਕੀਤੇ ਅਮਲ ਤੋਂ ਇਕ ਦਿਨ ਮਗਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇਕ ਟਵੀਟ ਕਰਕੇ ਸਰਕਾਰ ਨੂੰ ਸਵਾਲ ਕੀਤਾ ਕਿ ਨਵੀਂ ਦਿੱਲੀ ਨੇ ਐੱਲੲੇਸੀ ’ਤੇ ਟਕਰਾਅ ਤੋਂ ਪਹਿਲਾਂ ਵਾਲੀ ਸਥਿਤੀ ਨੂੰ ਕਾਇਮ ਰੱਖਣ ਲਈ ਚੀਨ ’ਤੇ ਜ਼ੋਰ ਕਿਉਂ ਨਹੀਂ ਪਾਇਆ।

ਊਨ੍ਹਾਂ ਸਵਾਲ ਕੀਤਾ ਕਿ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਗਲਵਾਨ ਵਾਦੀ ਦੀ ਖੇਤਰੀ ਪ੍ਰਭੂਸੱਤਾ ਦਾ ਜ਼ਿਕਰ ਕਿਉਂ ਨਹੀਂ ਸੀ। ਰਾਹੁਲ ਨੇ ਇਕ ਟਵੀਟ ’ਚ ਕਿਹਾ, ‘ਦੇਸ਼ ਹਿੱਤ ਸਰਵਉੱਚ ਹੈ। ਇਸ ਦੀ ਰਾਖੀ ਕਰਨਾ ਭਾਰਤ ਸਰਕਾਰ ਦਾ ਫ਼ਰਜ਼ ਬਣਦਾ ਹੈ। ਚੀਨ ਨੂੰ ਭਾਰਤੀ ਖੇਤਰ ਵਿੱਚ ਬਿਨਾਂ ਹਥਿਆਰਾਂ ਦੇ 20 ਜਵਾਨਾਂ ਦੇ ਕਤਲ ਨੂੰ ਜਾਇਜ਼ ਦੱਸਣ ਦੀ ਇਜਾਜ਼ਤ ਕਿਉਂ ਦਿੱਤੀ ਗਈ?’

ਗਾਂਧੀ ਨੇ ਟਵੀਟ ਦੇ ਨਾਲ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਰਮਿਆਨ ਹੋਈ ਟੈਲੀਫੋਨ ਵਾਰਤਾ ਮਗਰੋਂ ਭਾਰਤ ਤੇ ਚੀਨੀ ਵਿਦੇਸ਼ ਮੰਤਰਾਲਿਆਂ ਵੱਲੋਂ ਜਾਰੀ ਬਿਆਨਾਂ ਨੂੰ ਵੀ ਸਾਂਝਾ ਕੀਤਾ ਹੈ।

ਉਧਰ ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਲੱਦਾਖ ਵਿੱਚ ਚੀਨੀ ਫੌਜਾਂ ਦੇ ਵਾਪਸ ਪਰਤਣ ਤੋਂ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਅਸਲ ਕੰਟਰੋਲ ਰੇਖਾ ’ਤੇ ਭਾਰਤ ਵਾਲੇ ਪਾਸੇ ਚੀਨ ਨੇ ਘੁਸਪੈਠ ਕੀਤੀ ਸੀ। ਚੌਧਰੀ ਨੇ ਜ਼ੋਰ ਦੇ ਕੇ ਆਖਿਆ ਕਿ ਜਦੋਂ ਤਕ ਸਰਹੱਦ ’ਤੇ ਟਕਰਾਅ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਨਹੀਂ ਹੁੰਦੀ, ‘ਸਾਨੂੰ (ਭਾਰਤ ਨੂੰ) ਇਕ ਇੰਚ ਵੀ ਪਿੱਛੇ ਨਹੀਂ ਹਟਣਾ ਚਾਹੀਦਾ।’

Previous articleਯੂਨੀਵਰਸਿਟੀ ਪ੍ਰੀਖਿਆਵਾਂ ਰੱਦ ਨਹੀਂ ਹੋਣਗੀਆਂ
Next articleਮਹਿਲਾ ਪੀਸੀਐੱਸ ਅਧਿਕਾਰੀ ਨੇ ਫਾਹਾ ਲਿਆ