ਵਿਦੇਸ਼ ਤੋਂ ਆਏ 384 ਵਿਅਕਤੀ ਜਗਰਾਓਂ ‘ਚ ਲਾਪਤਾ, ਪੁਲਿਸ ਭਾਲ ‘ਚ ਲੱਗੀ


ਜਗਰਾਓਂ ਦਾ ਪ੍ਰਸ਼ਾਸਨ, ਪੁਲਿਸ ਤੇ ਸਿਹਤ ਵਿਭਾਗ ਜਗਰਾਓਂ ‘ਚ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਆਏ 384 ਪ੍ਰਵਾਸੀ ਪੰਜਾਬੀਆਂ ਦੀ ਭਾਲ ਕਰ ਰਹੀ ਹੈ।…

ਜਗਰਾਓਂ (ਹਰਜਿੰਦਰ ਛਾਬੜਾ): ਜਗਰਾਓਂ ਦਾ ਪ੍ਰਸ਼ਾਸਨ, ਪੁਲਿਸ ਤੇ ਸਿਹਤ ਵਿਭਾਗ ਜਗਰਾਓਂ ‘ਚ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਆਏ 384 ਪ੍ਰਵਾਸੀ ਪੰਜਾਬੀਆਂ ਦੀ ਭਾਲ ਕਰ ਰਹੀ ਹੈ। ਤਿੰਨਾਂ ਵਿਭਾਗਾਂ ਨੂੰ ਹਦਾਇਤਾਂ ਅਨੁਸਾਰ ਖ਼ਤਰਾ ਹੈ ਕਿ ਉਕਤ ਪ੍ਰਵਾਸੀ ਪੰਜਾਬੀਆਂ ‘ਚੋਂ ਕਿਸੇ ਨੂੰ ਕੋਵਿਡ-19 ਨਾ ਹੋਵੇ। ਇਸ ਲਈ ਜਿੱਥੇ ਪੁਲਿਸ ਵਿਭਾਗ ਕਸਰਤ ਕਰ ਰਿਹਾ ਹੈ, ਉਥੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਵਿਚ ਜਦੋਂ ਤੋਂ ਇਸ ਕੋਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋਇਆ ਹੈ, ਤੋਂ ਦੇਸ਼ ਆਏ ਐੱਨਆਰਆਈਜ਼ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਇਹ ਸੂਚੀ ਦੇਸ਼ ਦੇ ਕੌਮਾਂਤਰੀ ਹਵਾਈ ਅੱਡਿਆਂ ਦੇ ਪ੍ਰਸ਼ਾਸਨ ਵੱਲੋਂ ਤਿਆਰ ਕਰ ਕੇ ਸੂਬਾਵਾਈਜ਼ ਭੇਜੀ ਜਾ ਰਹੀ ਹੈ ਜਿਸ ‘ਤੇ ਜਗਰਾਓਂ ਪ੍ਰਸ਼ਾਸਨ ਕੋਲ ਜਗਰਾਓਂ ਹਲਕੇ ‘ਚ 384 ਐੱਨਆਰਆਈਜ਼ ਦੇ ਵੱਖ ਵੱਖ ਦੇਸ਼ਾਂ ‘ਚੋਂ ਆਉਣ ਦੀ ਸੂਚਨਾ ਮਿਲੀ ਹੈ। ਇਹ ਸੂਚੀ ਮਿਲਦੇ ਹੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਭਾਲ ਲਈ ਚੋਣ ਅਮਲੇ ਨੂੰ ਲਗਾ ਦਿੱਤਾ ਗਿਆ ਹੈ।

ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਦੀ ਜੇਰੇ ਨਿਗਰਾਨੀ ਵਿਚ ਦਰਜਨਾਂ ਟੀਮਾਂ ਆਪਣੇ ਆਪਣੇ ਇਲਾਕੇ ਵਿਚ ਰਹਿੰਦੇ ਐੱਨਆਰਆਈਜ਼ ਦੀ ਸੂਚੀ ਅਨੁਸਾਰ ਉਨ੍ਹਾਂ ਦੇ ਘਰ ਦਸਤਕ ਦੇ ਰਹੇ ਹਨ। ਜਿੱਥੇ ਇਹ ਟੀਮ ਉਕਤ ਘਰਾਂ ਦੇ ਬਾਹਰ ਪ੍ਰਸ਼ਾਸਨ ਵੱਲੋਂ ਐੱਨਆਰਆਈਜ਼ ਨੂੰ 14 ਦਿਨ ਘਰਾਂ ‘ਚ ਏਕਾਂਤਵਾਸ ਦੀ ਅਪੀਲ ਕਰ ਰਿਹਾ ਹੈ, ਉਥੇ ਇਸ ਦੇ ਨਾਲ ਹੀ ਉਕਤ ਐੱਨਆਰਆਈਜ਼ ਨੂੰ ਵਾਇਰਸ ਨਾ ਹੋਵੇ, ਦੀ ਪੁਸ਼ਟੀ ਲਈ ਸਿਹਤ ਵਿਭਾਗ ਨੂੰ ਬਣਦੀ ਕਾਰਵਾਈ ਲਈ ਵੀ ਕਿਹਾ ਜਾ ਰਿਹਾ ਹੈ।

ਦੂਜੇ ਪਾਸੇ ਪੁਲਿਸ ਵਿਭਾਗ ਵੀ ਇਨ੍ਹਾਂ ਐੱਨਆਰਆਈਜ਼ ਦੇ ਪਤੇ ਲੱਭਣ ਤੇ ਉਨ੍ਹਾਂ ਨਾਲ ਸੰਪਰਕ ਕਰਕੇ ਅਗਲੀ ਕਾਰਵਾਈ ਲਈ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਰਿਹਾ ਹੈ। ਜਗਰਾਓਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਇਲਾਕੇ ‘ਚ 70 ਐੱਨਆਰਆਈਜ਼ ਦੇ ਆਉਣ ਦੀ ਸੂਚੀ ਮਿਲੀ ਹੈ, ਜਿਨ੍ਹਾਂ ਨਾਲ ਸੰਪਰਕ ਕਰਨ ਲਈ ਟੀਮਾਂ ਕੰਮ ਕਰ ਰਹੀਆਂ ਹਨ। ਐੱਸਡੀਐੱਮ ਡਾ. ਢਿੱਲੋਂ ਨੇ ਕਿਹਾ ਕਿ ਉਕਤ ਐੱਨਆਰਆਈਜ਼ ਨੂੰ ਮਿਲ ਕੇ ਟੀਮਾਂ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਉਨ੍ਹਾ ਨੂੰ 14 ਦਿਨ ਏਕਾਂਤ ਵਾਸ ਦੀ ਅਪੀਲ ਕਰ ਰਹੇ ਹਨ।

Previous article31 ਮਾਰਚ ਤੱਕ ਪ੍ਰਾਪਰਟੀ ਟੈਕਸ ਤੇ ਮਿਲੇਗੀ 10 ਫੀਸਦੀ ਛੋਟ
Next articleਪੰਜਾਬ ‘ਚ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਧਾਰਾ 144 ਲਾਗੂ, ਹੁਣ ਪੰਜ ਤੋਂ ਵੱਧ ਵਿਅਕਤੀ ਨਹੀਂ ਹੋ ਸਕਣਗੇ ਇਕੱਠੇ