ਵਿਗਿਆਨੀਆਂ ਨੇ ਬੈਕਟੀਰੀਆ ਦੀ ਮਦਦ ਨਾਲ ਫਲਾਂ ਤੇ ਦੁੱਧ ਉਤਪਾਦਾਂ ਤੋਂ ਬਣਾਈ ਘੱਟ ਕੈਲੋਰੀ ਵਾਲੀ ਖੰਡ

ਵਿਗਿਆਨੀਆਂ ਨੇ ਬੈਕਟੀਰੀਆ ਦੀ ਮਦਦ ਨਾਲ ਫਲਾਂ ਅਤੇ ਦੁੱਧ ਉਤਪਾਦਾਂ ਤੋਂ ਅਜਿਹੀ ਖੰਡ ਬਣਾਈ ਹੈ ਜਿਸ ਵਿਚ ਸਧਾਰਣ ਖੰਡ ਦੀ ਤੁਲਨਾ ਵਿਚ ਸਿਰਫ਼ 38 ਫ਼ੀਸਦੀ ਕੈਲੋਰੀ ਹੁੰਦੀ ਹੈ। ਇਸ ਖੰਡ ਨੂੰ ਟੈਗਾਟੋਜ਼ ਕਿਹਾ ਜਾਂਦਾ ਹੈ।

ਅਮਰੀਕਾ ਦੀ ਟਫਟਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਹੁਣ ਤਕ ਇਸ ਖੰਡ ਵਿਚ ਕਿਸੇ ਤਰ੍ਹਾਂ ਦਾ ਮਾੜਾ ਪ੍ਰਭਾਵ ਸਾਹਮਣੇ ਨਹੀਂਂ ਆਇਆ ਹੈ।

ਟੈਗਾਟੋਜ਼ ਨੂੰ ਅਮਰੀਕਾ ਦੇ ਖਾਧ ਰੈਗੂਲੇਟਰੀ ਐੱਫਡੀਏ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਕੈਲੋਰੀ ਘੱਟ ਹੋਣ ਦੇ ਇਲਾਵਾ ਸਧਾਰਣ ਖੰਡ (ਸੁਕਰੋਜ਼) ਦੀ ਤੁਲਨਾ ਵਿਚ ਟੈਗਾਟੋਜ਼ ਵਿਚ ਹੋਰ ਵੀ ਕਈ ਖ਼ੂਬੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਖੰਡ ਸ਼ੂਗਰ ਤੋਂ ਪੀੜਤ ਲੋਕਾਂ ਲਈ ਵੀ ਫ਼ਾਇਦੇਮੰਦ ਹੋ ਸਕਦੀ ਹੈ। ਨਾਲ ਹੀ ਸਧਾਰਣ ਖੰਡ ਦੀ ਤੁਲਨਾ ਵਿਚ ਇਸ ਦੀ ਵਰਤੋਂ ਨਾਲ ਦੰਦਾਂ ਵਿਚ ਕੈਵਿਟੀ ਦੀ ਸ਼ੰਕਾ ਵੀ ਨਹੀਂ ਰਹਿੰਦੀ ਹੈ। ਆਮ ਤੌਰ ‘ਤੇ ਟੈਗਾਟੋਜ਼ ਬਣਾਉਣ ਦੀ ਪ੍ਰਕਿਰਿਆ ਕਾਫ਼ੀ ਜਟਿਲ ਹੁੰਦੀ ਹੈ। ਸਧਾਰਣ ਖੰਡ ਦੀ ਤੁਲਨਾ ਵਿਚ ਇਸ ਦਾ ਉਤਪਾਦਨ ਵੀ ਮੁਸ਼ਕਲ ਨਾਲ 30 ਫ਼ੀਸਦੀ ਹੀ ਰਹਿ ਜਾਂਦਾ ਹੈੇ। ਹੁਣ ਟਫਟਸ ਯੂਨੀਵਰਸਿਟੀ ਦੇ ਸਹਾਇਕ ਪ੍ਰਰੋਫੈਸਰ ਨਿਖਿਲ ਨਾਇਰ ਅਤੇ ਉਨ੍ਹਾਂ ਦੇ ਸਹਿਯੋਗੀ ਜੋਸਫ ਬੋਬਰ ਨੇ ਇਕ ਬੈਕਟੀਰੀਆ ਦੀ ਮਦਦ ਨਾਲ ਇਸ ਖੰਡ ਨੂੰ ਬਣਾਉਣ ਦਾ ਨਵਾਂ ਤਰੀਕਾ ਈਜਾਦ ਕੀਤਾ ਹੈ। ਇਸ ਪ੍ਰਕਿਰਿਆ ਵਿਚ ਬੈਕਟੀਰੀਆ ਸੂਖਮ ਬਾਇਓਰਿਐਕਟਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਸਧਾਰਣ ਖੰਡ ਦੀ ਤੁਲਨਾ ਵਿਚ 85 ਫ਼ੀਸਦੀ ਤਕ ਟੈਗਾਟੋਜ਼ ਬਣਾਉਣਾ ਸੰਭਵ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਅਜੇ ਇਹ ਪ੍ਰਕਿਰਿਆ ਪ੍ਰਯੋਗਸ਼ਾਲਾ ਤਕ ਹੀ ਸੀਮਤ ਹੈ ਪ੍ਰੰਤੂ ਜੇ ਇਸ ਨੂੰ ਵਪਾਰਕ ਤੌਰ ‘ਤੇ ਅਪਣਾਉਣ ਵਿਚ ਸਫ਼ਲਤਾ ਮਿਲੀ ਤਾਂ ਇਹ ਕਈ ਮਾਮਲਿਆਂ ਵਿਚ ਫ਼ਾਇਦੇਮੰਦ ਹੋ ਸਕਦੀ ਹੈ।

Previous articleਸੁਪਰੀਮ ਕੋਰਟ ਨੇ ਗੁਰੂ ਰਵਿਦਾਸ ਮੰਦਰ ਲਈ ਸਥਾਈ ਢਾਂਚਾ ਨਿਰਮਾਣ ਦੀ ਇਜਾਜ਼ਤ ਦਿੱਤੀ
Next articleਤਿੰਨ ਮਹੀਨੇ ‘ਚ ਦੁਬਾਰਾ ਚੋਣ ਕਰਵਾਉਣ ਇਮਰਾਨ : ਫਜ਼ਲੁਰ