ਵਿਖੰਡਣ

ਅਮਰਜੀਤ ਸਿੰਘ ਅਮਨੀਤ  
(ਸਮਾਜ ਵੀਕਲੀ)
ਤਖ਼ਤਾਂ ਵਾਲਿਓ! ਤਾਜਾਂ ਵਾਲਿਓ !
ਬਹੁਤ ਕੁਝ ਹੈ ਤੁਹਾਡੇ ਕੋਲ
ਤੇ ਕਰ ਰਹੇ ਹੋ ਬਹੁਤ ਕੁਝ
ਤੁਹਾਡੇ ਕੋਲ ਡੰਡਾ ਹੈ
ਸੱਟ ਨਾਲ ਡੇਗੀ ਜਾ ਰਹੇ ਹੋ
ਤੁਹਾਡੇ ਨਾਲ ਨਾਲ ਤੁਰ ਰਹੀ ਹੈ ਤਾਕਤ
ਵੱਡੇ ਵੱਡੇ ਬੂਟ ਪਾਈ
ਲਤਾੜਦੀ ਜਾ ਰਹੀ ਹੈ
ਡਿੱਗਿਆ ਹੋਇਆਂ ਨੂੰ
ਟੁੱਟ ਰਹੇ ਨੇ ਲੋਕ
ਟੁਕੜਿਆਂ ਚ ਟੁੱਟ ਰਹੇ ਨੇ
ਮਹੀਨ ਹੋ ਰਹੇ ਨੇ
ਤੇ ਤੁਹਾਡਾ ਦਬਾਅ
ਭੂਤਰਿਆ ਹੀ ਜਾ ਰਿਹਾ ਹੈ
ਅਣੂਆਂ ਚ ਤੋਡ਼ ਦਿੱਤਾ ਹੈ ਤੁਸੀਂ
ਇੱਕ ਵਾਰ ਟੁੱਟੇ ਹੋਏ ਨੂੰ
ਹੋਰ ਤੋੜ ਰਹੇ ਹੋ
ਤੁਸੀਂ ਤਾਂ ਅਣੂਆਂ ਨੂੰ ਵੀ
ਪ੍ਰਮਾਣੂਆਂ ਤੱਕ ਤੋੜ ਸੁੱਟਿਆ ਹੈ
ਤੇ ਤੁਸੀਂ ਸੋਚਦੇ ਹੋ
ਬਿਲਕੁਲ ਕਮਜ਼ੋਰ ਕਰ ਲਿਆ ਹੈ ਇਨ੍ਹਾਂ ਨੂੰ
ਹੁਣ ਪਰ
ਠਹਿਰ ਜਾਓ
ਰੁਕ ਜਾਓ ਤੁਸੀਂ
ਅੱਗੇ ਨਾ ਤੋੜਨਾ ਕਿਸੇ ਨੂੰ
ਪਰਮਾਣੂਆਂ ਦਾ ਟੁੱਟ ਜਾਣਾ
ਤੇ ਜਾਂ ਸਬਰਾਂ ਦਾ ਟੁੱਟ ਜਾਣਾ ਕੀ ਹੁੰਦਾ ਹੈ
ਪ੍ਰਮਾਣੂਆਂ ਚ ਕਿਹੜੀ ਤਪਸ਼ ਹੁੰਦੀ ਹੈ
ਤੋੜਨ ਤੋਂ ਪਹਿਲਾਂ
ਪੜ੍ਹ ਲੈਣਾ ਇਤਿਹਾਸ
ਪਰਮਾਣੂ ਧਮਾਕਿਆਂ ਦਾ
ਜਾਂ ਲੋਕਾਂ ਦੇ ਟੁੱਟੇ ਸਬਰਾਂ ਦਾ
ਪਰ ਤੁਸੀਂ ਬਹੁਤ ਚਲਾਕ ਹੋ
ਬਹੁਤ ਜ਼ਿਆਦਾ
ਤੁਸੀਂ ਤਾਂ ਅਲੱਗ ਅਲੱਗ
ਕਰ ਰੱਖਿਆ ਹੈ ਪਰਮਾਣੂਆਂ ਨੂੰ
ਕਈ ਧੜਿਆਂ ਦੀਆਂ ਛੜਾਂ ਬਣਾ ਲਈਆਂ ਨੇ
ਤੇ ਆਪਣੀ ਬੁੱਧੀਜੀਵਤਾ ਦੇ
ਹੈਵੀ ਵਾਟਰ ਨਾਲ
ਵਰਤ ਰਹੇ ਹੋ
ਆਪਣੇ ਸੁਆਰਥਾਂ ਦੀਆਂ
ਪਰਮਾਣੂ ਭੱਠੀਆਂ ਵਿਚ
ਇਨ੍ਹਾਂ ਪ੍ਰਮਾਣੂਆਂ ਦੀ ਤਪਸ਼ ਹੌਲੀ ਹੌਲੀ
ਪਰ ਅਸਲ ਵਿੱਚ
ਤੁਹਾਡੀ ਹੈਸੀਅਤ ਹੈ ਇੰਨੀ
ਕਿ ਬਲ ਚੁੱਕੇ ਪਰਮਾਣੂਆਂ ਦੀ ਰਾਖ ਦਾ ਵੀ
ਸਾਹਮਣਾ ਕਰਨ ਦਾ ਹੌਸਲਾ ਨਹੀਂ ਕਰਦੇ ਤੁਸੀਂ
ਤੇ  ਛਪਾਉਂਦੇ ਫਿਰਦੇ ਹੋ
ਸਮੁੰਦਰ ਦੀਆਂ ਡੂੰਘਾਈਆਂ ਵਿੱਚ
ਤੇ ਤੁਸੀਂ ਅਜੇ ਚਿਤਵਿਆ ਨਹੀਂ
ਸਮੁੰਦਰਾਂ ਦੇ ਖੌਲ਼ ਉੱਠਣ ਨੂੰ
ਜਿਹੜਾ ਬੜਾ ਭਿਆਨਕ ਹੁੰਦਾ ਹੈ
ਅਮਰਜੀਤ ਸਿੰਘ ਅਮਨੀਤ  
8872266066
Previous articleਮਾਲਿਕ ਤੋਂ ਭਿਖਾਰੀ
Next articleਪੁਸਤਕ ਫੁੱਲਾਂ ਦੀ ਫ਼ਸਲ ਨੇ ਜਿੱਤਿਆ ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ